ਸਰਹੱਦੀ ਇਲਾਕੇ 'ਚ ਪਿਸਤੋਲ ਸਮੇਤ ਬੀਐਸਐਫ ਨੇ ਅਪਰਾਧਕ ਪਿਛੋਕੜ ਵਾਲਾ ਵਿਅਕਤੀ ਕੀਤਾ ਗ੍ਰਿਫਤਾਰ
ਰੋਹਿਤ ਗੁਪਤਾ
ਗੁਰਦਾਸਪੁਰ, 1 ਨਵੰਬਰ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਦੀ ਇੰਟੈਲੀਜੈਂਸ ਬ੍ਰਾਂਚ ਦੀ ਗੁਪਤ ਸੂਚਨਾ ‘ਤੇ ਡੇਰਾ ਬਾਬਾ ਨਾਨਕ ਦੇ ਦਾਣਾ ਮੰਡੀ ਖੇਤਰ ਵਿੱਚ ਚਲਾਏ ਸਾਂਝੇ ਅਭਿਆਨ ਵਿੱਚ ਪੁਲਿਸ ਤੇ ਬੀ.ਐੱਸ.ਐੱਫ. ਨੇ ਇੱਕ ਸ਼ੱਕੀ ਵਿਅਕਤੀ ਨੂੰ ਫੜ ਲਿਆ। ਉਸ ਕੋਲੋਂ ਇੱਕ .32 ਬੋਰ ਪਿਸਤੌਲ, ਮੈਗਜ਼ੀਨ ਤੇ ਛੇ ਜਿੰਦਾ ਕਾਰਤੂਸ ਬਰਾਮਦ ਹੋਏ, ਜਿਸ ਨਾਲ ਖੇਤਰ ਵਿੱਚ ਕਿਸੇ ਵੱਡੀ ਅਪਰਾਧਿਕ ਘਟਨਾ ਦੇ ਖ਼ਦਸ਼ੇ ‘ਤੇ ਪੂਰਾ ਵਿਰਾਮ ਲੱਗ ਗਿਆ।
ਬੀ.ਐੱਸ.ਐੱਫ. ਸੈਕਟਰ ਹੈੱਡਕੁਆਰਟਰ ਗੁਰਦਾਸਪੁਰ ਦੀ ਖੁਫ਼ੀਆ ਟੀਮ ਤੋਂ ਮਿਲੀ ਟਿੱਪ-ਆੱਫ਼ ‘ਤੇ 31 ਅਕਤੂਬਰ ਦੀ ਰਾਤ ਨੂੰ ਫੀਲਡ ਜੀ ਟੀਮ ਗੁਰਦਾਸਪੁਰ, ਡੇਰਾ ਬਾਬਾ ਨਾਨਕ ਥਾਣਾ ਪੁਲਿਸ ਤੇ ਬੀ.ਐੱਸ.ਐੱਫ. ਦੀ 27ਵੀਂ ਬਟਾਲੀਅਨ ਨੇ ਮਿਲ ਕੇ ਇਹ ਆਪ੍ਰੇਸ਼ਨ ਨੂੰ ਅੰਜਾਮ ਦਿੱਤਾ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ਼ ਬਿੱਲੀ, ਪੁੱਤਰ ਗੁਰਦੀਪ ਸਿੰਘ, ਵਾਸੀ ਕਾਹਲਾਂਵਾਲੀ (ਥਾਣਾ ਡੇਰਾ ਬਾਬਾ ਨਾਨਕ) ਵਜੋਂ ਹੋਈ। ਉਸ ਕੋਲੋਂ ਬਰਾਮਦ ਹਥਿਆਰ ਇੱਕ ਸਟਾਰ ਮਾਰਕ .32 ਬੋਰ ਪਿਸਤੌਲ ਹੈ, ਜਿਸ ਵਿੱਚ ਇੱਕ ਮੈਗਜ਼ੀਨ ਤੇ ਛੇ ਲਾਈਵ ਕਾਰਤੂਸ ਸ਼ਾਮਲ ਹਨ।
ਸ਼ੁਰੂਆਤੀ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਕਿ ਬਲਵਿੰਦਰ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। ਉਸ ਵਿਰੁੱਧ ਆਰਮਜ਼ ਐਕਟ ਤੇ ਭਾਰਤੀ ਦੰਡ ਵਿਧਾਨ (ਆਈ.ਪੀ.ਸੀ.) ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਕਈ ਮੁਕੱਦਮੇ ਦਰਜ ਹਨ। ਪੁਲਿਸ ਸੂਤਰਾਂ ਮੁਤਾਬਕ, ਬਰਾਮਦ ਹਥਿਆਰ ਤੇ ਗੋਲਾ-ਬਾਰੂਦ ਤੋਂ ਸੰਕੇਤ ਮਿਲਦਾ ਹੈ ਕਿ ਮੁਲਜ਼ਮ ਕਿਸੇ ਫਾਇਰਿੰਗ ਜਾਂ ਟਾਰਗੇਟ ਕਿਲਿੰਗ ਦੀ ਯੋਜਨਾ ਬਣਾ ਰਿਹਾ ਸੀ। ਇਸ ਸਮੇਂ ਸਿਰ ਦੀ ਕਾਰਵਾਈ ਨਾਲ ਡੇਰਾ ਬਾਬਾ ਨਾਨਕ ਵਿੱਚ ਕਾਨੂੰਨ-ਵਿਵਸਥਾ ਦੀ ਗੰਭੀਰ ਸਥਿਤੀ ਟਲ ਗਈ ਤੇ ਇੱਕ ਸੰਭਾਵਿਤ ਵੱਡੀ ਵਾਰਦਾਤ ਨੂੰ ਰੋਕ ਲਿਆ ਗਿਆ।