BNS ਦੇ ਲਾਗੂ ਹੋਣ ਤੋਂ ਬਾਅਦ ਆਤਮਹੱਤਿਆ ਦੀ ਕੋਸ਼ਿਸ਼ 'ਤੇ ਕਾਨੂੰਨ ਕੀ ਕਹਿੰਦਾ ਹੈ?
ਹਾਲਾਂਕਿ ਭੇਦ ਭਰੇ ਤੇ ਸ਼ੱਕੀ ਆਤਮਹੱਤਿਆ ਮਾਮਲਿਆਂ ਦੀ ਪੁਲਿਸ ਕਰਦੀ ਹੈ ਜਾਂਚ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 8 ਅਕਤੂਬਰ 2025 :
ਕੀ ਆਤਮਹੱਤਿਆ ਦੀ ਕੋਸ਼ਿਸ਼ ਅਜੇ ਵੀ ਅਪਰਾਧ ਹੈ? ਭਾਰਤੀ ਨਿਆਂ ਸੰਹਿਤਾ (BNS) ਦੇ ਲਾਗੂ ਹੋਣ ਤੋਂ ਬਾਅਦ ਇਹ ਸਵਾਲ ਇੱਕ ਵਾਰ ਫਿਰ ਚਰਚਾ ਵਿੱਚ ਹੈ। ਪਹਿਲਾਂ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 309 ਤਹਿਤ ਆਤਮਹੱਤਿਆ ਕਰਨ ਦੀ ਕੋਸ਼ਿਸ਼ ਨੂੰ ਅਪਰਾਧ ਮੰਨਿਆ ਜਾਂਦਾ ਸੀ, ਪਰ ਨਵੀਂ ਨਿਆਂ ਸੰਹਿਤਾ ਦੀਆਂ ਧਾਰਾਵਾਂ ਨੇ ਇਸ ਕਾਨੂੰਨ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ।
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਅਨੁਸਾਰ ਹੁਣ ਆਮ ਹਾਲਾਤਾਂ ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਕਰਨਾ ਅਪਰਾਧ ਨਹੀਂ ਹੈ, ਪਰ ਜੇਕਰ ਇਹ ਕਿਸੇ ਸਰਕਾਰੀ ਅਧਿਕਾਰੀ (ਲੋਕ ਸੇਵਕ) ਨੂੰ ਆਪਣਾ ਫ਼ਰਜ਼ ਨਿਭਾਉਣ ਤੋਂ ਰੋਕਣ ਜਾਂ ਉਸ 'ਤੇ ਦਬਾਅ ਪਾਉਣ ਦੇ ਇਰਾਦੇ ਨਾਲ ਕੀਤੀ ਜਾਵੇ, ਤਾਂ ਇਹ ਬੀ.ਐਨ.ਐਸ. ਦੀ ਧਾਰਾ 226 ਤਹਿਤ ਸਜ਼ਾ ਯੋਗ ਮੰਨੀ ਗਈ ਹੈ।
ਪਿਛਲੇ ਦਿਨੀਂ ਹਰਿਆਣਾ ਕੇਡਰ ਦੇ 2001 ਬੈਚ ਦੇ ਸੀਨੀਅਰ ਆਈ.ਪੀ.ਐਸ. ਅਫ਼ਸਰ ਵਾਈ. ਪੂਰਨ ਕੁਮਾਰ, ਜੋ ਕਿ ਆਈ.ਜੀ. (ਪੁਲਿਸ ਮਹਾਨਿਰਦੇਸ਼ਕ) ਦੇ ਰੈਂਕ ‘ਤੇ ਸੇਵਾ ਕਰ ਰਹੇ ਸਨ, ਨੇ ਚੰਡੀਗੜ੍ਹ ਸਥਿਤ ਆਪਣੇ ਨਿਵਾਸ 'ਤੇ ਆਪਣੇ ਨਿੱਜੀ ਸੁਰੱਖਿਆ ਕਰਮੀ ਦੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਕਥਿਤ ਆਤਮਹੱਤਿਆ ਕਰ ਲਈ। ਚੰਡੀਗੜ੍ਹ ਪੁਲਿਸ ਨੂੰ ਘਟਨਾ ਸਥਾਨ ਤੋਂ ਇੱਕ ਸੁਸਾਈਡ ਨੋਟ ਵੀ ਪ੍ਰਾਪਤ ਹੋਇਆ ਹੈ, ਹਾਲਾਂਕਿ ਉਸਦੀ ਇਬਾਰਤ ਦਾ ਖ਼ੁਲਾਸਾ ਅਜੇ ਨਹੀਂ ਕੀਤਾ ਗਿਆ। ਮਾਮਲੇ ਦੀ ਜਾਂਚ ਜਾਰੀ ਹੈ। ਇਸ ਮਾਮਲੇ ਨੇ ਫੇਰ ਇਹ ਸਵਾਲ ਚਰਚਾ ਵਿਚ ਲੈ ਆਂਦਾ ਹੈ ਕਿ ਕੀ ਖ਼ੁਦਕੁਸ਼ੀ ਹਨ ਵੀ ਜੁਰਮ ਹੈ ?
ਸ਼ਾਸਤਰਾਂ ਵਿੱਚ ਕਿਹਾ ਗਿਆ ਹੈ ਕਿ 84 ਲੱਖ ਜੂਨਾਂ ਤੋਂ ਬਾਅਦ ਮਨੁੱਖ ਦਾ ਜਨਮ ਮਿਲਦਾ ਹੈ ਅਤੇ ਇਹ ਜੀਵਨ ਅਨਮੋਲ ਮੰਨਿਆ ਗਿਆ ਹੈ। ਫਿਰ ਵੀ ਕਈ ਵਾਰ ਇਨਸਾਨ ਸਮਾਜਿਕ, ਪਰਿਵਾਰਕ ਜਾਂ ਆਰਥਿਕ ਹਾਲਾਤ ਕਰਕੇ ਮਾਨਸਿਕ ਤੌਰ ਤੇ ਟੁੱਟ ਜਾਂਦਾ ਹੈ ਅਤੇ ਆਤਮਹੱਤਿਆ ਦਾ ਯਤਨ ਕਰਦਾ ਹੈ। ਜੇ ਕੋਈ ਵਿਅਕਤੀ ਆਤਮਹੱਤਿਆ ਵਿੱਚ ਸਫਲ ਹੋ ਜਾਂਦਾ ਹੈ ਤਾਂ ਪੁਲਿਸ ਪੋਸਟਮਾਰਟਮ ਅਤੇ ਹੋਰ ਕਾਨੂੰਨੀ ਕਾਰਵਾਈ ਪੂਰੀ ਕਰਕੇ ਆਮ ਤੌਰ ‘ਤੇ ਮਾਮਲਾ ਬੰਦ ਕਰ ਦਿੰਦੀ ਹੈ। ਪਰ ਜੇ ਮੌਤ ਸ਼ੱਕੀ ਹੋਵੇ ਜਾਂ ਇਹ ਸ਼ੱਕ ਹੋਵੇ ਕਿ ਕਿਸੇ ਨੇ ਮ੍ਰਿਤਕ ਨੂੰ ਆਤਮਹੱਤਿਆ ਲਈ ਉਕਸਾਇਆ ਜਾਂ ਕਤਲ ਨੂੰ ਆਤਮਹੱਤਿਆ ਦਾ ਰੂਪ ਦਿੱਤਾ ਗਿਆ, ਤਾਂ ਪੁਲਿਸ ਅੱਗੇ ਦੀ ਜਾਂਚ ਜਾਰੀ ਰੱਖਦੀ ਹੈ।
ਕਾਨੂੰਨੀ ਪਹਿਲੂ :
ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਐਡਵੋਕੇਟ ਹੇਮੰਤ ਕੁਮਾਰ ਦੇ ਅਨੁਸਾਰ—
1 ਜੁਲਾਈ 2024 ਤੋਂ ਪਹਿਲਾਂ ਤੱਕ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 309 ਅਧੀਨ ਆਤਮਹੱਤਿਆ ਕਰਨ ਦੀ ਕੋਸ਼ਸ਼ ਅਪਰਾਧ ਸੀ। ਇਸ ਵਿੱਚ ਇੱਕ ਸਾਲ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਹਾਂ ਦੀ ਸਜ਼ਾ ਹੋ ਸਕਦੀ ਸੀ। ਇਹ ਅਪਰਾਧ Cognizable ਅਤੇ ਜ਼ਮਾਨਤੀ (Bailable) ਸੀ।
ਪਰ 1 ਜੁਲਾਈ 2024 ਤੋਂ ਲਾਗੂ ਹੋਈ ਨਵੀਂ ਭਾਰਤੀ ਨਿਆਂ ਸੰਹਿਤਾ (BNS) 2023 ਵਿੱਚ ਆਤਮਹੱਤਿਆ ਦੀ ਕੋਸ਼ਿਸ਼ ਆਮ ਹਾਲਾਤ ਵਿੱਚ ਅਪਰਾਧ ਨਹੀਂ ਮੰਨੀ ਗਈ। ਹਾਲਾਂਕਿ ਧਾਰਾ 226 ਦੇ ਅਨੁਸਾਰ, ਜੇ ਕੋਈ ਵਿਅਕਤੀ ਕਿਸੇ ਸਰਕਾਰੀ ਅਧਿਕਾਰੀ ਨੂੰ ਆਪਣਾ ਸ਼ਾਸਕੀ ਫ਼ਰਜ਼ ਨਿਭਾਉਣ ਤੋਂ ਰੋਕਣ ਜਾਂ ਦਬਾਅ ਬਣਾਉਣ ਲਈ ਆਤਮਹੱਤਿਆ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਸਜ਼ਾ ਯੋਗ ਹੈ। ਇਸ ਵਿੱਚ ਇੱਕ ਸਾਲ ਤੱਕ ਦੀ ਸਾਦਾ ਕੈਦ, ਜੁਰਮਾਨਾ ਜਾਂ ਸਮਾਜਿਕ ਸੇਵਾ ਦੀ ਸਜ਼ਾ ਹੋ ਸਕਦੀ ਹੈ।
ਜੇ ਕੋਈ ਵਿਅਕਤੀ ਕਿਸੇ ਪੁਲਿਸ ਅਧਿਕਾਰੀ ਨੂੰ ਧਮਕੀ ਦੇਵੇ ਕਿ “ਜੇ ਤੁਸੀਂ ਮੇਰਾ ਕੇਸ ਦਰਜ ਨਹੀਂ ਕਰੋਗੇ ਤਾਂ ਮੈਂ ਆਤਮਹੱਤਿਆ ਕਰ ਲਵਾਂਗਾ,” ਤਾਂ ਇਹ ਧਾਰਾ 226, ਬੀ.ਐਨ.ਐਸ. 2023 ਤਹਿਤ ਅਪਰਾਧ ਹੋਵੇਗਾ।
ਇਸੇ ਤਰ੍ਹਾਂ, ਜੇ ਕੋਈ ਦੋਸ਼ੀ ਵਿਅਕਤੀ ਗ੍ਰਿਫ਼ਤਾਰੀ ਤੋਂ ਬਚਣ ਲਈ ਪੁਲਿਸ ‘ਤੇ ਦਬਾਅ ਬਣਾਉਣ ਲਈ ਆਤਮਹੱਤਿਆ ਕਰਨ ਦੀ ਕੋਸ਼ਸ਼ ਕਰਦਾ ਹੈ, ਤਾਂ ਇਹ ਵੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ।
ਰਾਸ਼ਟਰੀ ਅੰਕੜੇ
ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੇ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (NCRB) ਦੀ 2023 ਦੀ ਰਿਪੋਰਟ ਅਨੁਸਾਰ—
ਭਾਰਤ ਵਿੱਚ 2023 ਵਿੱਚ 1,71,418 ਲੋਕਾਂ ਨੇ ਆਤਮਹੱਤਿਆ ਕੀਤੀ, ਜਿਨ੍ਹਾਂ ਵਿੱਚੋਂ 72.8% ਮਰਦ ਅਤੇ 27.2% ਔਰਤਾਂ ਸਨ।
ਰਾਜ ਅਨੁਸਾਰ:
ਹਰਿਆਣਾ: 3,361
ਪੰਜਾਬ: 2,298
ਚੰਡੀਗੜ੍ਹ: 150
ਮੁੱਖ ਕਾਰਨਾਂ ਵਿੱਚ ਘਰੇਲੂ ਕਲੇਸ਼, ਵਿਆਹੀ ਸਮੱਸਿਆਵਾਂ, ਗੰਭੀਰ ਬਿਮਾਰੀਆਂ, ਨਸ਼ਾ, ਆਰਥਿਕ ਤੰਗੀ ਅਤੇ ਪ੍ਰੇਮ ਸੰਬੰਧੀ ਤਣਾਅ ਸ਼ਾਮਲ ਹਨ।
ਲਗਭਗ 61% ਨੇ ਫਾਹਾ ਲੈਕੇ ਕੇ, 25% ਨੇ ਜ਼ਹਿਰ ਖਾ ਕੇ, 4% ਨੇ ਪਾਣੀ ਵਿੱਚ ਡੁੱਬ ਕੇ, 3% ਨੇ ਰੇਲ ਜਾਂ ਵਗੱਡੀ ਅੱਗੇ ਕੁੱਦ ਕੇ ਅਤੇ 0.4% ਨੇ ਗੋਲੀ ਮਾਰ ਕੇ ਆਤਮਹੱਤਿਆ ਕੀਤੀ।