ਮੀਟਿੰਗ ਦਾ ਦ੍ਰਿਸ਼
ਦੀਦਾਰ ਗੁਰਨਾ
ਫ਼ਤਹਿਗੜ੍ਹ ਸਾਹਿਬ, 8 ਅਕਤੂਬਰ : ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹਾਦਤ ਯਾਤਰਾ ਅਤੇ ਸ਼ਹੀਦੀ ਜੋੜ ਮੇਲੇ ਦੇ ਮੌਕੇ *ਤੇ ਦੇਸ਼ ਵਿਦੇਸ਼ ਤੋਂ ਸ਼ਹੀਦਾਂ ਦੀ ਧਰਤੀ ਫ਼ਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਮਦ ਦੇ ਮੱਦੇਨਜ਼ਰ ਹਰੇਕ ਸੁਵਿਧਾ ਨੂੰ ਯਕੀਨੀ ਬਣਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਨੂੰ ਤੇਜ਼ ਕਰ ਦਿੱਤਾ ਹੈ , ਅੱਜ ਇਸ ਸਬੰਧੀ ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਜਿ਼ਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਕਰਦਿਆਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਵੱਖ— ਵੱਖ ਸਰਕਾਰੀ ਕਾਰਜਕਾਰੀ ਏਜੰਸੀਆਂ ਦੇ ਅਧਿਕਾਰੀਆਂ ਤੋਂ ਹੁਣ ਤੱਕ ਕੀਤੀ ਵਿਭਾਗੀ ਪ੍ਰਗਤੀ ਦਾ ਜਾਇਜ਼ਾ ਲਿਆ ਅਤੇ ਪਿਛਲੀ ਮੀਟਿੰਗ ਦੌਰਾਨ ਵੱਖ— ਵੱਖ ਮੁੱਖ ਮਾਰਗਾਂ ਤੇ ਲਿੰਕ ਸੜਕਾਂ ਨੂੰ ਠੀਕ ਕਰਨ ਸਬੰਧੀ ਦਿੱਤੀਆਂ ਹਦਾਇਤਾਂ ਨੂੰ ਲਾਗੂ ਕਰਨ ਲਈ ਹੋਏ ਉਪਰਾਲਿਆਂ ਬਾਰੇ ਜਾਣਕਾਰੀ ਹਾਸਲ ਕੀਤੀ।ਉਨ੍ਹਾਂ ਨੇ ਨੈਸ਼ਨਲ ਅਥਾਰਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ 31 ਅਕਤੂਬਰ ਤੋਂ ਪਹਿਲਾਂ ਪਹਿਲਾਂ ਨੈਸ਼ਨਲ ਹਾਈਵੇ ਨੂੰ ਸੰਗਤਾਂ ਦੀ ਸਹੂਲਤ ਲਈ ਪੂਰੀ ਤਰ੍ਹਾਂ ਦਰੁਸਤ ਕਰਨਾ ਯਕੀਨੀ ਬਣਾਇਆ ਜਾਵੇ , ਉਨ੍ਹਾਂ ਨੇ ਸਮੂਹ ਅਧਿਕਾਰੀਆਂ ਨੂੰ ਕਿਹਾ ਕਿ ਸੰਗਤਾਂ ਨੂੰ ਸੁਵਿਧਾਵਾਂ ਦੇਣ ਵਿੱਚ ਕੋਈ ਵੀ ਵਿਭਾਗੀ ਢਿੱਲਮਠ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਡਿਪਟੀ ਕਮਿਸ਼ਨਰ ਡਾ. ਸੋਨਾ ਥਿੰਦ ਨੇ ਐਨ.