Babushahi Special : ਨਸ਼ਿਆਂ ਦੀ ਤਲਬ ਮਿਟਾਉਣ ਲਈ ਕਾਕਿਆਂ ਨੇ ਮਹਾਰਾਣੀ ਬਣਾਈ ‘ਮੈਜਿਕ ਫਿਕਸ ਤੇ ਇੰਕ ਰਿਮੂਵਰ’
ਅਸ਼ੋਕ ਵਰਮਾ
ਬਠਿੰਡਾ, 6 ਨਵੰਬਰ 2025: ਪੰਜਾਬ ਭਰ ’ਚ ਚਿੱਟੇ ਵਰਗੇ ਭਿਆਨਕ ਨਸ਼ਿਆਂ ਵੱਲੋਂ ਬੋਲੇ ਹੱਲੇ ਦੌਰਾਨ ਸਾਹਮਣੇ ਆਏ ਮਨੁੱਖਤਾ ਨੂੰ ਹਲੂਣ ਦੇਣ ਵਾਲੇ ਤੱਥਾਂ ਮੁਤਾਬਕ ਮੁੰਡਿਆਂ ਨੇ ਕੋਈ ਹੋਰ ਨਸ਼ਾ ਨਾਂ ਮਿਲਣ ਦੀ ਸੂਰਤ ’ਚ ਨਸ਼ਿਆਂ ਦੀ ਪੂਰਤੀ ਖਾਤਰ ਹੁਣ ਰਬੜ ਤੇ ਪਲਾਸਟਿਕ ਦੀਆਂ ਟੂੱਟੀਆਂ ਚੀਜ਼ਾਂ ਨੂੰ ਜੋੜਨ ਵਾਲੀ ‘ ਮੈਜਿਕ ਫਿਕਸ ਅਤੇ ਇੰਕ ਰਿਮੂਵਰ’ (ਅੱਖਰ ਮਿਟਾਉਣ ਵਾਲੇ ਫਲਿਊਡ ) ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਹਰਿਆਣਾ ਦੀ ਸੀਮਾ ਨਾਲ ਲੱਗਦਾ ਇਲਾਕਾ ਜਿਆਦਾ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ ਜਿੱਥੇ ਨਵੇਂ ਪੋਚ ਤੇ ਇਸ ਨਿਵੇਕਲੇ ਨਸ਼ੇ ਨੇ ਹੱਲਾ ਬੋਲਿਆ ਹੋਇਆ ਹੈ। ਚਿੱਟੇ ਸਮੇਤ ਹੋਰ ਨਸ਼ਿਆਂ ਦੀ ਕੀਮਤ ਬੇਹੱਦ ਜਿਆਦਾ ਹੋਣ ਕਰਕੇ ਅੱਲ੍ਹੜ ਉਮਰ ਦੇ ਨੌਜਵਾਨਾਂ ’ਚ ਇਹ ਨਵਾਂ ਰੁਝਾਨ ਬਣਿਆ ਹੈ। ਸੂਤਰ ਦੱਸਦੇ ਹਨ ਅਜਿਹੀਆਂ ਨਸ਼ੀਲੀਆਂ ਅਤੇ ਮਾਰੂ ਵਸਤਾਂ ਦੇ ਫੈਲਾਅ ਲਈ ਇੰਨ੍ਹਾਂ ਦਾ ਅਸਾਨੀ ਨਾਲ ਉਪਲਬਧ ਹੋਣਾ ਹੈ।
ਹੈਰਾਨੀ ਵਾਲੀ ਗੱਲ ਹੈ ਕਿ ਇੰਨ੍ਹਾਂ ਨੂੰ ਵਰਤਣ ਵਾਲਿਆਂ ’ਚ ਕੁੜੀਆਂ ਮੁੰਡੇ ਦੋਵੇਂ ਸ਼ਾਮਲ ਹਨ ਜੋ ਸਟੇਸ਼ਨਰੀ ਦੀਆਂ ਦੁਕਾਨਾਂ ਤੋਂ ਸਿਆਹੀ ਮਿਟਾਉਣ ਵਾਲੇ ਚਿੱਟੇ ਪਦਾਰਥ ਨੂੰ ਨਸ਼ੇ ਦੇ ਰੂਪ ’ਚ ਵਰਤਦੇ ਹਨ। ਅਹਿਮ ਸੂਤਰਾਂ ਦੀ ਮੰਨੀਏ ਤਾਂ ਏਦਾਂ ਦੀਆਂ ਵਸਤਾਂ ਜਿਆਦਾਤਰ ਹਰਿਆਣੇ ਤੋਂ ਆ ਰਹੀਆਂ ਹਨ। ਜਾਣਕਾਰੀ ਅਨੁਸਾਰ ਮੁੰਡਿਆਂ ਲਈ ਹਰਿਆਣਾ ਦੇ ਸ਼ਹਿਰਾਂ ਵਿੱਚੋਂ ਅਜਿਹੀਆਂ ਵਸਤਾਂ ਲਿਆਉਣ ਦਾ ਸਭ ਤੋਂ ਸੌਖਾ ਰਸਤਾ ਰੇਲ ਮਾਰਗ ਹੈ। ਪਤਾ ਲੱਗਿਆ ਹੈ ਕਿ ਮੁੰਡੇ ਟੋਲੀ ਦੇ ਰੂਪ ’ਚ ਰੇਲ ਗੱਡੀ ਰਾਹੀਂ ਇਹ ਸਮਾਨ ਲੈ ਆਉਂਦੇ ਹਨ। ਬਸਤੇ ਕੋਲ ਹੋਣ ਕਰਕੇ ਮੁੰਡਿਆਂ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਹੈ। ਨਸ਼ਿਆਂ ਨੂੰ ਜੜੋਂ ਖਤਮ ਕਰਨ ਦੇ ਦਾਅਵਿਆਂ ਨਾਲ ਸੱਤਾ ’ਚ ਆਈ ਆਮ ਆਦਮੀ ਪਾਰਟੀ ਲਈ ਇਹ ਵੱਡੀ ਚੁਣੌਤੀ ਹੈ। ਉਹ ਵੀ ਉਸ ਵਕਤ ਜਦੋਂ ਅੱਲ੍ਹੜ ਉਮਰ ਦੇ ਮੁੰਡੇ ਕੁੜੀਆਂ ਨੇ ਇਹ ਵੱਖਰਾ ਰਸਤਾ ਅਖਤਿਆਰ ਕੀਤਾ ਹੈ।
ਭਾਵੇਂ ਪਿਛਲੇ 15 ਸਾਲਾਂ ਦੌਰਾਨ ਆਏ ਕੁੱਝ ਸਰਵੇਖਣਾ ’ਚ ਸਕੂਲੀ ਬੱਚਿਆਂ ਦੇ ਨਸ਼ਿਆਂ ’ਚ ਗਰਕੇ ਹੋਣ ਦੀ ਪੁਸ਼ਟੀ ਕੀਤੀ ਹੈ ਪਰ ਤਾਜਾ ਤੱਥ ਸਮਾਜ ਨੂੰ ਫਿਕਰਮੰਦ ਕਰਨ ਵਾਲੇ ਹਨ ਕਿ ਆਖਰ ਇਹ ਨਵਾਂ ਪੋਚ ਕਿੱਧਰ ਨੂੰ ਤੁਰ ਪਿਆ ਹੈ। ਸੂਤਰਾਂ ਅਨੁਸਾਰ ਸਰਹੱਦੀ ਖਿੱਤੇ ’ਚ ਛੋਟਾ ਬੱਚਾ ਅੱਖਰ ਮਿਟਾਉਣ ਵਾਲੇ ਫਲਿਊਡ ਸੁੰਘਣ ਦੀ ਆਦਤ ਦਾ ਸ਼ਿਕਾਰ ਹੈ ਜਦੋਂ ਕਿ 12 ਸਾਲ ਦਾ ਵਿਦਿਆਰਥੀ ਵੀ ਚਾਟ ਤੇ ਲੱਗਿਆ ਹੋਇਆ ਹੈ। ਇੱਕ ਮੁੰਡੇ ਨੇ ਦੱਸਿਆ ਕਿ ਉਹ ਰੋਜਾਨਾ ਚਾਰ ਸ਼ੀਸ਼ੀਆਂ ਪੀ ਲੈਂਦਾ ਸੀ ਪਰ ਮਹਿੰਗੀਆਂ ਹੋਣ ਕਾਰਨ ਹੁਣ ਮੈਜਿਕ ਫਿਕਸ ਵਰਤਣ ਲੱਗਿਆ ਹੈ। ਉਸ ਨੇ ਪਹਿਲੀ ਵਾਰ ਮੰਗ ਕੇ ਗੁਟਖੇ ਦਾ ਸੁਆਦ ਚੱਖਿਆ ਸੀ। ਹੌਲੀ-ਹੌਲੀ ਜਰਦਾ, ਬੀੜੀ, ਸਿਗਰਟ ਤੋਂ ਹੁੰਦਾ ਹੋਇਆ ਇੱਥੇ ਪੁੱਜ ਗਿਆ ਹੈ । ਉਸਨੇ ਦੱਸਿਆ ਕਿ ਇਹ ਸਸਤਾ ਤੇ ਅਸਾਨੀ ਨਾਲ ਮਿਲਦਾ ਹੈ ਅਤੇ ਪੁਲਿਸ ਦਾ ਵੀ ਡਰ ਨਹੀਂ ਹੈ।
ਕਈ ਸ਼ਹਿਰਾਂ ’ਚ ਤਾਂ ਸਥਿਤੀ ਇਹ ਹੈ ਕਿ ਪੁਲਿਸ ਦੇ ਚੱਕਰ ਵਿੱਚ ਫਸਣ ਦੇ ਡਰੋਂ ਬਹੁਤੇ ਦੁਕਾਨਦਾਰਾਂ ਨੇ ਤਾਂ ਫਲਿਊਡ ਵਗੈਰਾ ਵੇਚਣਾ ਹੀ ਬੰਦ ਕੀਤਾ ਹੋਇਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਕਾਫੀ ਸਮਾਂ ਪਹਿਲਾਂ ਇੰਕ ਰਿਮੂਵਰ ਦੀ ਵਿੱਕਰੀ ਅਚਾਨਕ ਵਧਣ ਤੇ ਹੈਰਾਨ ਹੋਇਆ ਸੀ । ਜਦੋਂ ਪਤਾ ਲੱਗਾ ਕਿ ਇਸ ਨੂੰ ਮੁੰਡੇ ਨਸ਼ੇ ਵਜੋਂ ਵਰਤਦੇ ਹਨ ਤਾਂ ਉਨ੍ਹਾਂ ਵਿੱਕਰੀ ਹੀ ਬੰਦ ਕਰ ਦਿੱਤੀ। ਜਿਕਰਯੋਗ ਹੈ ਕਿ ਪਹਿਲਾਂ ਅਜਿਹੇ ਨਸ਼ਾ ਕਰਨ ਵਾਲਿਆਂ ਦੀ ਉਮਰ 18 ਤੋਂ 25 ਸਾਲ ਤੱਕ ਸੀ ਪਰ ਹੁਣ ਤਾਂ ਘੱਟ ਉਮਰ ਵਾਲੇ ਵੀ ਇਸ ਦੇ ਆਦੀ ਹਨ। ਰਾਮਪੁਰਾ ਨੇੜਲੇ ਪਿੰਡ ਦੇ ਇੱਕ ਮੁੰਡੇ ਦੀ ਕਹਾਣੀ ਰੌਂਗਟੇ ਖੜੇ ਕਰਨ ਵਾਲੀ ਹੈ । ਉਹ ਵਧੇਰੇ ਸਮਰੱਥਾ ਨਾਲ ਕੰਮ ਕਰਨ ਲਈ ਅਫੀਮ ਖਾਣ ਲੱਗ ਪਿਆ ਅਤੇ ਮਗਰੋਂ ਸ਼ੀਸ਼ੀਆਂ ਵੀ ਪੀਂਦਾ ਰਿਹਾ। ਪੈਸਿਆਂ ਦੀ ਤੋਟ ਨੇ ਮੈਜਿਕ ਫਿਕਸ ਤਰਫ ਮੋੜ ਲਿਆ।
ਪੋਲਾਂ ਖੁੱਲ੍ਹਣ ਦਾ ਡਰ
ਸੂਤਰਾਂ ਨੇ ਦੱਸਿਆ ਕਿ ਸਿਵਲ ਹਸਪਤਾਲ ਵਿਚਲੇ ਨਸ਼ਾ ਛੁਡਾਊ ਕੇਂਦਰ ’ਚ ਅੱਲੜ੍ਹ ਉਮਰ ਦੇ ਦੋ ਮੁੰਡੇ ਇਲਾਜ ਲਈ ਆਏ ਸਨ ਪਰ ਪੋਲ ਖੁੱਲ੍ਹਣ ਤੋਂ ਡਰਦਿਆਂ ਵਾਪਿਸ ਪਰਤ ਗਏੇ। ਇਹ ਦੋਵੇਂ ਵਿਹਲੇ ਹਨ ਅਤੇ ਗਲੀਆਂ ਮੁਹੱਲਿਆਂ ਵਿੱਚੋਂ ਕਾਗਜ਼ ਵਗੈਰਾ ਚੁਗਦੇ ਹਨ। ਉਨ੍ਹਾਂ ਨੂੰ ਨਸ਼ੇ ਦੀ ਚਾਟ ਤੇ ਰੇਲ ਗੱਡੀਆਂ ’ਚ ਮੰਗਣ ਵਾਲੇ ਮੰਗਤਿਆਂ ਨੇ ਲਾਇਆ ਸੀ। ਰਾਮਾਂ ਮੰਡੀ ਦਾ ਇੱਕ ਬੱਚਾ ਵੀ ਫਲਿਊਡ ਦਾ ਆਦੀ ਹੈ। ਕੋਚਿੰਗ ਸੈਂਟਰਾਂ ’ਚ ਪੜ੍ਹਦੇ ਮੁੰਡਿਆਂ ਦੇ ਵੀ ਨਸ਼ਾ ਲੈਣ ਦੇ ਤੱਥ ਹਨ ਅਤੇ ਤਲਵੰਡੀ ਸਾਬੋ ਲਾਗਲੇ ਸਰਹੱਦੀ ਪਿੰਡਾਂ ਦੇ ਕਈ ਬੱਚੇ ਵੀ ਨਸ਼ਾ ਕਰਦੇ ਹਨ।
ਹੈਰਾਨ ਕਰਨ ਵਾਲੇ ਤੱਥ:ਕੁਸਲਾ
ਸਮਾਜਿਕ ਕਾਰਕੁੰਨ ਗੁਰਵਿੰਦਰ ਸ਼ਰਮਾ ਦਾ ਕਹਿਣਾ ਸੀ ਕਿ ਹੈਰਾਨੀ ਵਾਲੀ ਗੱਲ ਹੈ ਕਿ ਨਸ਼ਿਆਂ ਦੀ ਤਲਬ ਮਿਟਾਉਣ ਲਈ ਨਵਾਂ ਪੋਚ ਐਨੇ ਖਤਰਨਾਕ ਮੋੜ ਤੇ ਪੁੱਜ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਅਸਾਨੀ ਨਾਲ ਮਿਲਣਾ ਵੀ ਪਸਾਰੇ ਲਈ ਜਿੰਮੇਵਾਰ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸ਼ਨ ਤੋਂ ਅਜਿਹੀਆਂ ਵਸਤਾਂ ਤੇ ਸਖਤੀ ਨਾਲ ਰੋਕ ਲਾਉਣ ਅਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਢੁੱਕਵੇਂ ਕਦਮ ਚੁੱਕਣ ਦੀ ਮੰਗ ਕੀਤੀ ਹੈ।
ਪੁਲਿਸ ਕਾਰਵਾਈ ਕਰੇਗੀ:ਐਸਐਸਪੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਅਮਨੀਤ ਕੌਂਡਲ ਦਾ ਕਹਿਣਾ ਸੀ ਕਿ ਨਸ਼ਿਆਂ ਖਿਲਾਫ ਜੀਰੋ ਟੌਲਰੈਂਸ ਨੀਤੀ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕ ਪੁਲਿਸ ਨੂੰ ਨਸ਼ੀਲੀਆਂ ਵਸਤਾਂ ਵੇਚਣ ਵਾਲਿਆਂ ਦੀ ਸੂਚਨਾ ਦੇਣ ਤਾਂ ਬਣਦੀ ਕਾਰਵਾਈ ਕੀਤੀ ਜਾਏਗੀ।