ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਛੇ ਰੋਜ਼ਾ ਗੁਰਮਤਿ ਸਿੱਖਿਆ ਕੈਂਪ ਹੋਇਆ ਸੰਪੂਰਨ
ਦੀਦਾਰ ਗੁਰਨਾ
- ਸਮਰੱਥ ਅਤੇ ਚੇਤਨ ਨੌਜਵਾਨੀ ਹੈ ਕੌਮ ਦਾ ਸਭ ਤੋਂ ਵੱਡਾ ਸਰਮਾਇਆ: ਪ੍ਰੋ. ਪਰਿਤ ਪਾਲ ਸਿੰਘ
ਸ੍ਰੀ ਫਤਿਹਗੜ੍ਹ ਸਾਹਿਬ, 28 ਜੂਨ 2025 - ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ਦੇ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਮਤਿ ਸਿੱਖਿਆ ਕੈਂਪ (23—28 ਜੂਨ,2025) ਅੱਜ ਸੰਪਨ ਹੋਇਆ। ਕੈਂਪ ਦੇ ਸਮਾਪਨ ਸਮਾਰੋਹ ਵਿੱਚ ਸ਼ਾਮਿਲ ਹੁੰਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਪਰਿਤ ਪਾਲ ਸਿੰਘ ਨੇ ਆਖਿਆ ਕਿ ਕਿਸੇ ਕੌਮ ਲਈ ਸਮਰੱਥ ਅਤੇ ਚਿੰਤਨ ਨੌਜਵਾਨੀ ਹੀ ਉਸ ਦਾ ਸਭ ਤੋਂ ਵੱਡਾ ਸਰਮਾਇਆ ਹੁੰਦੀ ਹੈ। ਉਹਨਾਂ ਆਖਿਆ ਕਿ ਨੌਜਵਾਨੀ ਨੂੰ ਸਮਰੱਥ ਅਤੇ ਚੇਤਨ ਕਰਨ ਵਿੱਚ ਗੁਰਮਤ ਸਿੱਖਿਆ ਕੈਂਪਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਵੱਲੋਂ ਕੈਂਪ ਦੇ ਆਯੋਜਨ ਦੀ ਸ਼ਲਾਘਾ ਕਰਦਿਆਂ ਉਹਨਾਂ ਕਿਹਾ ਕਿ ਭਵਿੱਖ ਵਿੱਚ ਵੀ ਇਸ ਸਲਾਨਾ ਗੁਰਮਤਿ ਕੈਂਪ ਨੂੰ ਹੋਰ ਚੜਦੀਕਲਾ ਸਹਿਤ ਕੀਤੇ ਜਾਣ ਦੀ ਲੋੜ ਹੈ।
ਇਸ ਮੌਕੇ ਕੈਂਪ ਦੀ ਰਿਪੋਰਟ ਪੇਸ਼ ਕਰਦਿਆਂ ਵਿਰਾਸਤੀ ਗਿਆਨ ਪ੍ਰਬੰਧ ਕੇਂਦਰ ਦੇ ਕਨਵੀਨਰ ਡਾ. ਹਰਦੇਵ ਸਿੰਘ ਨੇ ਦੱਸਿਆ ਕਿ ਕੈਂਪ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ ਅਤੇ ਗੋਆ ਸੂਬਿਆਂ ਤੋਂ ਵਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਸ਼ਿਰਕਤ ਕੀਤੀ। ਉਹਨਾਂ ਦੱਸਿਆ ਕਿ ਕੈਂਪ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਸੀ, ਪਹਿਲੇ ਹਿੱਸੇ ਵਿੱਚ ਸਵੇਰੇ ਦੋ ਵਿਦਵਾਨ ਵਕਤਾ ਰੋਜ਼ਾਨਾ ਵਿਦਿਆਰਥੀਆਂ ਦੇ ਰੂਬਰੂ ਹੁੰਦੇ ਸਨ ਅਤੇ ਦੁਪਹਿਰ ਬਾਅਦ ਡੇਢ ਡੇਢ ਘੰਟੇ ਦੇ ਅੱਠ ਤਕਨੀਕੀ ਸੈਸ਼ਨ ਰੱਖੇ ਗਏ ਸਨ ਜਿਨਾਂ ਵਿੱਚ ਗੁਰਬਾਣੀ ਸੰਥਿਆ, ਸ਼ਬਦ ਕੀਰਤਨ, ਆਈ.