SAD ਵਰਕਰਾਂ ਖਿਲਾਫ FIR/ ਗ੍ਰਿਫਤਾਰੀਆਂ ਕਰਨ ਦੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਕੀਤੀ ਸ਼ਿਕਾਇਤ, ਨਿਰਪੱਖ ਜਾਂਚ ਮੰਗੀ
ਚੋਣ ਕਮਿਸ਼ਨ ’ਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਵਾਸਤੇ ਆਪ ਸਰਕਾਰ ਤੇ ਦੋਸ਼ੀ ਅਫਸਰਾਂ ਖਿਲਾਫ ਕਾਰਵਾਈ ਜ਼ਰੂਰੀ: ਡਾ. ਚੀਮਾ
ਚੰਡੀਗੜ੍ਹ, 17 ਨਵੰਬਰ 2025: ਸ਼੍ਰੋਮਣੀ ਅਕਾਲੀ ਦਲ ਨੇ ਤਰਨ ਤਾਰਨ ਹਲਕੇ ਵਿਚ ਸਿਆਸੀ ਬਦਲਾਖੋਰੀ ਨਾਲ ਅਕਾਲੀ ਵਰਕਰਾਂ ਖਿਲਾਫ ਝੂਠੀਆਂ ਐਫ ਆਈ ਆਰ ਦਰਜ ਕਰ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਭਾਰਤੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰ ਕੇ ਮਾਮਲੇ ਦੀ ਨਿਰਪੱਖ ਜਾਂਚ ਮੰਗੀ ਹੈ।
ਚੋਣ ਕਮਿਸ਼ਨ ਨੂੰ ਕੀਤੀ ਲਿਖਤੀ ਸ਼ਿਕਾਇਤ ਵਿਚ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਆਪ ਸਰਕਾਰ ਨੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ। ਅਕਾਲੀ ਦਲ ਨੇ ਚੋਣ ਕਮਿਸ਼ਨ ਅਤੇ ਇਸਦੇ ਆਬਜ਼ਰਵਰਾਂ ਨੂੰ ਇਸ ਬਾਰੇ ਕਈ ਸ਼ਿਕਾਇਤਾਂ ਕੀਤੀਆਂ ਹਨ। ਉਹਨਾਂ ਕਿਹਾ ਕਿ ਅਕਾਲੀ ਦਲ ਚੋਣ ਕਮਿਸ਼ਨ ਦਾ ਧੰਨਵਾਦੀ ਹੈ ਜਿਸਨੇ ਦੋ ਡੀ ਐਸ ਪੀ ਤੇ ਇਕ ਐਸ ਐਚ ਓ ਬਦਲ ਦਿੱਤੇ ਤੇ ਤਰਨ ਤਾਰਨ ਦੀ ਐਸ ਐਸ ਪੀ ਨੂੰ ਮੁਅੱਤਲ ਕਰ ਦਿੱਤਾ। ਉਹਨਾਂ ਕਿਹਾ ਕਿ ਕਮਿਸ਼ਨ ਦੀ ਇਸ ਕਾਰਵਾਈ ਦੇ ਬਾਵਜੂਦ ਰਾਜ ਸਰਕਾਰ ਨੇ ਅਕਾਲੀ ਵਰਕਰਾਂ ਨੂੰ ਤੰਗ ਪ੍ਰੇਸ਼ਾਨ ਕਰਨਾ ਜਾਰੀ ਰੱਖਿਆ ਹੈ। ਪਾਰਟੀ ਨਾਲ ਸਬੰਧਤ ਸਰਪੰਚਾਂ, ਮਿਉਂਸਪਲ ਕੌਂਸਲਰਾਂ, ਸਾਬਕਾ ਕੌਂਸਲਰਾਂ ਤੇ ਵਪਾਰੀਆਂ ਨੂੰ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਦੇ ਹੱਕ ਵਿਚ ਨਿਤਰਣ ਜਾਂ ਫਿਰ ਨਤੀਜੇ ਭੁਗਤਣ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਉਹਨਾਂ ਕਿਹਾ ਕਿ ਵੋਟਾਂ ਵਾਲੇ ਦਿਨ ਅਨੇਕਾਂ ਅਕਾਲੀ ਆਗੂਆਂ ਨੂੰ ਪੁਲਿਸ ਥਾਣਿਆਂ ਵਿਚ ਲਿਜਾਇਆ ਗਿਆ ਤੇ ਕਈ ਹੋਰਾਂ ਦੇ ਘਰਾਂ ’ਤੇ ਛਾਪੇਮਾਰੀ ਕਰ ਕੇ ਉਹਨਾਂ ਦੇ ਪਰਿਵਾਰਾਂ ਨੂੰ ਜ਼ਲੀਲ ਕੀਤਾ ਗਿਆ। ਇਹਨਾਂ ਘਟਨਾਵਾਂ ਦੀ ਜਾਣਕਾਰੀ ਜ਼ੁਬਾਨੀ ਤੌਰ ’ਤੇ ਐਸ ਐਸ ਪੀ, ਆਰ ਓ ਤੇ ਮੁੱਖ ਚੋਣ ਅਫਸਰ ਪੰਜਾਬ ਨੂੰ ਦਿੱਤੀ ਗਈ।
ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਸੀਨੀਅਰ ਪੁਲਿਸ ਅਫਸਰ ਤਬਦੀਲ ਤੇ ਮੁਅੱਤਲ ਕਰਨ ਦੇ ਬਾਅਦ ਸੱਤਾਧਾਰੀ ਨੇ ਇਸਨੂੰ ਇਕ ਚੁਣੌਤੀ ਵਜੋਂ ਲਿਆ ਅਤੇ ਉਸਦਾ ਦਬਾਅ ਨਾ ਮੰਨਣ ਵਾਲੇ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਗਿਆ। ਉਹਨਾਂ ਹੋਰ ਦੱਸਿਆ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਅਕਾਲੀ ਆਗੂਆਂ ਖਿਲਾਫ ਝੂਠੀਆਂ ਐਫ ਆਈ ਆਰ ਦਰਜ ਕੀਤੀਆਂ ਗਈਆਂ ਤੇ ਆਗੂ ਗ੍ਰਿਫਤਾਰ ਕੀਤੇ ਗਏ। ਉਹਨਾਂ ਦੱਸਿਆ ਕਿ ਅਜਿਹੀ ਹੀ ਇਕ ਐਫ ਆਈ ਆਰ ਨੰਬਰ 0261 ਮਿਤੀ 15.11.2025 ਨੂੰ ਤਰਨ ਤਾਰਨ ਸਿਟੀ ਪੁਲਿਸ ਥਾਣੇ ਵਿਚ ਬੀ ਐਨ ਐਸ ਦੀਆਂ ਅਨੇਕਾਂ ਧਾਰਾਵਾਂ ਤਹਿਤ ਦਰਜ ਕੀਤੀਆਂ ਗਈਆਂ।
ਡਾ. ਚੀਮਾ ਨੇ ਦੱਸਿਆ ਕਿ ਅਕਾਲੀ ਦਲ ਨੇ ਪਹਿਲਾਂ 6 ਨਵੰਬਰ 2025 ਨੂੰ ਸਬੂਤਾਂ ਸਮੇਤ ਪੁਲਿਸ ਅਫਸਰਾਂ ਖਿਲਾਫ ਲਿਖਤੀ ਸ਼ਿਕਾਇਤ ਦਿੱਤੀ ਸੀ ਕਿ ਇਹ ਅਫਸਰ ਸਾਡੇ ਪਾਰਟੀ ਉਮੀਦਵਾਰ ਦੀ ਬੇਟੀ ਦਾ ਇਕ ਪ੍ਰਾਈਵੇਟ ਕਾਰ ਵਿਚ ਪਿੱਛਾ ਕਰ ਰਹੇ ਸਨ ਜਿਸਦੀ ਨੰਬਰ ਪਲੇਟ ਵੀ ਜਾਅਲੀ ਸੀ ਪਰ ਪੁਲਿਸ ਨੇ ਸ਼ਿਕਾਇਤ ’ਤੇ ਕਾਰਵਾਈ ਕਰਨ ਦੀ ਥਾਂ ਉਲਟਾ ਸ਼ਿਕਾਇਤ ਕਰਤਾਵਾਂ ਖਿਲਾਫ ਹੀ ਐਫ ਆਈ ਆਰ ਦਰਜ ਕਰ ਦਿੱਤੀ ਅਤੇ ਨਛੱਤਰ ਸਿੰਘ ਵਰਗੇ ਆਗੂ ਗ੍ਰਿਫਤਾਰ ਕਰ ਲਏ ਗਏ। ਉਹਨਾਂ ਕਿਹਾ ਕਿ ਐਫ ਆਈ ਆਰ ਨੰਬਰ 0261 ਮਿਤੀ 15 ਨਵੰਬਰ 2025 ਨੂੰ ਦਰਜ ਕੀਤੀ ਗਈ ਜਦੋਂ ਕਿ ਤਰਨ ਤਾਰਨ 21 ਹਲਕੇ ਵਿਚ ਚੋਣ ਪ੍ਰਕਿਰਿਆ ਪੂਰੀ ਕਰਨ ਵਾਸਤੇ ਚੋਣ ਜ਼ਾਬਤਾ 16 ਨਵੰਬਰ 2025 ਤੱਕ ਲੱਗਾ ਹੋਇਆ ਸੀ। ਇਸ ਲਈ ਚੋਣ ਜ਼ਾਬਤੇ ਦੀ ਉਲੰਘਣਾ ਕੀਤੀ ਗਈ।
ਉਹਨਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਚੋਣ ਕਮਿਸ਼ਨ ਚੋਣ ਆਬਜ਼ਰਵਰ ਰਾਹੀਂ ਨਤੀਜਿਆਂ ਤੋਂ ਬਾਅਦ ਦਰਜ ਹੋਈਆਂ ਐਫ ਆਈ ਆਰ ਦੀ ਨਿਰਪੱਖ ਜਾਂਚ ਦੇ ਹੁਕਮ ਦੇਵੇ। ਉਹਨਾਂ ਕਿਹਾ ਕਿ ਚੋਣ ਕਮਿਸ਼ਨ ਵਿਚ ਲੋਕ ਵਿਸ਼ਵਾਸ ਦੀ ਬਹਾਲੀ ਵਾਸਤੇ ਸਖ਼ਤ ਕਾਰਵਾਈ ਜ਼ਰੂਰੀ ਹੈ ਨਹੀਂ ਤਾਂ ਇਸਦੀ ਗਲਤ ਪਿਰਤ ਪੈ ਜਾਵੇਗੀ।
ਅਕਾਲੀ ਆਗੂ ਨੇ ਕਿਹਾ ਕਿ ਇਹਨਾਂ ਗੈਰ ਕਾਨੂੰਨੀ ਕਾਰਵਾਈਆਂ ਰਾਹੀਂ ਰਾਜ ਸਰਕਾਰ ਲੋਕਾਂ ਨੂੰ ਡਰਾਉਣਾ ਚਾਹੁੰਦੀ ਹੈ ਤੇ ਇਹ ਪ੍ਰਭਾਵ ਦੇਣਾ ਚਾਹੁੰਦੀ ਹੈ ਕਿ ਜਦੋਂ ਵੋਟਾਂ ਪੈ ਜਾਂਦੀਆਂ ਹਨ ਤਾਂ ਚੋਣ ਕਮਿਸ਼ਨ ਦੀ ਅਥਾਰਟੀ ਖ਼ਤਮ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਮੁੜ ਦੁਹਰਾਉਂਦਾ ਹੈ ਕਿ ਸ਼ੱਕੀ ਵਾਹਨ ਦੇ ਮਾਮਲੇ ਵਿਚ ਇਸਦੀ ਸ਼ਿਕਾਇਤ ਬਿਲਕੁਲ ਜਾਇਜ਼ ਸੀ ਪਰ ਉਸਨੂੰ ਅਣਡਿੱਠ ਕੀਤਾ ਗਿਆ ਤੇ ਚੋਣ ਪੂਰੀ ਹੋਣ ’ਤੇ ਸ਼ਿਕਾਇਤ ਕਰਤਾਵਾਂ ਨੂੰ ਹੀ ਮੁਜ਼ਰਮ ਬਣਾ ਦਿੱਤਾ ਗਿਆ ਤੇ ਕਾਨੂੰਨੀ ਪ੍ਰਣਾਲੀ ਦਾ ਮਖੌਡ ਉਡਾਇਆ ਗਿਆ।
ਡਾ. ਚੀਮਾ ਨੇ ਕਿਹਾ ਕਿ ਪਾਰਟੀ ਮੰਗ ਕਰਦੀ ਹੈ ਕਿ ਸਾਰੀਆਂ ਐਫ ਆਈ ਆਰਜ਼ ਦੀ ਉਚ ਪੱਧਰੀ ਨਿਰਪੱਖ ਜਾਂਚ ਹੋਵੇ ਅਤੇ ਰਾਜ ਸਰਕਾਰ, ਆਮ ਆਦਮੀ ਪਾਰਟੀ ਤੇ ਦੋਸ਼ੀ ਅਫਸਰਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਚੋਣ ਕਮਿਸ਼ਨ ਦੀ ਅਥਾਰਟੀ ਵਿਚ ਲੋਕਾਂ ਵਿਸ਼ਵਾਸ ਬਹਾਲ ਹੋ ਸਕੇ।