ਸੰਘਰਸ਼ ਕਮੇਟੀ ਨੇ ਘੜੀ ਬੱਸ ਅੱਡਾ ਮਲੋਟ ਰੋਡ ਤੇ ਲਿਜਾਣ ਦੇ ਫੈਸਲੇ ਖਿਲਾਫ ਅਗਲੀ ਰਣਨੀਤੀ
ਅਸ਼ੋਕ ਵਰਮਾ
ਬਠਿੰਡਾ,18 ਜੁਲਾਈ2025: ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੇ ਅੱਜ ਆਪਣੇ ਸੰਘਰਸ਼ ਦੇ ਤਿੰਨ ਮਹੀਨੇ ਪੂਰੇ ਹੋਣ ਤੇ ਡਾ. ਬੀ.ਆਰ. ਅੰਬੇਡਕਰ ਪਾਰਕ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਫੈਸਲਾ ਲਿਆ। ਸੰਘਰਸ਼ ਕਮੇਟੀ ’ਚ ਸੋਚ ਬਣੀ ਹੈ ਕਿ ਹੁਣ ਚੁੱਪ ਬੈਠਣ ਦਾ ਵਕਤ ਨਹੀਂ ਪ੍ਰਸ਼ਾਸ਼ਨ ਨੂੰ ਕੁੰਭਕਰਨੀ ਨੀਂਦ ਤੋਂ ਜਗਾਉਣ ਲਈ ਤਿੱਖੀ ਲੜਾਈ ਲੜਨ ਤੋਂ ਬਿਨਾਂ ਕੋਈ ਚਾਰਾ ਨਹੀਂ ਬਚਿਆ ਹੈ। ਸੰਘਰਸ਼ ਕਮੇਟੀ ਦੇ ਆਗੂ ਬਲਤੇਜ ਸਿੰਘ ਵਾਂਦਰ ਨੇ ਕਿਹਾ ਕਿ ਗੂੰਗੇ ਬੋਲੇ ਸਿਸਟਮ ਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਹੈ, ਇਸ ਲਈ ਹੁਣ ਬੱਸ ਸਟੈਂਡ ਨੂੰ ਮੌਜੂਦਾ ਥਾਂ ’ਤੇ ਰੱਖਣ ਲਈ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਪ੍ਰਦਰਸ਼ਨ ਦੇ 90ਵੇਂ ਦਿਨ ਬੱਸ ਸਟੈਂਡ ਦੇ ਬਾਹਰ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਜਾਵੇਗਾ ਜਦੋਂਕਿ ਸੰਘਰਸ਼ ਦੇ 100ਵੇਂ ਦਿਨ ਕੋਰਟ ਰੋਡ ਏਰੀਆ ਬੰਦ ਰੱਖ ਕੇ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਦੀ ਵਿਉਂਤਬੰਦੀ ਕੀਤੀ ਗਈ ਹੈ ।
ਇਸ ਮੌਕੇ ਕੌਂਸਲਰ ਸੰਦੀਪ ਬਾਬੀ ਨੇ ਕਿਹਾ ਕਿ ਇਹ ਬਹੁਤ ਸ਼ਰਮ ਦੀ ਗੱਲ ਹੈ ਕਿ ਇੰਨੇ ਲੰਬੇ ਸੰਘਰਸ਼ ਤੋਂ ਬਾਅਦ ਵੀ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਜੋ ਕਿ ਬੇਵੱਸ ਸਿਸਟਮ ਦੀ ਨਿਸ਼ਾਨੀ ਹੈ। ਬੱਸ ਸਟੈਂਡ ਸੰਘਰਸ਼ ਕਮੇਟੀ ਦੇ ਮੀਡੀਆ ਇੰਚਾਰਜ ਸੰਦੀਪ ਅਗਰਵਾਲ ਨੇ ਕਿਹਾ ਕਿ ਲੋਕਾਂ ਦੀ ਸਹੂਲਤ ਲਈ ਬੱਸ ਸਟੈਂਡ ਮੌਜੂਦਾ ਥਾਂ ’ਤੇ ਹੀ ਰੱਖਿਆ ਜਾਣਾ ਚਾਹੀਦਾ ਹੈ, ਜਦੋਂ ਕਿ ਇਸਨੂੰ ਕਈ ਕਿਲੋਮੀਟਰ ਦੂਰ ਤਬਦੀਲ ਕਰਨਾ ਕੋਈ ਸਾਰਥਕ ਫੈਸਲਾ ਨਹੀਂ ਹੈ। ਸੰਦੀਪ ਅਗਰਵਾਲ ਨੇ ਕਿਹਾ ਕਿ ਜੇਕਰ ਸਰਕਾਰ ਆਪਣਾ ਫੈਸਲਾ ਨਹੀਂ ਬਦਲਦੀ ਤਾਂ ਆਉਣ ਵਾਲੀਆਂ ਚੋਣਾਂ ਵਿੱਚ ਲੋਕ ਸਰਕਾਰ ਨੂੰ ਸਬਕ ਸਿਖਾਉਣ ਤੋਂ ਵੀ ਨਹੀਂ ਝਿਜਕਣਗੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਗਲਤ ਫੈਸਲਿਆਂ ਨਾਲ ਆਮ ਆਦਮੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰ ਰਹੀ ਹੈ।
ਕਮੇਟੀ ਆਗੂ ਕੰਵਲਜੀਤ ਭੰਗੂ ਨੇ ਕਿਹਾ ਕਿ ਬੱਸ ਸਟੈਂਡ ਨੂੰ ਬਚਾਉਣ ਲਈ ਅਸੀਂ ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਆਂਗੇ । ਗੁਰਪ੍ਰੀਤ ਆਰਟਿਸਟ ਅਤੇ ਗੁਰਵਿੰਦਰ ਸ਼ਰਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਨੂੰ ਆਪਣਾ ਜ਼ਿੱਦੀ ਰਵੱਈਆ ਛੱਡਣਾ ਚਾਹੀਦਾ ਹੈ ਅਤੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਮੇਟੀ ਪਹਿਲਾਂ ਹੀ ਸਰਕਾਰ ਨੂੰ ਸਾਰੇ ਫਾਇਦੇ ਅਤੇ ਨੁਕਸਾਨਾਂ ਦੀ ਰਿਪੋਰਟ ਦੇ ਚੁੱਕੀ ਹੈ। ਇਸ ਮੌਕੇ ਕੋਰਟ ਰੋਡ ਐਸੋਸੀਏਸ਼ਨ, ਕਿਸਾਨ ਸੰਗਠਨਾਂ, ਵਿਦਿਆਰਥੀ ਯੂਨੀਅਨ, ਕੈਮਿਸਟ ਐਸੋਸੀਏਸ਼ਨ ਦੇ ਆਗੂ, ਖੇਤ ਮਜ਼ਦੂਰ ਸਭਾ ਤੋਂ ਪ੍ਰਕਾਸ਼ ਸਿੰਘ, ਕਾਂਗਰਸ ਦੇ ਯੂਥ ਉਪ ਪ੍ਰਧਾਨ ਅਰਸ਼ਵੀਰ ਸਿੰਘ, ਪੁਲਿਸ ਪੈਨਸ਼ਨਰ, ਜੇਲ੍ਹ ਪੈਨਸ਼ਨਰ, ਰਣਜੀਤ ਸਿੰਘ ਅਤੇ ਰਾਮ ਜਿੰਦਲ ਆਦਿ ਹਾਜ਼ਰ ਸਨ।