ਟੀ., ਸਪੋਕਨ ਇੰਗਲਿਸ਼, ਸਿਰਜਣਾਤਮਕ ਲੇਖਣ, ਗੁਰਮੁਖੀ ਅੱਖਰਕਾਰੀ, ਦਸਤਾਰ ਸਿੱਖਿਆ ਅਤੇ ਗਤਕੇ ਦੀ ਸਿੱਖਿਆ ਦਿੱਤੀ ਗਈ।
ਇਸ ਦੌਰਾਨ ਪ੍ਰੋ. ਹਰਪਾਲ ਸਿੰਘ ਪੰਨੂ ਚੇਅਰ-ਪਰਸਨ, ਚੰਡੀਗੜ੍ਹ ਯੂਨੀਵਰਸਿਟੀ ਘੜੂਆਂ, ਪ੍ਰੋ. ਹਰਭਜਨ ਸਿੰਘ ਸੇਵਾ ਮੁਕਤ ਡਾਇਰੈਕਟਰ, ਭਾਈ ਬਲਬੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ, ਪ੍ਰੋ. ਪਰਮਵੀਰ ਸਿੰਘ ਮੁਖੀ ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਬੀਰਬਿਕਰਮ ਸਿੰਘ, ਐਸੋਸ਼ੀਏਟ ਪ੍ਰੋਫੈਸਰ, ਸੈਂਟਰਲ ਯੂਨੀਵਰਸਿਟੀ, ਪਾਂਡੀਚਰੀ, ਡਾ. ਸਿਕੰਦਰ ਸਿੰਘ ਡੀਨ ਵਿਦਿਆਰਥੀ ਭਲਾਈ ਤੇ ਮੁਖੀ ਪੰਜਾਬੀ ਵਿਭਾਗ, ਭਾਈ ਸਤਨਾਮ ਸਿੰਘ ਕਥਾਵਾਚਕ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਡਾ. ਸੇਵਕ ਸਿੰਘ ਆਦਿ ਪੰਥਕ ਵਿਦਵਾਨ ਸ਼ਾਮਿਲ ਹੋਏ। ਤਕਨੀਕੀ ਸੈਸ਼ਨ ਵਿੱਚ ਡਾ. ਗੁਰਪ੍ਰੀਤ ਸਿੰਘ ਅਰਥ-ਸ਼ਾਸਤਰ ਵਿਭਾਗ, ਡਾ. ਬਲਜੀਤ ਕੌਰ ਅੰਗਰੇਜ਼ੀ ਵਿਭਾਗ, ਡਾ. ਬਿੰਦਰ ਸਿੰਘ ਪੰਜਾਬੀ ਵਿਭਾਗ, ਡਾ. ਕਿਰਨਪ੍ਰੀਤ ਕੌਰ ਕੰਪਿਊਟਰ ਸਾਇੰਸ ਵਿਭਾਗ, ਸਹਾਇਕ ਪ੍ਰੋਫੈਸਰ ਹਰਪ੍ਰੀਤ ਸਿੰਘ ਅਤੇ ਡਾ. ਸਵਰਲੀਨ ਕੌਰ ਸੰਗੀਤ ਵਿਭਾਗ, ਸਹਾਇਕ ਪ੍ਰੋਫੈਸਰ ਨਵਜੋਤ ਕੌਰ ਸਿੱਖਿਆ ਵਿਭਾਗ ਅਤੇ ਗੱਤਕਾ ਕੋਚ ਤਲਵਿੰਦਰ ਸਿੰਘ ਸਰੀਰਕ ਸਿੱਖਿਆ ਵਿਭਾਗ ਨੇ ਰਿਸੋਰਸ ਪਰਸਨ ਅਤੇ ਕੋਆਰਡੀਨੇਟਰ ਦੀ ਭੂਮਿਕਾ ਨਿਭਾਈ। ਕੈਂਪ ਦੌਰਾਨ ਇੱਕ ਪੂਰਾ ਦਿਨ ਵਿਦਿਆਰਥੀਆਂ ਨੂੰ ਸ੍ਰੀ ਫਤਿਹਗੜ੍ਹ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਰੱਖਿਆ ਗਿਆ। ਅੱਜ ਵਿਦਾਇਗੀ ਸੈਸ਼ਨ ਵਿੱਚ ਡਾ. ਸਿਕੰਦਰ ਸਿੰਘ ਨੇ ਪਹੁੰਚੇ ਪਤਵੰਤਿਆਂ ਅਤੇ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਰਕਾਰੀ ਬਿਕਰਮ ਕਾਲਜ ਆਫ਼ ਕਾਮਰਸ, ਪਟਿਆਲਾ, ਬੀ.