ਪੰਜਾਬ ਸਰਕਾਰ ਸੂਬੇ ਦੇ ਚਹੁੰਪਖੀ ਵਿਕਾਸ ਲਈ ਵਚਨਬੱਧ – ਹਰਚੰਦ ਬਰਸਟ
--- ਪੰਜਾਬ ਨੂੰ ਰੰਗਲਾ ਅਤੇ ਖੁਸ਼ਹਾਲ ਸੂਬਾ ਬਣਾਉਣ ਲਈ ਦਿਨ-ਰਾਤ ਕਾਰਜ ਕੀਤੇ ਜਾ ਰਹੇ ਹਨ – ਸੂਬਾ ਜਨਰਲ ਸਕੱਤਰ ‘ਆਪ’
ਚੰਡੀਗੜ੍ਹ, 4 ਜੁਲਾਈ, 2025 - ਹਰਚੰਦ ਸਿੰਘ ਬਰਸਟ, ਸੂਬਾ ਜਨਰਲ ਸਕੱਤਰ ਆਮ ਆਦਮੀ ਪਾਰਟੀ (ਆਪ), ਪੰਜਾਬ ਅਤੇ ਚੇਅਰਮੈਨ, ਪੰਜਾਬ ਮੰਡੀ ਬੋਰਡ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਚਹੁੰਪਖੀ ਵਿਕਾਸ ਅਤੇ ਲੋਕਾਂ ਨੂੰ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ ਅਤੇ ਸੂਬੇ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਦਿਨ-ਰਾਤ ਕਾਰਜ ਕਰ ਰਹੀ ਹੈ, ਜਿਸ ਤੋਂ ਲੋਕ ਬਹੁਤ ਖੁਸ਼ ਹਨ। ਇਸਦਾ ਸਬੂਤ ਹਾਲ ਹੀ ਵਿੱਚ ਲੁਧਿਆਣਾ ਪੱਛਮੀ ਦੀ ਜਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਸ਼ਾਨਦਾਰ ਜਿੱਤ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਪ੍ਰਦਾਨ ਕਰ ਰਹੀ ਹੈ ਅਤੇ ਪੰਜਾਬ ਨੂੰ ਤਰੱਕੀ ਦੇ ਰਾਹ 'ਤੇ ਲਿਜਾਣ ਅਤੇ ਖੁਸ਼ਹਾਲ ਬਣਾਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਚੰਗੀ ਸਿੱਖਿਆ ਅਤੇ ਚੰਗੀ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਚੰਗੀ ਸਿੱਖਿਆ ਪ੍ਰਣਾਲੀ ਸਦਕਾ ਐਨ.ਸੀ.ਈ.ਆਰ.ਟੀ. ਵੱਲੋਂ ਨੈਸ਼ਨਲ ਅਚੀਵਮੈਂਟ ਸਰਵੇ (ਐਨ.ਏ.ਐਸ.) 2024 ਵਿੱਚ ਪੰਜਾਬ ਨੇ ਦੇਸ਼ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ। ਪੰਜਾਬ ਸਰਕਾਰ ਸੂਬੇ ਵਿੱਚ ਤੇਜ਼ੀ ਨਾਲ ਵਿਕਾਸ ਕਾਰਜ ਕਰਵਾ ਰਹੀ ਹੈ, ਜਿਸ ਲਈ ਗ੍ਰਾਂਟਾਂ ਵੀ ਜਾਰੀ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ 3 ਸਾਲਾਂ ਦੇ ਕਾਰਜਕਾਲ ਦੌਰਾਨ ਸਿੱਖਿਆ, ਸਿਹਤ, ਰੁਜ਼ਗਾਰ ਸਮੇਤ ਹਰ ਖੇਤਰ ਵਿੱਚ ਸ਼ਾਨਦਾਰ ਕੰਮ ਕਰਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਰਕਾਰ ਵੱਲੋਂ ਨਸ਼ਿਆਂ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖ਼ਤ ਕਦਮ ਚੁੱਕੇ ਜਾ ਰਹੇ ਹਨ ਅਤੇ ਲੋਕਾਂ ਵੱਲੋਂ ਵੀ ਇਸ ਵਿੱਚ ਪੂਰਾ ਸਾਥ ਦਿੱਤਾ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੱਧ-ਚੜ੍ਹ ਕੇ ਨਸ਼ਿਆਂ ਖਿਲਾਫ਼ ਚੱਲ ਰਹੀ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਉਣ, ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾ ਸਕੇ।
ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਖੇਤਾਂ ਤੱਕ ਨਹਿਰਾ ਦਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਕਰੀਬ 55,000 ਨੋਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਜਾਂ ਸਿਫਾਰਿਸ਼ ਤੋਂ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ। ਹਰ ਮਹੀਨੇ 300 ਯੂਨੀਟ ਮੁਫ਼ਤ ਬਿਜਲੀ ਦਿੱਤੀ ਜਾ ਰਹੀ ਹੈ। ਮਹਿਲਾਵਾਂ ਨੂੰ ਮੁਫ਼ਤ ਬਸ ਸਰਵਿਸ, ਸੜਕ ਸੁਰੱਖਿਆ ਫੋਰਸ, ਸਕੂਲ ਆਫ ਐਮੀਨੈਂਸ, ਪ੍ਰਸ਼ਾਸਨਿਕ ਸੁਧਾਰ ਸਮੇਤ ਹਰ ਖੇਤਰ ਵਿੱਚ ਕਾਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਸੂਬੇ ਨੂੰ ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਲਗਾਤਾਰ ਕਾਰਜ ਕੀਤੇ ਜਾ ਰਹੇ ਹਨ।