ਨਸ਼ੀਲੀਆਂ ਗੋਲੀਆਂ ਸਮੇਤ ਮੋਟਰਸਾਈਕਲ ਸਵਾਰ ਭੈਣ ਭਰਾ ਕਾਬੂ
ਦੀਪਕ ਜੈਨ
ਜਗਰਾਉਂ, 18 ਨਵੰਬਰ: ਨਸ਼ਾ ਤਸਕਰੀ ਵਿਰੁੱਧ ਜਾਰੀ ਮੁਹਿੰਮ ਤਹਿਤ ਜਗਰਾਉਂ ਪੁਲਿਸ ਨੇ ਇੱਕ ਵੱਡੀ ਕਾਰਵਾਈ ਕਰਦਿਆਂ ਇੱਕ ਭੈਣ-ਭਰਾ ਨੂੰ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਹ ਗ੍ਰਿਫ਼ਤਾਰੀ ਥਾਣਾ ਸਿਟੀ ਜਗਰਾਉਂ ਅਧੀਨ ਆਉਂਦੀ ਬੱਸ ਸਟੈਂਡ ਚੌਕੀ ਦੀ ਪੁਲਿਸ ਟੀਮ ਵੱਲੋਂ ਕੀਤੀ ਗਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸਰਬਜੀਤ ਸਿੰਘ ਉਰਫ਼ ਗੱਗੂ ਅਤੇ ਉਸਦੀ ਭੈਣ ਸੰਦੀਪ ਕੌਰ ਉਰਫ਼ ਸੀਪੇ ਵਾਸੀ ਪਿੰਡ ਕੋਠੇ ਬੱਗੂ, ਜਗਰਾਉਂ ਵਜੋਂ ਹੋਈ ਹੈ। ਬੱਸ ਸਟੈਂਡ ਚੌਕੀ ਦੇ ਇੰਚਾਰਜ ਏ.ਐੱਸ.ਆਈ. ਸੁਖਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਨੰਬਰ PB-10-CJ-8346 'ਤੇ ਸਵਾਰ ਉਕਤ ਭੈਣ-ਭਰਾ ਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਗਿਆ। ਤਲਾਸ਼ੀ ਲੈਣ 'ਤੇ ਉਨ੍ਹਾਂ ਕੋਲੋਂ ਕੁੱਲ 20 ਨਸ਼ੀਲੀਆਂ ਗੋਲੀਆਂ (ਟ੍ਰਾਮਾਡੋਲ ਹਾਈਡ੍ਰੋਕਲੋਰਾਈਡ) ਬਰਾਮਦ ਹੋਈਆਂ। ਏ.ਐੱਸ.ਆਈ. ਦਿਓਲ ਨੇ ਇਹ ਵੀ ਦੱਸਿਆ ਕਿ ਗੋਲੀਆਂ ਦੇ ਪੱਤਿਆਂ ਉੱਪਰੋਂ ਬੈਚ ਨੰਬਰ, ਮੈਨੂਫੈਕਚਰਿੰਗ ਅਤੇ ਐਕਸਪਾਇਰੀ ਮਿਤੀ ਨੂੰ ਮਿਟਾਇਆ ਹੋਇਆ ਸੀ, ਜੋ ਕਿ ਇਨ੍ਹਾਂ ਦੀ ਗੈਰ-ਕਾਨੂੰਨੀ ਵਿਕਰੀ ਵੱਲ ਇਸ਼ਾਰਾ ਕਰਦਾ ਹੈ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਜਗਰਾਉਂ ਵਿਖੇ ਮੁਕੱਦਮਾ ਨੰਬਰ 258 ਤਹਿਤ ਐਨ.ਡੀ.ਪੀ.ਐਸ. ਐਕਟ ਦੀਆਂ ਧਾਰਾਵਾਂ 22, 25-61-85 ਤਹਿਤ ਕੇਸ ਦਰਜ ਕਰ ਲਿਆ ਹੈ। ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਏ.ਐੱਸ.ਆਈ. ਦਿਓਲ ਅਨੁਸਾਰ, ਮੁਲਜ਼ਮਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿਸ ਤੋਂ ਇਸ ਨਸ਼ਾ ਤਸਕਰੀ ਰੈਕੇਟ ਬਾਰੇ ਹੋਰ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।