ਸੀਨੀਅਰ ਸਿਟੀਜਨ ਵੈਨਫੇਅਰ ਸੋਸਾਇਟੀ ਵੱਲੋਂ ਡਾ.ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ
ਪਟਿਆਲਾ: 28 ਜੂਨ 2025: ਡਾ.ਰਤਨ ਸਿੰਘ ਜੱਗੀ ਦਾ ਜੀਵਨ ਸਾਹਿਤਕਾਰਾਂ ਅਤੇ ਨੌਜਵਾਨਾ ਲਈ ਪ੍ਰੇਰਨਾਸ੍ਰੋਤ ਦਾ ਕੰਮ ਕਰੇਗਾ। ਵਰਤਮਾਨ ਬੇਰੋਜ਼ਗਾਰੀ ਅਤੇ ਨੌਜਵਾਨਾ ਵਿੱਚ ਨਿਰਾਸ਼ਾ ਵਾਲੇ ਸਮੇਂ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ, ਫਾਰਸੀ ਅਤੇ ਸੰਸਕ੍ਰਿਤ ਦੇ ਸੰਸਾਰ ਪ੍ਰਸਿੱਧ ਵਿਦਵਾਨ ਡਾ.ਰਤਨ ਸਿੰਘ ਜੱਗੀ ਦਾ ਜਦੋਜਹਿਦ ਵਾਲਾ ਜੀਵਨ ਰਾਹ ਦਸੇਰਾ ਬਣ ਸਕਦਾ ਹੈ। ਡਾ.ਰਤਨ ਸਿੰਘ ਜੱਗੀ ਨੇ 1947 ਵਿੱਚ ਦੇਸ਼ ਦੀ ਵੰਡ ਸਮੇਂ ਲਹਿੰਦੇ ਪੰਜਾਬ ਵਿੱਚੋਂ ਆ ਕੇ ਇੱਕ ਸਿਪਾਹੀ ਦੀ ਨੌਕਰੀ ਸ਼ੁਰੂ ਕੀਤੀ ਸੀ, ਪ੍ਰੰਤੂ ਉਨ੍ਹਾਂ ਦੀ ਮਿਹਨਤ, ਲਗਨ ਅਤੇ ਦ੍ਰਿੜ੍ਹਤਾ ਨੇ ਉਨ੍ਹਾਂ ਨੂੰ ਪਦਮ ਸ੍ਰੀ ਵਰਗੇ ਮਾਨ ਸਨਮਾਨ ਦਿਵਾਏ ਅਤੇ ਉਨ੍ਹਾਂ ਨੇ ਅਨੇਕ ਆਰਥਿਕ ਮੁਸ਼ਕਲਾਂ ਦਾ ਮੁਕਾਬਲਾ ਕਰਦੇ ਹੋਏ ਤਿੰਨ ਡੀ.ਲਿਟ ਦੀਆਂ ਡਿਗਰੀਆਂ ਅਤੇ 150 ਤੋਂ ਵੱਧ ਪੁਸਤਕਾਂ ਲਿਖਕੇ ਆਪਣਾ ਨਾਮ ਸਾਹਿਤਕ ਜਗਤ ਵਿੱਚ ਚਮਕਾਇਆ ਸੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਲਮ ਨਵੀਸ ਉਜਾਗਰ ਸਿੰਘ ਨੇ ਅਰਬਨ ਅਸਟੇਟ ਪਟਿਆਲਾ ਦੀ ਸੀਨੀਅਰ ਸਿਟੀਜਨ ਵੈਲਫੇਅਰ ਸੋਸਾਇਟੀ ਵੱਲੋਂ ਸੋਸਾਇਟੀ ਦੇ ਮੁੱਖ ਸਰਪਰਸਤ ਡਾ.ਰਤਨ ਸਿੰਘ ਜੱਗੀ ਦੀ ਯਾਦ ਵਿੱਚ ਆਯੋਜਤ ਕੀਤੀ ਗਈ ਮੀਟਿੰਗ ਵਿੱਚ ਮੁੱਖ ਵਕਤਾ ਦੇ ਤੌਰ ‘ਤੇ ਸ਼ਰਧਾਂਜ਼ਲੀ ਭੇਂਟ ਕਰਦਿਆਂ ਕੀਤਾ। ਦੋ ਮਿੰਟ ਦਾ ਮੋਨ ਰੱਖਕੇ ਸ਼ਰਧਾ ਦੇ ਫੁਲ ਭੇਂਟ ਕੀਤੇ। ਇਸ ਮੌਕੇ ‘ਤੇ ਸੋਸਾਇਟੀ ਦੇ ਪ੍ਰਧਾਨ ਅਸ਼ੋਕ ਰਾਜ ਸਿੰਘ ਪੰਨੂ ਨੇ ਵੀ ਡਾ ਰਤਨ ਸਿੰਘ ਜੱਗੀ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਅਤੇ ਆਏ ਮਹਿਮਾਨਾ ਅਤੇ ਸਮੂਹ ਮੈਂਬਰਾਂ ਦਾ ਧੰਨਵਾਦ ਕੀਤਾ। ਡਾ.ਵਿਸ਼ਵ ਗੋਇਲ ਮਨੀਪਾਲ ਹਸਪਤਾਲ ਪਟਿਆਲਾ ਨੇ ਹੱਡੀਆਂ ਦੀਆਂ ਬਿਮਾਰੀਆਂ ਦੇ ਬਚਾਓ ਅਤੇ ਇਲਾਜ਼ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਇਸ ਮਹੀਨੇ ਜਿਹੜੇ ਮੈਂਬਰਾਂ ਦੇ ਜਨਮ ਸਨ, ਉਨ੍ਹਾਂ ਦੇ ਜਨਮ ਦਿਨ ਕੇਕ ਕੱਟਕੇ ਮਨਾਏ ਗਏ।
ਤਸਵੀਰਾਂ: ਲੋੜ ਅਨੁਸਾਰ ਤਸਵੀਰਾਂ ਦੀ ਚੋਣ ਕਰ ਲਈ ਜਾਵੇ।