Navjot Kaur Sidhu ਨੇ MP Sukhjinder Randhawa ਦੇ ਲੀਗਲ ਨੋਟਿਸ ਦਾ ਦਿੱਤਾ ਜਵਾਬ; ਜਾਣੋ ਕੀ ਕਿਹਾ
ਬਾਬੂਸ਼ਾਹੀ ਬਿਊਰੋ
ਚੰਡੀਗੜ੍ਹ, 10 ਦਸੰਬਰ, 2025: ਨਵਜੋਤ ਕੌਰ ਸਿੱਧੂ (Navjot Kaur Sidhu) ਨੇ ਕਾਂਗਰਸ ਸਾਂਸਦ ਸੁਖਜਿੰਦਰ ਸਿੰਘ ਰੰਧਾਵਾ (MP Sukhjinder Singh Randhawa) ਵੱਲੋਂ ਭੇਜੇ ਗਏ ਕਾਨੂੰਨੀ ਨੋਟਿਸ ਦਾ ਸਖ਼ਤ ਅਤੇ ਸਿੱਧਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਰੰਧਾਵਾ ਦੇ ਨੋਟਿਸ ਨੂੰ ਪੂਰੀ ਤਰ੍ਹਾਂ "ਬੇਬੁਨਿਆਦ" ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਉਹ ਆਪਣੇ ਵੱਲੋਂ ਬੋਲੇ ਗਏ ਹਰ ਇੱਕ ਸ਼ਬਦ 'ਤੇ ਅੱਜ ਵੀ ਕਾਇਮ ਹਨ। ਸਿੱਧੂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀਆਂ ਕਾਨੂੰਨੀ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ ਅਤੇ ਮਜ਼ਬੂਤੀ ਨਾਲ ਆਪਣਾ ਪੱਖ ਰੱਖਣਗੇ।
'ਮੁਆਫ਼ੀ ਨਹੀਂ ਮੰਗਾਂਗੀ, ਉਲਟਾ ਕੇਸ ਕਰਾਂਗੀ'
ਆਪਣੇ ਜਵਾਬ ਵਿੱਚ ਨਵਜੋਤ ਕੌਰ ਨੇ ਰੰਧਾਵਾ ਨੂੰ ਹੀ ਚੇਤਾਵਨੀ ਦੇ ਦਿੱਤੀ ਹੈ। ਉਨ੍ਹਾਂ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਸੁਖਜਿੰਦਰ ਰੰਧਾਵਾ ਨੇ ਆਪਣਾ ਨੋਟਿਸ ਵਾਪਸ ਨਹੀਂ ਲਿਆ, ਤਾਂ ਉਹ ਖੁਦ ਉਨ੍ਹਾਂ ਖਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਤਿਆਰ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਡਰਾਉਣ-ਧਮਕਾਉਣ ਦੀਆਂ ਕੋਸ਼ਿਸ਼ਾਂ ਕਾਮਯਾਬ ਨਹੀਂ ਹੋਣਗੀਆਂ।
'ਮੀਡੀਆ ਰਿਪੋਰਟਾਂ ਦੇ ਆਧਾਰ 'ਤੇ ਦਿੱਤਾ ਸੀ ਬਿਆਨ'
ਸਿੱਧੂ ਨੇ ਆਪਣੇ ਜਵਾਬ ਵਿੱਚ ਤਰਕ ਦਿੱਤਾ ਹੈ ਕਿ ਉਨ੍ਹਾਂ ਦੇ ਬਿਆਨ ਸੰਵਿਧਾਨ ਤਹਿਤ ਮਿਲੀ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੇ ਘੇਰੇ ਵਿੱਚ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਉਨ੍ਹਾਂ ਜਾਣਕਾਰੀਆਂ 'ਤੇ ਆਧਾਰਿਤ ਸਨ, ਜੋ ਪਹਿਲਾਂ ਤੋਂ ਹੀ ਮੀਡੀਆ ਵਿੱਚ ਰਿਪੋਰਟ ਕੀਤੀਆਂ ਜਾ ਚੁੱਕੀਆਂ ਹਨ।
ਨਵਜੋਤ ਕੌਰ ਨੇ ਦੁਹਰਾਇਆ ਕਿ ਉਨ੍ਹਾਂ ਨੇ ਸਿਰਫ਼ ਲੋਕ ਹਿੱਤ ਦੇ ਮੁੱਦਿਆਂ ਨੂੰ ਉਜਾਗਰ ਕੀਤਾ ਹੈ ਅਤੇ ਉਨ੍ਹਾਂ ਦੇ ਬਿਆਨ ਦਾ ਕੋਈ ਵੀ ਹਿੱਸਾ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਹੈ।