ਕੋਰੋਨਾ ਦੌਰਾਨ ਮਾਤਾ ਜਾਂ ਪਿਤਾ ਦੇ ਦੇਹਾਂਤ ਜਾਂ ਅਨਾਥ ਹੋਏ ਬੱਚਿਆਂ ਨਾਲ DC ਨੇ ਬਤੌਰ ਕਾਨੂੰਨੀ ਸਰਪ੍ਰਸਤ ਕੀਤੀ ਮੁਲਾਕਾਤ
• ਬੱਚਿਆਂ ਨੂੰ ਮਿਲ ਰਹੀਆਂ ਸਰਕਾਰੀ ਸਹੂਲਤਾਂ,ਰੱਖ ਰਖਾਓ,ਪੜਾਈ,ਸਿਹਤ ਅਤੇ ਹੋਰ ਜਰੂਰਤਾ ਸਬੰਧੀ ਇਕੱਤਰ ਕੀਤੀ ਜਾਣਕਾਰੀ
• ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਪ੍ਰਧਾਨ ਮੰਤਰੀ ਕੇਅਰ ਫ਼ੰਡ ਫ਼ਾਰ ਚਿਲਡਰਨ ਸਕੀਮ ਅਧੀਨ ਲਾਭ ਤੋਂ ਵਾਂਝੇ ਅਨਾਥ ਬੱਚਿਆਂ ਦੀ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਨੂੰ ਤੁਰੰਤ ਭੇਜੀ ਜਾਵੇ
ਮਾਲੇਰਕੋਟਲਾ 04 ਜੁਲਾਈ 2025 - ਕਰੌਨਾ ਦੌਰਾਨ ਮਾਤਾ ਜਾਂ ਪਿਤਾ ਦੇ ਦੇਹਾਂਤ ਜਾਂ ਅਨਾਥ ਹੋਏ ਬੱਚਿਆਂ ਨਾਲ ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਨੇ ਬਤੌਰ ਕਾਨੂੰਨੀ ਸਰਪ੍ਰਸਤ (ਲੀਗਲ ਗਾਰਡੀਅਨ) ਮੁਲਾਕਾਤ ਕੀਤੀ । ਇਸ ਮੌਕੇ ਕਰੌਨਾ ਦੌਰਾਨ ਦੋਵੇਂ ਮਾਪੇ ਗਵਾ ਚੁੱਕੇ ਪਿੰਡ ਮਤੋਈ ਦੇ ਬੱਚਿਆਂ ਤੋਂ ਇਲਾਵਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਮੌਜੂਦ ਸਨ ।
ਡਿਪਟੀ ਕਮਿਸ਼ਨਰ ਵਿਰਾਜ ਐਸ.ਤਿੜਕੇ ਨੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੀ ਪੜਾਈ, ਸਿਹਤ, ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਵਾਂ ਅਤੇ ਪੇਸ਼ ਆ ਰਹੀਆਂ ਸਮੱਸਿਆਵਾਂ ਸਬੰਧੀ ਜਾਣਕਾਰੀ ਇੱਕਤਰ ਕੀਤੀ । ਕੋਵਿਡ ਕਾਰਨ ਅਨਾਥ ਹੋਏ ਬੱਚਿਆਂ ਨੂੰ ਅਵਗਤ ਕਰਵਾਇਆ ਕਿ ਉਨ੍ਹਾਂ ਨੂੰ ਸਰਕਾਰ ਵਲੋਂ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਅਧੀਨ ਡਿਪਟੀ ਕਮਿਸ਼ਨਰ ਮਾਲੇਰਕੋਟਲਾ ਰਾਹੀਂ 10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਲਾਭ ਦਿੱਤਾ ਜਾ ਚੁੱਕਾ ਹੈ। ਡਿਪਟੀ ਕਮਿਸ਼ਨਰ ਨੇ ਬੱਚਿਆਂ ਨੂੰ ਦੱਸਿਆ ਕਿ ਡਾਕਖਾਨੇ ਵਿੱਚ ਉਹਨਾਂ ਦੇ ਖਾਤੇ ਖੋਲੇ ਗਏ ਹਨ ਅਤੇ ਇਹਨਾਂ ਖਾਤਿਆਂ ਵਿੱਚ ਇਹ ਸਹਾਇਤਾ ਰਾਸ਼ੀ ਦਿੱਤੀ ਜਾ ਚੁੱਕੀ ਹੈ। ਇਸ ਤੋਂ ਇਲਾਵਾ ਇਨ੍ਹਾਂ ਬੱਚਿਆਂ ਨੂੰ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਵੱਖ ਵੱਖ ਸਕੀਮਾਂ ਜਿਵੇਂ ਕਿ ਪੈਨਸ਼ਨ 1500 ਰੁਪਏ ਪ੍ਰਤੀ ਮਹੀਨਾ , ਸਪਾਂਸਰਸ਼ਿਪ ਸਕੀਮ ਅਧੀਨ 4000 ਪ੍ਰਤੀ ਮਹੀਨਾ ਵਜ਼ੀਫਾ ,ਐਕਸ ਗਰੇਸ਼ੀਆਂ ਗ੍ਰਾਂਟ 50,000 ਰੁਪਏ, ਸਰਬੱਤ ਸਿਹਤ ਬੀਮਾ ਸਕੀਮ ਤਹਿਤ 05 ਲੱਖ ਰੁਪਏ ਤੱਕ ਦਾ ਇਲਾਜ, ਸਮਾਰਟ ਰਾਸ਼ਨ ਕਾਰਡ, ਆਸ਼ੀਰਵਾਦ ਸਕੀਮ ਆਦਿ ਦਾ ਲਾਭ ਵੀ ਮੁਹੱਈਆ ਕਰਵਾਇਆ ਜਾ ਚੁੱਕਾ ਹੈ, ਨਾਲ ਹੀ ਬੱਚਿਆਂ ਦੀ ਸਕੂਲੀ ਫ਼ੀਸ ਮਾਫ਼ ਕਰਵਾ ਦਿੱਤੀ ਗਈ ਹੈ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਬੱਚਿਆ ਦਾ ਰੈਗੂਲਰ ਮੈਡੀਕਲ ਕਰਵਾਇਆ ਜਾਂਦਾ ਹੈ ਅਤੇ ਪਰਿਵਾਰ ਨਾਲ ਲਗਾਤਾਰ ਰਾਬਤਾ ਰੱਖਿਆ ਹੋਇਆ ਤਾਂ ਜੋ ਇਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਪੇਸ਼ ਨਾ ਆਵੇ।
ਇਸ ਮੌਕੇ ਵਿਰਾਜ ਐਸ.ਤਿੜਕੇ ਨੇ ਕਿਹਾ ਕਿ ਜਿਹੜੇ ਬੱਚੇ ਕਿਸੇ ਕਾਰਨ ਪ੍ਰਧਾਨ ਮੰਤਰੀ ਕੇਅਰ ਫੰਡ ਫਾਰ ਚਿਲਡਰਨ ਸਕੀਮ ਦਾ ਲਾਭ ਲੈਣ ਤੋ ਵਾਂਝੇ ਰਹਿ ਗਏ ਹਨ, ਉਨ੍ਹਾਂ ਦੇ ਫਾਰਮ ਭਰਨ ਲਈ ਸੂਚਨਾ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਮਾਲੇਰਕੋਟਲਾ ਹਰਪ੍ਰੀਤ ਕੌਰ ਨੂੰ ਭੇਜੀ ਜਾਵੇ ਤਾਂ ਜੋ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋ ਉਹਨਾਂ ਦਾ ਕੇਸ ਸਿਫਾਰਿਸ਼ ਕਰਕੇ ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਨੂੰ ਭੇਜਿਆ ਜਾ ਸਕੇ ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਅਜਿਹੇ ਬੱਚੇ ਜਿਹਨਾਂ ਦੇ ਮਾਤਾ ਜਾਂ ਪਿਤਾ ਜਾਂ ਫਿਰ ਦੋਨਾਂ ਦੀ 28 ਫਰਵਰੀ 2022 ਤੋਂ ਪਹਿਲਾਂ ਕਰੌਨਾ ਕਰਕੇ ਮੌਤ ਹੋਈ ਹੈ, ਤਾਂ ਇਸ ਦੀ ਸੂਚਨਾ ਤੁਰੰਤ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ ਦਫ਼ਤਰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮਾਲੇਰਕੋਟਲਾ ਮਕਾਨ ਨੰ.01 ਸ਼੍ਰੀ ਗੁਰੂ ਗੋਬਿੰਦ ਸਿੰਘ ਨਗਰ, ਨੇੜੇ ਅਨਾਜ ਮੰਡੀ, ਮਲੇਰਕੋਟਲਾ ਵਿਖੇ ਜਾਂ ਫੋਨ ਨੰਬਰ 7837501659, 9779348073 ਤੇ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।