Babushahi Special : ਜਿਲ੍ਹਾ ਪ੍ਰੀਸ਼ਦ ਚੋਣਾਂ: ਪੜ੍ਹਾਕੂਆਂ ਨੂੰ ਧੋਬੀ ਪਟਕਾ ਮਾਰਨ ਲਈ ਸਿਆਸੀ ਅਖਾੜੇ ’ਚ ਨਿੱਤਰੇ ਅੰਗੂਠਾ ਛਾਪ
ਅਸ਼ੋਕ ਵਰਮਾ
ਬਠਿੰਡਾ, 10 ਦਸੰਬਰ 2025: ਪੰਜਾਬ ’ਚ 14 ਦਸੰਬਰ ਨੂੰ ਕਰਵਾਈਆਂ ਜਾ ਰਹੀਆਂ ਜਿਲ੍ਹਾ ਪ੍ਰੀਸ਼ਦ ਚੋਣਾਂ ਦੌਰਾਨ ਅਨਪੜ੍ਹ ਅਤੇ ਅਧ ਪੜ੍ਹੇ ਉਮੀਦਵਾਰਾਂ ਦੀ ਚੌਧਰ ਹੈ ਜਦੋਂਕਿ ਪੜ੍ਹੇ ਲਿਖੇ ਉਮੀਦਵਾਰ ਟਾਵੇਂ ਅੱਲੇ ਹੀ ਹਨ। ਪੰਚਾਇਤੀ ਅਦਾਰਿਆਂ ਦੀਆਂ ਚੋਣਾਂ ਲਈ ਸਿਆਸੀ ਧਿਰਾਂ ਨੇ ਪੜ੍ਹੇ ਲਿਖਿਆਂ ਨਾਲੋਂ ਅੰਗੂਠਾ ਛਾਪ ਉਮੀਦਵਾਰਾਂ ਨੂੰ ਤਰਜੀਹ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ 4 ਉਮੀਦਵਾਰ ਅੱਖਰ ਗਿਆਨ ਤੋਂ ਕੋਰੇ ਹਨ ਜਦੋਂਕਿ ਭਾਜਪਾ ਦੇ 4, ਕਾਂਗਰਸ ਦੇ ਦੋ ,ਆਪ ਦਾ ਇੱਕ ਅਤੇ ਦੋ ਅਜ਼ਾਦ ਉਮੀਦਵਾਰ ਅਨਪੜ੍ਹ ਹਨ। ਜਿਲ੍ਹਾ ਪ੍ਰੀਸ਼ਦ ਦੇ ਬਲਾਹੜ ਵਿੰਝੂ ਜੋਨ ਤੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਅਮਰਜੀਤ ਕੌਰ ਐਮਏ ਐਮਐਡ ਹੈ ਜਿਸ ਦੇ ਮੁਕਾਬਲੇ ’ਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬਲਜੀਤ ਕੌਰ ਅਨਪੜ੍ਹ ਹੈ। ਇਸੇ ਤਰਾਂ ਹੀ ਫੂਸ ਮੰਡੀ ਜੋਨ ਤੋਂ ਆਮ ਆਦਮੀ ਪਾਰਟੀ ਦੀ ਐਮਐਸਸੀ ਆਈਟੀ ਸਿਮਰਜੀਤ ਕੌਰ ਦੀ ਟੱਕਰ ਸ਼੍ਰੋਮਣੀ ਅਕਾਲੀ ਦਲ ਦੀ ਅਨਪੜ੍ਹ ਉਮੀਦਵਾਰ ਗੁਰਵਿੰਦਰ ਕੌਰ ਨਾਲ ਹੈ।
ਹੁਣ ਇੰਨ੍ਹਾਂ ਚੋਂ ਕੌਣ ਬਾਜੀ ਮਾਰਦਾ ਹੈ ਇਹ ਤਾਂ 17 ਦਸੰਬਰ ਨੂੰ ਗਿਣਤੀ ਤੋਂ ਬਾਅਦ ਹੀ ਪਤਾ ਲੱਗੇਗਾ ਪਰ ਵਿਦਿਅਕ ਯੋਗਤਾ ਵਿਚਲੇ ਪਾੜੇ ਕਾਰਨ ਅਸਲ ਪ੍ਰੀਖਿਆ ਵੋਟਰਾਂ ਦੀ ਹੈ ਜੋ ਕਮਾਂਡ ਕਿਸੇ ਚੰਗੇ ਪੜ੍ਹੇ ਲਿਖੇ ਨੂੰ ਜਾਂ ਫਿਰ ਅੱਖਰ ਗਿਆਨ ਤੋਂ ਕੋਰੇ ਦੇ ਹੱਥ ਦਿੰਦੇ ਹਨ। ਜਿਲ੍ਹਾ ਪ੍ਰੀਸ਼ਦ ਦੀ ਚੋਣ ਲੜ ਰਹੇ ਉਮੀਦਵਾਰਾਂ ’ਚ ਵੱਲੋਂ ਚੋਣ ਪ੍ਰਸ਼ਾਸ਼ਨ ਨੂੰ ਦਿੱਤੀ ਜਾਣਕਾਰੀ ਅਨੁਸਾਰ ਵਿੱਦਿਅਕ ਯੋਗਤਾ ਸਬੰਧੀ ਮਿਲਿਆ ਜੁਲਿਆ ਰੁਝਾਨ ਸਾਹਮਣੇ ਆਇਆ ਹੈ। ਬਠਿੰਡਾ ਜਿਲ੍ਹੇ ’ਚ 63 ਉਮੀਦਵਾਰ ਆਪੋ ਆਪਣੇ ਹਲਕਿਆਂ ਤੋਂ ਚੋਣ ਲੜ ਰਹੇ ਹਨ। ਇੰਨ੍ਹਾਂ ਚੋਂ ਸਿਰਫ ਨੌਂ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਗ੍ਰੈਜੂਏਟ ਹੈ ਜਾਂ ਇਸ ਤੋਂ ਵੱਧ ਹੈ ਜਦੋਂਕਿ 13 ਉਮੀਦਵਾਰ ਅਨਪੜ੍ਹ ਹਨ। ਇਸ ਤੋਂ ਇਲਾਵਾ 17 ਉਮੀਦਵਾਰ ਅਜਿਹੇ ਹਨ ਜਿੰਨ੍ਹਾਂ ਨੇ ਦਸਵੀ ਤੱਕ ਦੀ ਸਿੱਖਿਆ ਹਾਸਲ ਕੀਤੀ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ 4 ਉਮੀਦਵਾਰਾਂ ਨੇ ਫਾਰਮਾਂ ਵਿੱਚ ਵਿੱਦਿਅਕ ਯੋਗਤਾ ਲਿਖੀ ਨਹੀਂ ਹੈ।
ਇਸੇ ਤਰਾਂ ਭੁੱਚੋ ਕਲਾਂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਭਾਈ ਗੁਰਜਿੰਦਰ ਸਿੰਘ ਸਿੱਧੂ ਐਮਬੀਏ ਅਤੇ ਬਾਂਡੀ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਭੁਪਿੰਦਰ ਕੌਰ ਪੰਜਾਬੀ ਅਤੇ ਹਿਸਟਰੀ ’ਚ ਡਬਲ ਐਮਏ ਹੈ। ਬੰਗੀ ਰੁਲਦੂ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਜਸਪਾਲ ਕੌਰ ਐਮਏ ਬੀਐਡ ਹੈ ਜਦੋਂਕਿ ਮਾਈਸਰਖਾਨਾ ਜੋਨ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਰਭਜਨ ਸਿੰਘ ਬੀਏ ਹਨ। ਬੁਰਜ ਗਿੱਲ ਜੋਨ ਤੋਂ ਆਮ ਆਦਮੀ ਪਾਰਟੀ ਦੀ ਉਮੀਦਵਾਰ ਪਰਮਪਾਲ ਕੌਰ ਨੇ ਐਮਐਸਸੀ ਆਈਟੀ ਕੀਤੀ ਹੋਈ ਹੈ। ਬਹਿਮਣ ਦਿਵਾਨਾ ਜੋਨ ਤੋਂ ਕਾਂਗਰਸੀ ਉਮੀਦਵਾਰ ਰਾਜਵੀਰ ਕੌਰ ਨੇ ਬੀਏ ਅਤੇ ਜੈ ਸਿੰਘ ਵਾਲਾ ਜੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਇਕਬਾਲ ਸਿੰਘ ਚਹਿਲ ਬੀਏ ਐਲਐਲਬੀ ਹਨ। ਪੁਣਛਾਣ ਅਨੁਸਾਰ ਆਮ ਆਦਮੀ ਪਾਰਟੀ ਦੇ 5 ,ਸ਼੍ਰੋਮਣੀ ਅਕਾਲੀ ਦਲ ਦੇ 3 ਅਤੇ ਕਾਂਗਰਸ ਪਾਰਟੀ ਦਾ 1 ਉਮੀਦਵਾਰ ਹੈ ਜਦੋਂਕਿ ਭਾਰਤੀ ਜੰਤਾ ਪਾਰਟੀ ਨੂੰ ਕੋਈ ਉੱਚ ਯੋਗਤਾ ਵਾਲਾ ਉਮੀਦਵਾਰ ਨਹੀਂ ਮਿਲਿਆ ਹੈ।
ਪੱਕਾ ਕਲਾਂ ਜੋਨ ਤੋਂ ਕਾਂਗਰਸ ਦੇ ਦਰਸ਼ਨ ਸਿੰਘ , ਬੰਗੀ ਰੁਲਦੂ ਜੋਨ ਤੋਂ ਅਜਾਦ ਉਮੀਦਵਾਰ ਪੱਪੀ ਕੌਰ , ਮੰਡੀ ਕਲਾਂ ਜੋਨ ਤੋਂ ਕਾਂਗਰਸ ਦੀ ਉਮੀਦਵਾਰ ਹਰਦੀਪ ਕੌਰ, ਕਰਾੜ ਵਾਲਾ ਜੋਨ ਤੋਂ ਭਾਜਪਾ ਦੀ ਸ਼ਿੰਦਰਪਾਲ ਕੌਰ ਅਤੇ ਅਕਾਲੀ ਉਮੀਦਵਾਰ ਸੁਖਪਾਲ ਕੌਰ ਵੀ ਅਨਪੜ੍ਹ ਹੈ। ਵਿਸ਼ੇਸ਼ ਤੱਥ ਇਹ ਵੀ ਹੈ ਕਿ ਕਈ ਉਮੀਦਵਾਰ ਅਨਪੜ੍ਹ ਦੱਸੇ ਜਾ ਰਹੇ ਹਨ ਜਦੋਂਕਿ ਕਈ ਉਮੀਦਵਾਰ ਸਿਰਫ ਦਸਤਖਤ ਕਰਨਾ ਜਾਣਦੇ ਹਨ। ਬਠਿੰਡਾ ਜਿਲ੍ਹੇ ’ਚ ਜਿਲ੍ਹਾ ਪ੍ਰੀਸ਼ਦ ਬਠਿੰਡਾ ਦੇ 17 ਚੋਣ ਹਲਕੇ ਹਨ। ਜ਼ਿਲ੍ਹਾ ਪ੍ਰੀਸ਼ਦ ਦੇ ਫੂਸ ਮੰਡੀ ਤੋਂ 2, ਬਲਾਹੜ ਵਿੰਝੂ, ਬੁਰਜ ਗਿੱਲ, ਬਹਿਮਣ ਦੀਵਾਨਾ, ਮੰਡੀ ਕਲਾਂ ਤੋਂ 3-3, ਕਿਲੀ ਨਿਹਾਲ ਸਿੰਘ, ਭੁੱਚੋਂ ਕਲਾਂ, ਬਾਂਡੀ, ਪੱਕਾ ਕਲਾਂ, ਬੰਗੀ ਰੂਲਦੂ, ਮਾਈਸਰਖਾਨਾ, ਜੋਧਪੁਰ ਪਾਖਰ, ਸਿਰੀਏਵਾਲਾ, ਪੂਹਲਾ, ਜੈ ਸਿੰਘ ਵਾਲਾ ਅਤੇ ਕਰਾੜ ਵਾਲਾ ਤੋਂ 4-4 ਅਤੇ ਜੋਨ ਸਿੰਗੋ ਤੋਂ 5 ਉਮੀਦਵਾਰ ਮੈਦਾਨ ’ਚ ਹਨ। ਪੋÇਲੰਗ 14 ਦਸਬੰਰ ਨੂੰ ਹੋਵੇਗੀ ਅਤੇ ਨਤੀਜਾ 17 ਦਸੰਬਰ ਨੂੰ ਆਵੇਗਾ।
ਲੀਡਰ ਚੁਸਤ ਅਤੇ ਪੁਲਿਸ ਸੁਸਤ
ਬਠਿੰਡਾ ਜਿਲ੍ਹੇ ਵਿੱਚ ਐਤਕੀ ਚੋਣ ਮਹੌਲ ਵਿੱਚ ਪੁਲਿਸ ਦੀ ਬਹੁਤੀ ਸਰਗਰਮੀ ਦੇਖਣ ਨੂੰ ਨਹੀਂ ਮਿਲ ਰਹੀ ਹੈ। ਤਰਨ ਤਾਰਨ ਦੀ ਐਸਐਸਪੀ ਖਿਲਾਫ ਸਖਤ ਕਾਰਵਾਈ ਹੋਣ ਕਾਰਨ ਪੁਲਿਸ ਪ੍ਰਸ਼ਾਸ਼ਨ ਵੀ ਹਰ ਕਦਮ ਫੂਕ ਫੂਕਕੇ ਰੱਖਣ ਲੱਗਿਆ ਹੈ। ਕਿਸੇ ਕਾਰਵਾਈ ਦੇ ਡਰ ਤੋਂ ਥਾਣੇਦਾਰ ਵੀ ਸਿਆਸੀ ਲੀਡਰਾਂ ਨਾਲ ਦੁਆ ਸਲਾਮ ਤੋਂ ਬਚ ਰਹੇ ਹਨ। ਹਾਕਮ ਧਿਰ ਆਮ ਆਦਮੀ ਪਾਰਟੀ ਨੇ ਬਕਾਇਦਾ ਚੋਣ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਦੋਂਕਿ ਵਿਰੋਧੀ ਧਿਰ ਕਾਂਗਰਸ ਦੀਆਂ ਸਰਗਰਮੀਆਂ ਓਨੀਆਂ ਨਹੀਂ ਹਨ। ਹਲਕਾ ਰਾਮਪੁਰਾ ਫੂਲ ’ਚ ਅਕਾਲੀ ਆਗੂ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਲਈ ਅਤੇ ਉਨ੍ਹਾਂ ਦਾ ਭਾਜਪਾਈ ਲੜਕਾ ਗੁਰਪ੍ਰੀਤ ਸਿੰਘ ਮਲੂਕਾ ਭਾਜਪਾ ਲਈ ਚੋਣ ਪ੍ਰਚਾਰ ’ਚ ਕੁੱਦੇ ਹੋਏ ਹਨ।
ਸਿਆਸੀ ਦੰਗਲ ਚੋਂ ਕਈ ਗਾਇਬ
ਜਿਲ੍ਹਾ ਪ੍ਰੀਸ਼ਦ ਚੋਣਾਂ ਵਰਗੇ ਅਹਿਮ ਸਿਆਸੀ ਦੰਗਲ ਦੌਰਾਨ ਦੌਰਾਨ ਬਠਿੰਡਾ ਜਿਲ੍ਹੇ ਚੋਂ ਬਹੁਜਨ ਸਮਾਜ ਪਾਰਟੀ ਅਤੇ ਖੱਬੀ ਪੱਖੀ ਕਾਮਰੇਡਾਂ ਦੇ ਚੋਣ ਲੜਨ ਦੀ ਗੱਲ ਸਾਹਮਣੇ ਨਹੀਂ ਆਈ ਹੈ। ਉਂਜ ਅੰਦਰੋ ਅੰਦਰੀ ਇੰਨ੍ਹਾਂ ਪਾਰਟੀਆਂ ਦੇ ਸਰਗਰਮ ਹੋਣ ਦੀ ਚਰਚਾ ਹੈ। ਵਿਧਾਨ ਸਭਾ ਚੌਣਾਂ ਮੌਕੇ ਵੋਟਰਾਂ ਨੂੰ ਦਰਸ਼ਨ ਦੇਣ ਅਤੇ ਚੋਣ ਮੈਦਾਨ ਦੀ ਰੌਣਕ ਵਧਾਉਣ ਵਾਲੀਆਂ ਹੋਰ ਵੀ ਕਈ ਛੋਟੀਆਂ ਵੱਡੀਆਂ ਧਿਰਾਂ ਇਸ ਵਾਰ ਮੈਦਾਨ ਚੋਂ ਗਾਇਬ ਦਿਖਾਈ ਦੇ ਰਹੀਆਂ ਹਨ।