ਪੰਜਾਬ ਵਿਚ ਗਸ਼ਤ ਕਰ ਰਹੀ ਪੁਲਿਸ ਟੀਮ 'ਤੇ ਹਮਲਾ
ਰਵਿੰਦਰ ਸਿੰਘ
ਖੰਨਾ, 5 ਅਗਤਸ 2025 : ਪੰਜਾਬ ਦੇ ਖੰਨਾ ਸ਼ਹਿਰ ਵਿੱਚ ਰਾਤ ਦੇ ਸਮੇਂ ਗਸ਼ਤ ਕਰ ਰਹੀ ਪੁਲਿਸ ਟੀਮ 'ਤੇ ਕੁਝ ਨੌਜਵਾਨਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ASI ਸੁਖਵਿੰਦਰ ਸਿੰਘ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਸਿਵਲ ਹਸਪਤਾਲ, ਖੰਨਾ ਵਿੱਚ ਦਾਖਲ ਕਰਵਾਇਆ ਗਿਆ ਹੈ।
ASI ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸੋਮਵਾਰ ਦੀ ਦੇਰ ਰਾਤ ਕਰੀਬ 1 ਵਜੇ, ਜਦੋਂ ਉਹ ਦੋ ਹੋਰ ਮੁਲਾਜ਼ਮਾਂ ਨਾਲ ਰੇਲਵੇ ਰੋਡ 'ਤੇ ਗਸ਼ਤ ਕਰ ਰਹੇ ਸਨ, ਤਾਂ ਉਨ੍ਹਾਂ ਨੇ ਦੋ ਸ਼ੱਕੀ ਨੌਜਵਾਨਾਂ ਨੂੰ ਮੋਟਰਸਾਈਕਲ 'ਤੇ ਆਉਂਦੇ ਦੇਖਿਆ। ਪੁਲਿਸ ਟੀਮ ਨੇ ਉਨ੍ਹਾਂ ਨੂੰ ਰੋਕਿਆ ਅਤੇ ਤਸਦੀਕ ਲਈ ਥਾਣੇ ਲੈ ਕੇ ਜਾਣ ਲੱਗੀ। ਇਸੇ ਦੌਰਾਨ, ਨੌਜਵਾਨਾਂ ਨੇ ਫੋਨ ਕਰਕੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਬੁਲਾ ਲਿਆ। ਜਦੋਂ ਪੁਲਿਸ ਟੀਮ ਚੌਕ 'ਤੇ ਪਹੁੰਚੀ, ਤਾਂ ਉਨ੍ਹਾਂ ਪੰਜਾਂ ਨੌਜਵਾਨਾਂ ਨੇ ਪੁਲਿਸ 'ਤੇ ਉਨ੍ਹਾਂ ਦੇ ਡੰਡਿਆਂ ਨਾਲ ਹੀ ਹਮਲਾ ਕਰ ਦਿੱਤਾ।
ਪੁਲਿਸ ਦੀ ਕਾਰਵਾਈ
ਇਸ ਹਮਲੇ ਵਿੱਚ ASI ਸੁਖਵਿੰਦਰ ਸਿੰਘ ਦੀ ਬਾਂਹ ਅਤੇ ਸਿਰ 'ਤੇ ਸੱਟਾਂ ਲੱਗੀਆਂ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋ ਹਮਲਾਵਰਾਂ ਨੂੰ ਫੜ ਲਿਆ ਹੈ, ਜਦੋਂ ਕਿ ਬਾਕੀ ਤਿੰਨ ਦੀ ਭਾਲ ਜਾਰੀ ਹੈ।