ਐਚ 44 ਤੋਂ ਮਾਧੋਪੁਰ ਚੌਂਕ ਵਿਖੇ ਨਿਰਮਾਣ ਕਾਰਜਾਂ, ਰੌਸ਼ਨੀ ਦੀ ਸੁਚੱਜੀ ਵਿਵਸਥਾ ਅਤੇ ਸਰਵਿਸ ਸੜਕਾਂ ਦੀ ਲੋੜੀਂਦੀ ਮੁਰੰਮਤ ਤੇ ਸੁੰਦਰੀਕਰਨ ਨੂੰ ਯਕੀਨੀ ਬਣਾਉਣ, ਜਲ ਸਪਲਾਈ ਤੇ ਸੈਨੀਟੇਸ਼ਨ ਨੂੰ ਟਾਇਲਟ ਬਲਾਕਾਂ ਦੀ ਸਾਫ ਸਫਾਈ ਤੇ ਲੋੜੀਂਦੀ ਮੁਰੰਮਤ, ਗੁਰਦੁਆਰਾ ਜੋਤੀ ਸਰੂਪ ਸਾਹਿਬ ਤੋਂ ਮਾਧੋਪੁਰ ਰੋਡ ਵਿਖੇ ਅੰਡਰ ਪਾਸ ਦੀਆਂ ਅਪਰੋਚ ਲਿੰਕ ਸੜਕਾਂ, ਪਾਣੀ ਦੀ ਨਿਕਾਸੀ, ਬਿਜਲੀ ਦੀਆਂ ਤਾਰਾਂ ਨੂੰ ਤਬਦੀਲ ਕਰਨ, ਪਟਿਆਲਾ ਸਰਹਿੰਦ ਰੋਡ ਉਤੇ ਨਰਵਾਣਾ ਬ੍ਰਾਂਚ ਦੀਆਂ ਅਪਰੋਚ ਸੜਕਾਂ ਨੂੰ ਮੁਕੰਮਲ ਕਰਨ ਅਤੇ ਸੜਕ ਨੂੰ ਚਾਰ ਮਾਰਗੀ ਬਣਾਉਣ ਦੇ ਕੰਮ, ਸਰਹਿੰਦ ਚੁੰਨੀ ਰੋਡ ਤੋਂ ਸ਼ੁਰੂ ਹੁੰਦੇ ਭੈਰੋਪੁਰ ਬਾਈਪਾਸ ਦਾ ਸੁੰਦਰੀਕਰਨ, ਜੋਤੀ ਸਰੂਪ ਮੋੜ ਤੋਂ ਪਟਿਆਲਾ ਰੋਡ ਵਾਇਆ 4 ਨੰਬਰ ਚੂੰਗੀ, ਟੋਡਰ ਮੱਲ ਗੇਟ ਦੀ ਸੜਕ ਦੇ ਪੈਚ ਵਰਕ ਤੇ ਲੋੜੀਂਦੀ ਮੁਰੰਮਤ ਅਤੇ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਤੋਂ ਬਸੀ ਪਠਾਣਾ ਰੋਡ *ਤੇ ਸੀਵਰੇਜ ਪੈਣ ਕਾਰਨ ਮੁਕੰਮਲ ਮੁਰੰਮਤ ਕਰਨ ਦੇ ਦਿੱਤੇ ਆਦੇਸ਼ਾਂ ਦੀ ਪਾਲਣਾ ਸਬੰਧੀ ਹੁਣ ਤੱਕ ਹੋਈ ਕਾਰਵਾਈ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਹੋਰਨਾਂ ਅਧਿਕਾਰੀਆਂ ਸਮੇਤ ਇਨ੍ਹਾਂ ਸੁਧਾਰਾਂ ਸਬੰਧੀ ਹੋਈ ਕਾਰਵਾਈ ਦਾ ਖੁਦ ਨਿਰੀਖਣ ਕਰਨਗੇ
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ, ਐਸ.ਡੀ.ਐਮ ਅਰਵਿੰਦ ਕੁਮਾਰ ਗੁਪਤਾ, ਐਸ.ਡੀ.ਐਮ ਬਸੀ ਪਠਾਣਾ ਹਰਵੀਰ ਕੌਰ, ਮੁੱਖ ਮੰਤਰੀ ਫੀਲਡ ਅਫਸਰ ਸ਼ੰਕਰ ਸ਼ਰਮਾ ਸਮੇਤ ਵੱਖ ਵੱਖ ਕਾਰਜਕਾਰੀ ਏਜੰਸੀਆਂ ਦੇ ਐਕਸੀਅਨ ਤੇ ਹੋਰ ਅਧਿਕਾਰੀ ਮੌਜੂਦ ਸਨ