ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਰੋਸ ਮੁਜ਼ਾਹਰਾ ਕਰਨ ਦਾ ਐਲਾਨ
ਅਸ਼ੋਕ ਵਰਮਾ
ਬਰਨਾਲਾ, 5 ਅਗਸਤ 2025:ਪਾਵਰਕੌਮ ਅਤੇ ਟਰਾਂਸਕੋ ਪੈਨਸ਼ਨਰਜ਼ ਐਸੋਸੀਏਸ਼ਨ ਸ਼ਹਿਰੀ ਅਤੇ ਦਿਹਾਤੀ ਮੰਡਲਾਂ ਵੱਲੋਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਟਰਕਾਊ, ਜਾਬਰ ਅਤੇ ਹਠੀ ਵਤੀਰੇ ਖਿਲਾਫ਼ ਤਿੱਖੇ ਰੋਸ ਦਾ ਪ੍ਰਗਟਾਵਾ ਕੀਤਾ ਗਿਆ। ਰੂਪ ਚੰਦ ਤਪਾ ਦੀ ਪ੍ਰਧਾਨਗੀ ਹੇਠ ਹੋਈ ਸਾਂਝੀ ਰੈਲੀ ਵਿੱਚ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਰਧਾਂਜਲੀ ਭੇਂਟ ਕਰਦੇ ਹੋਏ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ 28ਵੇਂ ਯਾਦਗਾਰੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਮੌਕੇ ਸੂਬਾ ਪ੍ਰੈੱਸ ਸਕੱਤਰ ਸ਼ਿੰਦਰ ਸਿੰਘ ਧੌਲਾ, ਮੇਲਾ ਸਿੰਘ ਕੱਟੂ, ਦਰਸ਼ਨ ਸਿੰਘ ਦਸੌਂਦਾ ਸਿੰਘ ਵਾਲਾ, ਬਲਵੰਤ ਸਿੰਘ ਬਰਨਾਲਾ, ਰੂਪ ਚੰਦ ਤਪਾ, ਗੁਰਚਰਨ ਸਿੰਘ, ਮੋਹਣ ਸਿੰਘ ਛੰਨਾਂ, ਬੂਟਾ ਸਿੰਘ ਛੰਨਾਂ, ਜਗਦੀਸ਼ ਸਿੰਘ ਨਾਈਵਾਲਾ, ਰਾਜਪਤੀ, ਸ਼ਿੰਗਾਰਾ ਸਿੰਘ, ਰਾਮ ਲਖਣ, ਜਗਰਾਜ ਸਿੰਘ ਬਰਨਾਲਾ ਨੇ ਸੰਬੋਧਨ ਕੀਤਾ।
ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਟਰਕਾਊ, ਹਠੀ ਅਤੇ ਜਾਬਰ ਰਵੱਈਏ ਖਿਲਾਫ਼ ਮੁਲਾਜ਼ਮ ਅਤੇ ਪੈਨਸ਼ਨਰਜ਼ ਫਰੰਟ ਵੱਲੋਂ 8 ਅਗਸਤ 2025 ਨੂੰ ਡੀਸੀ ਦਫ਼ਤਰ ਬਰਨਾਲਾ ਅੱਗੇ ਵਿਸ਼ਾਲ ਧਰਨਾ ਦੇਣ ਤੋਂ ਬਾਅਦ ਕੀਤੇ ਜਾ ਰਹੇ ਅਰਥੀ ਸਾੜ੍ਹ ਮੁਜ਼ਾਹਰੇ ਵਿੱਚ ਪਾਵਰਕੌਮ ਪੈਨਸ਼ਨਰਜ਼ ਐਸੋਸੀਏਸ਼ਨ ਵੱਲੋਂ ਭਰਵੀਂ ਸ਼ਮੂਲੀਅਤ ਕੀਤੀ ਜਾਵਗੀ। ਆਗੂਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਠੇਕਾ ਕਾਮਿਆਂ, ਬੇਰੁਜ਼ਗਾਰਾਂ ਦੇ ਮੰਗਾਂ ਮਸਲਿਆਂ ਨੂੰ ਹੱਲ ਕਰਨ ਦੀ ਥਾਂ ਪੁਲਿਸੀ ਜਾਬਰ ਹੱਥ ਕੰਡੇ ਅਪਣਾ ਕੇ ਸੰਘਰਸ਼ਾਂ ਨੂੰ ਦਬਾਉਣ ਤੇ ਤੁਲੀ ਹੋਈ ਹੈ। ਆਗੂਆਂ ਨੂੰ ਪੁਲਿਸ ਵੱਲੋਂ ਘਰਾਂ ਤੋਂ ਵੀ ਅੱਗੇ ਸਕੂਲਾਂ ਵਿੱਚ ਹੀ ਨਜ਼ਰਬੰਦ ਕਰ ਰਹੀ ਹੈ। ਆਗੂਆਂ ਨੇ ਗ਼ਦਰੀ ਗੁਲਾਬ ਕੌਰ ਦੇ ਵਿਛੋੜੇ ਦੀ ਸ਼ਤਾਬਦੀ ਨੂੰ ਸਮਰਪਿਤ ਸ਼ਹੀਦ ਕਿਰਨਜੀਤ ਕੌਰ ਦੇ 28ਵੇਂ ਯਾਦਗਾਰੀ ਬਰਸੀ ਸਮਾਗਮ ਵਿੱਚ ਸ਼ਾਮਿਲ ਹੋਣ ਦੇ ਨਾਲ-ਨਾਲ ਫੰਡ ਮੁਹਿੰਮ ਵਿੱਚ ਵੀ ਭਰਵਾਂ ਯੋਗਦਾਨ ਪਾਉਣ ਦਾ ਫ਼ੈਸਲਾ ਕਰਦਿਆਂ ਰੰਗਦਾਰ ਪੋਸਟਰ ਵੀ ਜਾਰੀ ਕੀਤਾ। ਆਗੂਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਦੇ ਲੋਕ ਵਿਰੋਧੀ ਰਵੱਈਏ ਖਿਲਾਫ਼ ਜਲਦ ਹੀ ਸੂਬਾ ਪੱਧਰੇ ਸਾਂਝੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ।