ਪੰਜਾਬ ਯੂਨੀਵਰਸਿਟੀ ਦੀ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਵਿਵਸਥਾ ਖ਼ਤਮ ਕਰਨ ’ਤੇ ਭੜਕੇ ਸੁਖਬੀਰ ਬਾਦਲ, ਪੜ੍ਹੋ ਕੀ ਕਿਹਾ
ਬਾਬੂਸ਼ਾਹੀ ਨੈਟਵਰਕ
ਚੰਡੀਗੜ੍ਹ, 1 ਨਵੰਬਰ, 2025: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੀ 59 ਸਾਲ ਪੁਰਾਣੀ ਸੈਨੇਟ ਤੇ ਸਿੰਡੀਕੇਟ ਵਿਵਸਥਾ ਖ਼ਤਮ ਕਰਨ ਦੀ ਸਖ਼ਤ ਨਿਖੇਧੀ ਕੀਤੀ ਹੈ।
ਉਹਨਾਂ ਟਵੀਟ ਕਰ ਕੇ ਲਿਖਿਆ ਹੈ :
ਮੈਂ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਨੂੰ ਭੰਗ ਕਰ ਕੇ ਇਸ ਵਿੱਚੋਂ ਪੰਜਾਬ ਦੀ ਸ਼ਮੂਲੀਅਤ ਖਤਮ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਾ ਹਾਂ। ਇਹ ਦੇਸ਼ ਦੇ ਫੈਡਰਲ ਢਾਂਚੇ ਦਾ ਅਪਮਾਨ ਹੈ ਤੇ ਪੰਜਾਬ ਦੇ ਵਿੱਦਿਅਕ ਅਤੇ ਬੌਧਕ ਢਾਂਚੇ ਉੱਤੇ ਹਮਲਾ ਹੈ। ਉਹ ਵੀ 'ਪੰਜਾਬ ਦਿਵਸ' ਦੇ ਮੌਕੇ 'ਤੇ, ਜਿਸ ਦੀ ਕਾਇਮੀ ਲਈ ਹਜ਼ਾਰਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ।
ਕੇਂਦਰ ਸਰਕਾਰ ਨੇ ਬਿਨਾ ਪੰਜਾਬ ਦੀ ਪਰਵਾਹ ਕੀਤਿਆਂ ਇਹ ਇੱਕ-ਪਾਸੜ ਆਰਡੀਨੈਂਸ ਜਾਰੀ ਕਰ ਕੇ ਅਤੇ ਪੰਜਾਬ ਦੇ ਮਾਣ-ਮੱਤੇ ਵਿਰਸੇ ਵਿੱਚੋਂ ਪੰਜਾਬ ਨੂੰ ਹੀ ਬਾਹਰ ਕੱਢ ਕੇ ਪੰਜਾਬ ਨੂੰ ਇੱਕ ਹੋਰ ਅਸਹਿ ਜਖ਼ਮ ਦਿੱਤਾ ਹੈ। ਮੈਂ ਭਾਰਤ ਸਰਕਾਰ ਨੂੰ ਸੁਝਾਅ ਦਿੰਦਾ ਹਾਂ ਕਿ ਉਹ ਫੌਰਨ ਇਸ ਗੈਰ-ਸੰਵਿਧਾਨਿਕ ਫੈਸਲੇ ਨੂੰ ਵਾਪਿਸ ਲਵੇ ਤੇ ਪਹਿਲਾਂ ਤੋਂ ਹੀ ਅਨੇਕ ਸਮੱਸਿਆਵਾਂ ਨਾਲ ਜੂਝ ਰਹੇ ਪੰਜਾਬ ਦੇ ਮਾਹੌਲ ਨੂੰ ਹੋਰ ਖਰਾਬ ਨਾ ਕਰੇ। ਮੈਂ ਪੰਜਾਬ ਦੇ ਲੋਕਾਂ, ਬੁੱਧੀਜੀਵੀਆਂ ਅਤੇ ਵਿਦਵਾਨਾਂ ਨੂੰ ਵੀ ਅਪੀਲ ਕਰਦਾ ਹਾਂ ਕਿ ਉਹ ਇਕੱਠੇ ਹੋਣ ਤੇ , ਜਿਥੋਂ ਵੀ ਹੋ ਸਕੇ, ਕੇਂਦਰ ਸਰਕਾਰ ਦੇ ਇਸ ਆਪ-ਹੁਦਰੇ ਫੈਸਲੇ ਖਿਲਾਫ ਅਵਾਜ਼ ਚੁੱਕਣ।
ਸ਼੍ਰੋਮਣੀ ਅਕਾਲੀ ਦਲ ਨੇ ਅਤੀਤ ਵਿੱਚ ਵੀ ਕੇਂਦਰ ਸਰਕਾਰਾਂ ਦੇ ਅਜਿਹੇ ਫੈਸਲਿਆਂ ਦਾ ਡੱਟਵਾਂ ਵਿਰੋਧ ਕੀਤਾ ਹੈ, ਹੁਣ ਵੀ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।