ਖ਼ਬਰ ਦਾ ਅਸਰ : ਨਗਰ ਕੌਂਸਲ ਨੇ ਨਾਲਿਆਂ ਦੀ ਸਫਾਈ ਤੇ ਮੁਰੰਮਤ ਦਾ ਕੰਮ ਆਰੰਭਿਆ
ਮਲਕੀਤ ਸਿੰਘ ਮਲਕਪੁਰ
ਲਾਲੜੂ 28 ਜੂਨ 2025: ਨਗਰ ਕੌਂਸਲ ਲਾਲੜੂ ਦੇ ਵੱਖ-ਵੱਖ ਵਾਰਡਾਂ ਵਿੱਚ ਨਾਲਿਆਂ ਦੀ ਸਫ਼ਾਈ ਸਬੰਧੀ ਖ਼ਬਰ ਰੋਜ਼ਾਨਾ ਪਹਿਰੇਦਾਰ ਅਖ਼ਬਾਰ ਵਿੱਚ ਪ੍ਰਕਾਸ਼ਿਤ ਹੋਣ ਤੋਂ ਬਾਅਦ ਨਗਰ ਕੌਂਸਲ ਲਾਲੜੂ ਦਾ ਪ੍ਰਸਾਸ਼ਨ ਹਰਕਤ ਵਿੱਚ ਆਇਆ ਅਤੇ ਨਾਲਿਆਂ ਦੀ ਸਫਾਈ ਅਤੇ ਟੁੱਟੀਆਂ ਹੋਈਆਂ ਡਰੇਨਜ਼ ਦੀ ਮੁਰੰਮਤ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਰੋਜ਼ਾਨਾ ਪਹਿਰੇਦਾਰ ਅਖਬਾਰ ਵਿੱਚ ਵਾਰਡ ਨੰਬਰ 4, 5 ਅਤੇ 6 ਦੇ ਨਾਲਿਆਂ ਅਤੇ ਸੀਵਰੇਜ਼ ਵਿੱਚ ਭਰੀ ਰਹੀ ਗੰਦਗੀ ਨੂੰ ਸਾਫ ਕਰਨ ਸਬੰਧੀ ਅਤੇ ਪਾਣੀ ਦੀ ਨਿਕਾਸੀ ਸਬੰਧੀ ਖ਼ਬਰ ਪ੍ਰਕਾਸ਼ਿਤ ਕੀਤੀ ਗਈ ਸੀ, ਜਿਸ ਵਿੱਚ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਸਮੱਸਿਆ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਕਿਹਾ ਸੀ ਕਿ ਕੌਂਸਲ ਅਧਿਕਾਰੀਆਂ ਨੇ ਹੁਣ ਤੱਕ ਨਾਲਿਆਂ ਅਤੇ ਸੀਵਰੇਜ਼ ਦੀ ਸਫਾਈ ਵੱਲ ਕੋਈ ਧਿਆਨ ਨਹੀਂ ਦਿੱਤਾ ਹੈ। ਸੜਕਾਂ ਅਤੇ ਘਰਾਂ ਦੇ ਬਾਹਰ ਖੜ੍ਹੇ ਡਰੇਨਾਂ ਦੇ ਪ੍ਰਦੂਸ਼ਿਤ ਪਾਣੀ ਕਾਰਨ ਵਾਤਾਵਰਣ ਪ੍ਰਦੂਸ਼ਿਤ ਹੋ ਰਿਹਾ ਹੈ, ਜਦੋਂ ਕਿ ਮੱਖੀਆਂ ਅਤੇ ਮੱਛਰਾਂ ਦੀ ਗਿਣਤੀ ਵਧਣ ਕਾਰਨ ਬਿਮਾਰੀਆਂ ਫੈਲਣ ਦਾ ਵੀ ਡਰ ਹੈ।