ਖੇਤੀਬਾੜੀ ਵਿਭਾਗ ਵੱਲੋਂ ਨਰਮੇ ਦੀ ਫਸਲ ਹੇਠਲੇ ਰਕਬੇ 'ਚ 2000 ਹੈਕਟੇਅਰ ਵਾਧਾ ਹੋਣ ਦਾ ਦਾਅਵਾ
ਅਸ਼ੋਕ ਵਰਮਾ
ਬਠਿੰਡਾ, 4 ਜੁਲਾਈ 2025 : ਜ਼ਿਲ੍ਹਾ ਬਠਿੰਡਾ ਵਿੱਚ ਨਰਮੇ ਦੀ ਫ਼ਸਲ ਹੇਠ ਬਿਜਾਂਦ ਦੇ ਰਕਬੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 2000 ਹੈਕਟੇਅਰ ਦਾ ਵਾਧਾ ਹੋਇਆ ਹੈ। ਇਹ ਜਾਣਕਾਰੀ ਮੁੱਖ ਖੇਤੀਬਾੜੀ ਅਫ਼ਸਰ ਡਾ. ਜਗਦੀਸ਼ ਸਿੰਘ ਨੇ ਦਿੱਤੀ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਨਰਮੇ ਦੀ ਫ਼ਸਲ ਤੋਂ ਚੰਗੀ ਪੈਦਾਵਾਰ ਲੈਣ ਲਈ ਸਰਵੇਖਣ ਕਰਨ ਵਾਸਤੇ ਟੀਮਾਂ ਦਾ ਗਠਨ ਕੀਤਾ ਜਾ ਚੁੱਕਾ ਹੈ, ਜਿੰਨ੍ਹਾਂ ਵੱਲੋਂ ਕੀੜੇ ਮਕੌੜੇ ਅਤੇ ਬਿਮਾਰੀਆਂ ਸਬੰਧੀ ਲਗਾਤਾਰ ਸਰਵੇਖਣ ਕੀਤਾ ਜਾ ਰਿਹਾ ਹੈ। ਇਸ ਵਿੱਚ ਸਰਕਲ ਪੱਧਰ, ਬਲਾਕ ਪੱਧਰ ਅਤੇ ਜ਼ਿਲ੍ਹੇ ਪੱਧਰ ਦੀਆਂ ਟੀਮਾਂ ਬਣੀਆਂ ਹੋਈਆਂ ਹਨ। ਇਹ ਟੀਮਾਂ ਦੁਆਰਾ ਹਫ਼ਤੇ ਵਿੱਚ ਦੋ ਦਿਨ ਸੋਮਵਾਰ ਅਤੇ ਵੀਰਵਾਰ ਖੇਤਾਂ ਦਾ ਸਰਵੇਖਣ ਕੀਤਾ ਜਾਂਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਫ਼ਸਲ ਦੀ ਹਾਲਤ ਮੁਤਾਬਿਕ ਕਿਸਾਨਾਂ ਨੂੰ ਚਿੱਟੀ ਮੱਖੀ, ਹਰਾ ਤੇਲਾ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਸਲਾਹ ਦਿੱਤੀ ਜਾ ਰਹੀ ਹੈ। ਟੀਮਾਂ ਦੁਆਰਾ ਜ਼ਿਲ੍ਹੇ ਵਿੱਚ 142 ਸਪੋਟ ਤੇ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਗਿਆ, ਜਿਸ ਵਿੱਚ ਚਿੱਟੀ ਮੱਖੀ ਅਤੇ ਹਰੇ ਤੇਲੇ ਦੀ ਗਿਣਤੀ ਈਟੀਐਲ ਤੋਂ ਘੱਟ ਮਿਲ ਰਹੀ ਹੈ, ਪ੍ਰੰਤੂ ਜਿੰਨ੍ਹਾਂ ਖੇਤਾਂ ਵਿੱਚ ਕੁੱਝ ਥਾਵਾਂ ਤੇ ਜ਼ਿਆਦਾ ਗਿਣਤੀ ਮਿਲ ਰਹੀ ਹੈ ਉੱਥੇ ਕਿਸਾਨਾਂ ਨੂੰ ਲੋੜ ਅਨੁਸਾਰ ਸਪਰੇਅ ਕਰਨ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਅੱਗੇ ਇਹ ਵੀ ਦੱਸਿਆ ਕਿ ਕਈ ਖੇਤਾਂ ਵਿੱਚ ਨਦੀਨਾਂ ਦੀ ਸਮੱਸਿਆ ਦੇਖੀ ਗਈ ਹੈ, ਉਨ੍ਹਾਂ ਕਿਸਾਨਾਂ ਨੂੰ ਵੀ ਨਦੀਨਾਂ ਦੀ ਰੋਕਥਾਮ ਲਈ ਲੋੜ ਅਨੁਸਾਰ ਖਾਦਾਂ ਦੀ ਵਰਤੋਂ ਕਰਨ ਸਬੰਧੀ ਸਲਾਹ ਦਿੱਤੀ ਗਈ ਹੈ। ਇਸ ਤਰ੍ਹਾਂ ਅੱਗੇ ਤੋਂ ਵੀ ਲਗਾਤਾਰ ਹਰ ਹਫਤੇ ਸੋਮਵਾਰ ਤੇ ਵੀਰਵਾਰ ਨੂੰ ਪੂਰੇ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ ਦਾ ਸਰਵੇਖਣ ਕੀਤਾ ਜਾਵੇਗਾ ਅਤੇ ਕਿਸਾਨਾਂ ਨੂੰ ਲੋੜ ਅਨੁਸਾਰ ਫਸਲ ਦੀ ਸਾਂਭ-ਸੰਭਾਲ ਅਤੇ ਕੀੜੇ-ਮਕੌੜੇ ਤੇ ਹੋਰ ਬਿਮਾਰੀਆਂ ਦੀ ਰੋਕਥਾਮ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਤਾਂ ਕਿ ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਦਿਆਂ ਇਸ ਤੋਂ ਵੱਧ ਤੋਂ ਵੱਧ ਪੈਦਾਵਾਰ ਲਈ ਜਾ ਸਕੇ।