ਰੇਲਵੇ ਟਰੈਕ 'ਤੇ ਦੋ ਹਾਦਸਿਆਂ ਵਿੱਚ ਦੋ ਜਣਿਆਂ ਦੀ ਮੌਤ, ਨਹੀਂ ਹੋ ਸਕੀ ਸ਼ਨਾਖਤ
- ਇੱਕ ਬਜ਼ੁਰਗ ਵਿਅਕਤੀ ਰੇਲਗੱਡੀ ਤੋਂ ਡਿੱਗ ਪਿਆ, ਇੱਕ ਨੌਜਵਾਨ ਦੀ ਟੱਕਰ
ਮਲਕੀਤ ਸਿੰਘ ਮਲਕਪੁਰ
ਲਾਲੜੂ 6 ਜੁਲਾਈ 2025: ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਲਾਲੜੂ ਨੇੜੇ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਲਾਲੜੂ ਰੇਲਵੇ ਸਟੇਸ਼ਨ ਨੇੜੇ ਰੇਲਗੱਡੀ ਤੋਂ ਡਿੱਗਣ ਨਾਲ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਘੋਲੂਮਾਜਰਾ ਨੇੜੇ ਰੇਲਗੱਡੀ ਦੀ ਟੱਕਰ ਨਾਲ ਇੱਕ 25 ਸਾਲਾ ਨੌਜਵਾਨ ਦੀ ਮੌਤ ਹੋ ਗਈ। ਦੋਵਾਂ ਹਾਦਸਿਆਂ ਵਿੱਚ ਮ੍ਰਿਤਕਾਂ ਦੀ ਅਜੇ ਤੱਕ ਸ਼ਨਾਖਤ ਨਹੀਂ ਹੋ ਸਕੀ ਹੈ। ਰੇਲਵੇ ਪੁਲਿਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਤੋਂ ਪਹਿਲਾਂ ਸ਼ਨਾਖਤ ਲਈ 72 ਘੰਟਿਆਂ ਲਈ ਡੇਰਾਬੱਸੀ ਸਿਵਲ ਹਸਪਤਾਲ ਵਿੱਚ ਰੱਖਿਆ ਹੈ।
ਜੀਆਰਪੀ ਚੌਕੀ ਲਾਲੜੂ ਦੇ ਇੰਚਾਰਜ ਏਐਸਆਈ ਮਨੋਹਰ ਲਾਲ ਨੇ ਦੱਸਿਆ ਕਿ ਅੰਬਾਲਾ-ਕਾਲਕਾ ਰੇਲਵੇ ਲਾਈਨ 'ਤੇ ਰੇਲਵੇ ਸਟੇਸ਼ਨ ਨੇੜੇ ਇੱਕ ਅਣਪਛਾਤੀ ਰੇਲਗੱਡੀ ਤੋਂ ਡਿੱਗਣ ਨਾਲ ਇੱਕ 60 ਸਾਲਾ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਨੇ ਉਸਦੀ ਕਮੀਜ਼ ਦੀ ਜੇਬ ਵਿੱਚੋਂ 250 ਰੁਪਏ ਅਤੇ 3 ਜੁਲਾਈ ਨੂੰ ਬਨੋ ਤੋਂ ਫਗਵਾੜਾ ਰੇਲਵੇ ਸਟੇਸ਼ਨ ਜਾਣ ਵਾਲੀ ਟਿਕਟ ਵੀ ਬਰਾਮਦ ਕੀਤੀ ਹੈ। ਮ੍ਰਿਤਕ ਦੀ ਲਾਸ਼ ਰੇਲਵੇ ਲਾਈਨ ਦੇ ਨੇੜੇ ਪਈ ਮਿਲੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਪ੍ਰਵਾਸੀ ਜਾਪਦਾ ਸੀ ਅਤੇ ਉਸ ਨੇ ਨੀਲੇ-ਸੰਤਰੀ ਡਿਜ਼ਾਈਨਰ ਟੀ-ਸ਼ਰਟ ਪਹਿਨੀ ਹੋਈ ਸੀ ,ਜਿਸ 'ਤੇ ਖੱਬੇ ਹੱਥ 'ਤੇ ਚਿੱਟੇ ਅੰਗਰੇਜ਼ੀ ਅੱਖਰਾਂ ਵਿੱਚ ਐਨਵਾਈਸੀ ਲਿਖਿਆ ਹੋਇਆ ਸੀ ਅਤੇ ਉਸ ਨੇ ਕਾਲੀ ਪੈਂਟ ਪਾਈ ਹੋਈ ਸੀ। ਇਸੇ ਪ੍ਰਕਾਰ ਦੂਜੇ ਹਾਦਸੇ ਸਬੰਧੀ ਮਨੋਹਰ ਲਾਲ ਨੇ ਕਿਹਾ ਕਿ ਉਕਤ ਰੇਲਵੇ ਰੂਟ 'ਤੇ ਰੇਲਵੇ ਲਾਈਨ ਪਾਰ ਕਰ ਰਹੇ ਇੱਕ ਨੌਜਵਾਨ ਨੂੰ ਇੱਕ ਅਣਪਛਾਤੀ ਰੇਲਗੱਡੀ ਨੇ ਟੱਕਰ ਮਾਰ ਦਿੱਤੀ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਦੇ ਅਨੁਸਾਰ ਮ੍ਰਿਤਕ ਨੇ ਆਪਣੀ ਪੈਂਟ ਦੇ ਉੱਪਰ ਇੱਕ ਲੋਅਰ ਪਹਿਨੀ ਹੋਈ ਸੀ, ਜਿਸਦੀ ਜੇਬ ਵਿੱਚੋਂ ਇੱਕ ਸਾਬਣ ਦੀ ਟਿੱਕੀ ਦੇ ਨਾਲ ਖਾਧੇ ਹੋਏ ਅੰਬ ਦੀਆਂ ਗੁਠਲੀਆਂ ਬਰਾਮਦ ਹੋਇਆ। ਮ੍ਰਿਤਕ ਨੇ ਕਾਲੀ ਟੀ-ਸ਼ਰਟ ਪਾਈ ਹੋਈ ਸੀ ਅਤੇ ਉਸਦੀ ਛਾਤੀ 'ਤੇ ਗੁਲਾਬੀ/ਚਿੱਟੇ ਚੱਕਰ ਵਿੱਚ ਅੰਗਰੇਜ਼ੀ ਵਿੱਚ ਐਚਡੀ ਲਿਖਿਆ ਹੋਇਆ ਸੀ ਅਤੇ ਉਸਦਾ ਰੰਗ ਕਣਕਵੰਨਾ ਸੀ। ਉਸ ਦੀ ਦਿੱਖ ਤੋਂ ਮ੍ਰਿਤਕ ਇੱਕ ਪ੍ਰਵਾਸੀ ਤੇ ਦਿਮਾਗੀ ਪ੍ਰੇਸ਼ਾਨ ਜਾਪਦਾ ਹੈ। ਦੋਵਾਂ ਮਾਮਲਿਆਂ ਵਿੱਚ ਬੀਐਨਐਸਐਸ 194 ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।