ਬੀ.ਕੇ.ਡੀ.ਏ.ਵੀ. ਕਾਲਜ ਫ਼ਾਰ ਵੂਮੈਨ ਅੰਮ੍ਰਿਤਸਰ, ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ, ਗੁਰੂ ਨਾਨਕ ਸਕੂਲ ਬਸਿਆ, ਖਾਲਸਾ ਕਾਲਜ ਗੜ੍ਹਦੀਵਾਲਾ, ਜਨਰਲ ਸ਼ਿਵਦੇਵ ਸਿੰਘ ਦੀਵਾਨ ਸਿੰਘ ਖਾਲਸਾ ਕਾਲਜ ਪਟਿਆਲਾ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ, ਸ੍ਰੀ ਅਨੰਦਪੁਰ ਸਾਹਿਬ, ਮਾਤਾ ਸਾਹਿਬ ਕੌਰ ਖਾਲਸਾ ਕਾਲਜ ਲੜਕੀਆਂ, ਮਾਤਾ ਗੁਜਰੀ ਖਾਲਸਾ ਕਾਲਜ, ਮਾਤਾ ਸਾਹਿਬ ਕੌਰ ਗਰਲ ਕਾਲਜ ਬਰਨਾਲਾ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ ਗਰਲਜ਼, ਆਕੜ, ਸਰਕਾਰੀ ਰਾਜਿੰਦਰ ਕਾਲਜ, ਬਠਿੰਡਾ, ਗੁਰੂ ਨਾਨਕ ਖਾਲਸਾ ਕਾਲਜ ਡਰੋਲੀਕਲਾਂ, ਜਲੰਧਰ, ਬੀ.ਐਮ. ਖਾਲਸਾ ਕਾਲਜ, ਗੜ੍ਹਸ਼ੰਕਰ, ਮਾਤਾ ਗੁਜਰੀ ਖਾਲਸਾ ਕਾਲਜ ਕਰਤਾਰਪੁਰ, ਸਰਕਾਰੀ ਕਾਲਜ, ਪੇਹੋਵਾ ਹਰਿਆਣਾ ਅਤੇ ਉਹਨਾਂ ਤੋਂ ਪਹੁੰਚੇ ਸਟਾਫ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।
ਰਿਵਿਊ ਸੈਸ਼ਨ ਵਿੱਚ ਵੱਖ-ਵੱਖ ਸੰਸਥਾਵਾਂ ਨਾਲ ਸੰਬੰਧਿਤ ਸਟਾਫ ਅਤੇ ਵਿਦਿਆਰਥੀਆਂ ਨੇ ਕੈਂਪ ਆਯੋਜਕਾਂ ਦੀ ਭਰਪੂਰ ਪ੍ਰਸ਼ੰਸਾ ਕੀਤੀ ਅਤੇ ਅਜਿਹੇ ਹੋਰ ਉਪਰਾਲੇ ਕਰਨ ਦੀ ਲੋੜ ਜਾਹਿਰ ਕੀਤੀ। ਪ੍ਰੋਗਰਾਮ ਦੇ ਅਖੀਰ ਵਿੱਚ ਵਿਦਿਆਰਥੀਆਂ ਅਤੇ ਸਟਾਫ ਨੂੰ ਸਰਟੀਫਿਕੇਟ ਅਤੇ ਇਨਾਮ ਵੰਡੇ ਗਏ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਰਜਿਸਟਰਾਰ ਜਗਜੀਤ ਸਿੰਘ, ਗੁਰਵਿੰਦਰ ਸਿੰਘ ਸੋਢੀ ਸਰੀਰਕ ਸਿੱਖਿਆ ਵਿਭਾਗ, ਡਾ ਪਲਵਿੰਦਰ ਕੌਰ ਤੇ ਜਸਵੀਰ ਸਿੰਘ ਧਰਮ ਅਧਿਐਨ ਵਿਭਾਗ ਆਦਿ ਹਾਜ਼ਰ ਸਨ।