ਭਗਤ ਪੂਰਨ ਸਿੰਘ ਦਾ 121 ਵਾਂ ਜਨਮ ਦਿਨ ਯੂਕੇ ਦੀ ਪਾਰਲੀਮੈਂਟ ਵਿੱਚ ਪ੍ਰਦਰਸ਼ਨੀ ਲਗਾ ਕੇ ਮਨਾਇਆ
- ਜਗਰਾਜ ਸਿੰਘ ਸਰਾਂ ਦੇ ਪਿੰਗਲਵਾੜਾ ਸੁਸਾਇਟੀ ਲਈ ਸੇਵਾਵਾਂ ਦੇ 20 ਸਾਲ ਹੋਣ 'ਤੇ ਵਧਾਈ
ਮਨਦੀਪ ਖੁਰਮੀ ਹਿੰਮਤਪੁਰਾ
ਲੰਡਨ, 28 ਜੂਨ 2025 - ਪਿੰਗਲਵਾੜਾ ਸੰਸਥਾ ਦੇ ਬਾਨੀ ਤੇ ਮਾਨਵਤਾ ਦੇ ਦਰਦੀ ਭਗਤ ਪੂਰਨ ਸਿੰਘ ਜੀ ਦਾ 121 ਵਾਂ ਜਨਮ ਦਿਨ ਯੂਕੇ ਦੀ ਪਾਰਲੀਮੈਂਟ ਵਿੱਚ ਇੱਕ ਪ੍ਰਦਰਸ਼ਨੀ ਲਗਾ ਕੇ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪਿੰਗਲਵਾੜਾ ਸੁਸਾਇਟੀ ਯੂਕੇ ਦੇ ਪ੍ਰਧਾਨ ਜਗਰਾਜ ਸਿੰਘ ਸਰਾਂ (ਬੀ ਈ ਐੱਮ) ਦੀ ਅਗਵਾਈ ਵਿੱਚ ਸੁਸਾਇਟੀ ਦੇ ਸੱਦੇ 'ਤੇ ਵੱਖ ਵੱਖ ਗੁਰੂਘਰਾਂ ਦੇ ਸੇਵਾਦਾਰਾਂ ਅਤੇ ਹੋਰ ਵੱਖ ਵੱਖ ਪ੍ਰਮੁੱਖ ਸਖਸੀਅਤਾਂ ਨੇ ਹਿੱਸਾ ਲਿਆ। ਮੈਂਬਰ ਪਾਰਲੀਮੈਂਟ ਸੀਮਾ ਮਲਹੋਤਰਾ ਨੇ ਪ੍ਰੋਗਰਾਮ ਦਾ ਸੰਚਾਲਨ ਕੀਤਾ ਤੇ ਸਟੇਜ ਦੀ ਜਿੰਮੇਵਾਰੀ ਟੋਨੀ ਪੈਟੀ ਨਾਮੀ ਰੇਡੀਓ ਪਰਜੈਂਟਰ ਨੇ ਨਿਭਾਈ।
ਜਗਰਾਜ ਸਿੰਘ ਸਰਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਦੁਨੀਆਂ ਦਾ ਮਹਾਨ ਇਨਸਾਨ ਅਤੇ ਦੁੱਖਾਂ ਨਾਲ ਜੂਝਦੀ ਮਨੁੱਖਤਾ ਦਾ ਮਸੀਹਾ ਅਤੇ ਕੁਦਰਤ ਦਾ ਮਹਾਨ ਪ੍ਰੇਮੀ ਕਿਹਾ ਅਤੇ ਇਹੀ ਸੁਨੇਹਾ ਸਾਰੇ ਮਹਿਮਾਨਾਂ ਨੂੰ ਆਪੋ ਆਪਣੀਆਂ ਸੰਸਥਾਵਾਂ ਤੱਕ ਲੈ ਕੇ ਜਾਣ ਦੀ ਪ੍ਰੇਰਨਾ ਕੀਤੀ। ਪਾਰਲੀਮੈਂਟ ਵਿੱਚ ਲਗਾਈ ਪ੍ਰਦਰਸ਼ਨੀ ਵਿੱਚ ਭਗਤ ਜੀ ਦੀਆਂ ਪੁਰਾਣੀਆਂ ਤਸਵੀਰਾਂ ਲਗਾ ਕੇ ਅਤੇ ਪਿੰਗਲਵਾੜੇ ਦੀਆਂ ਪ੍ਰਾਪਤੀਆਂ ਦਾ ਵੀ ਜ਼ਿਕਰ ਹੋਇਆ। ਸਾਰੇ ਮਹਿਮਾਨਾਂ ਨੇ ਸੁਸਾਇਟੀ ਦੇ ਮਨੁੱਖਤਾ ਦੇ ਭਲੇ ਦੇ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਡਾ: ਬੀਬੀ ਇੰਦਰਜੀਤ ਕੌਰ ਦੀ ਅਗਵਾਈ ਵਿੱਚ ਪਿੰਗਲਵਾੜੇ ਦੀਆਂ ਪ੍ਰਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ।
ਸਾਰੇ ਹੀ ਮਹਿਮਾਨਾਂ ਨੇ ਭਗਤ ਪੂਰਨ ਸਿੰਘ ਜੀ ਨੂੰ ਨੋਬਲ ਪ੍ਰਾਈਜ਼ ਦਾ ਦਾਅਵੇਦਾਰ ਮੰਨਿਆ। ਸੁਸਾਇਟੀ ਦੇ ਸਹਾਇਕ ਪ੍ਰਧਾਨ ਸੁਖਦੇਵ ਸਿੰਘ ਸੰਧਾਵਾਲੀਆ, ਜਨਰਲ ਸਕੱਤਰ ਕੁਲਵਿਦਰ ਕੌਰ, ਤੇਜਿੰਦਰ ਕੌਰ ਬੱਬੂ, ਮਨਜੀਤ ਸਿੰਘ ਰਾਏ, ਸੇਵਾਦਾਰ ਮਨਜੀਤ ਸਿੰਘ, ਕਸ਼ਮੀਰ ਕੌਰ, ਸੁਖਪ੍ਰੀਤ ਕੌਰ ਸ਼ਾਮਲ ਸਨ।ਇਸ ਤੋਂ ਇਲਾਵਾ ਯੂਕੇ ਦੇ ਗੁਰੂਘਰਾਂ ਸਾਊਥਾਲ ਸਿੰਘ ਸਭਾ, ਐਲਸ ਵੇਅ ਹੰਸਲੋ, ਮਾਰਨਿਡੇਲ ਸਾਊਥਾਲ ਗੁਰੂਘਰ, ਸੂਹੀ ਵੇਅ ਸਲੋਅ, ਗ੍ਰੇਵਜੈਂਡ, ਈਲੰਗ ਗੁਰੂ ਘਰਾਂ ਦੇ ਸੇਵਾਦਾਰਾਂ ਨੇ ਸ਼ਿਰਕਤ ਕੀਤੀ। ਸਾਹਿਤਕਾਰ ਕੁਲਵੰਤ ਕੌਰ ਢਿੱਲੋਂ, ਸਮਾਜਸੇਵੀ ਸਿਵਦੀਪ ਕੌਰ ਢੇਸੀ, ਹਰਬਖਸ ਸਿੰਘ, ਪੀਬੀਸੀ ਚੈੱਨਲ ਤੋਂ ਸਨਦੀਪ ਸਿੰਘ ਅਤੇ ਇੰਦਰਜੀਤ ਕੌਰ ਅਤੇ ਮਾਤਾ ਜੀ ਸਵਰਨਜੀਤ ਕੌਰ ਜੋਹਲ ਵੀ ਸ਼ਾਮਲ ਸਨ। ਲਾਰਡ ਕੁਲਦੀਪ ਸਿੰਘ ਸਹੋਤਾ ਅਤੇ ਮਿਡਲੈਂਡ ਦੇ ਐੱਮ ਪੀਜ ਨੇ ਹਿੱਸਾ ਲਿਆ। ਜਗਰਾਜ ਸਿੰਘ ਸਰਾਂ ਨੇ ਮਨੁੱਖਤਾ ਦੀ ਸੇਵਾ ਕਰ ਰਹੀ ਪਿੰਗਲਵਾੜਾ ਸੰਸਥਾ ਲਈ ਇਸ ਸਾਲ 20 ਸਾਲ ਪੂਰੇ ਕਰਨ 'ਤੇ ਸਾਰੇ ਮਹਿਮਾਨਾਂ ਨੇ ਉਹਨਾਂ ਨੂੰ ਵਧਾਈ ਦਿਤੀ।