ਖੇਤ ਮਜ਼ਦੂਰ ਆਗੂ ਹਰਭਗਵਾਨ ਮੂਣਕ 'ਤੇ ਹਮਲੇ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਰੋਹ ਭਰਪੂਰ ਮੁਜ਼ਾਹਰਾ
ਅਸ਼ੋਕ ਵਰਮਾ
ਮੂਣਕ , 28 ਜੂਨ 2025 :ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰਭਗਵਾਨ ਮੂਣਕ 'ਤੇ ਗੋਬਿੰਦਪੁਰ ਪਾਪੜਾ ਦੇ ਜਾਗੀਰੂ ਚੌਧਰੀਆਂ ਵੱਲੋਂ ਕੀਤੇ ਕਾਤਲਾਨਾ ਹਮਲੇ ਤੋਂ ਰੋਹ ਆਏ ਵਿੱਚ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਤੇ ਔਰਤਾਂ ਨੇ ਅੱਜ ਮੂਣਕ ਦੀ ਦਾਣਾ ਮੰਡੀ ਚ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਚ ਰੋਹ ਭਰਪੂਰ ਮੁਜ਼ਾਹਰਾ ਕਰਕੇ ਡੀ ਐਸ ਪੀ ਦਫਤਰ ਅੱਗੇ ਸਮਾਪਤ ਕੀਤਾ। ਮੁਜਾਰਾਕਾਰੀਆਂ ਨੇ ਦੋਸ਼ੀਆਂ ਖਿਲਾਫ ' ਇਰਾਦਾ ਕਤਲ ਤੇ ਐਸ ਸੀ ਐਸ ਟੀ ਐਕਟ ਤਹਿਤ ਕੇਸ ਦਰਜ ਕਰਕੇ ਤੁਰੰਤ ਗਿਰਫ਼ਤਾਰ ਅਤੇ ਕੁਤਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮਜ਼ਦੂਰ ਆਗੂ 'ਤੇ ਹੋਏ ਹਮਲੇ ਨੂੰ ਲੋਕਾਂ ਦੇ ਜਥੇਬੰਦ ਹੋ ਕੇ ਸੰਘਰਸ਼ ਕਰਨ ਦੇ ਹੱਕ 'ਤੇ ਹਮਲਾ ਕਰਾਰ ਦਿੱਤਾ। ਉਹਨਾਂ ਆਖਿਆ ਕਿ ਹਰਭਗਵਾਨ ਸਿੰਘ ਮੂਣਕ ਤੇ ਡੀ ਐਸ ਪੀ ਦਫਤਰ ਦਫਤਰ ਦੇ ਸਾਹਮਣੇ ਜਾਨ ਲੇਵਾ ਹਮਲਾ ਹੋਣਾ ਦੋਸ਼ੀਆਂ ਨੂੰ ਪੁਲਿਸ ਅਧਿਕਾਰੀਆਂ ਤੇ ਆਪ ਸਰਕਾਰ ਦੀ ਹਮਾਇਤ ਦਾ ਮੂੰਹ ਬੋਲਦਾ ਸਬੂਤ ਹੈ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਖਿਆ ਕਿ ਪਿੰਡ ਗੋਬਿੰਦਪੁਰ ਪਾਪੜਾ ਦੇ ਸਾਬਕਾ ਤੇ ਮੌਜੂਦਾ ਸਰਪੰਚ ਦੇ ਪਤੀ ਤੋਂ ਇਲਾਵਾ ਉਨ੍ਹਾਂ ਦੀ ਗੁੰਡਾ ਢਾਣੀ ਵੱਲੋਂ ਮਜ਼ਦੂਰ ਆਗੂ ਹਰਭਗਵਾਨ ਸਿੰਘ 'ਤੇ ਕੀਤਾ ਗਿਆ ਹਮਲਾ ਮਜ਼ਦੂਰ ਜਥੇਬੰਦੀ ਨੂੰ ਆਗੂ ਰਹਿਤ ਕਰਨ ਦੀ ਕੋਝੀ ਚਾਲ ਹੈ। ਉਹਨਾਂ ਆਖਿਆ ਕਿ ਗੋਬਿੰਦਪੁਰ ਪਾਪੜਾ ਦੇ ਜਗੀਰੂ ਚੌਧਰੀ ਮਜ਼ਦੂਰਾਂ ਵੱਲੋਂ ਠੇਕੇ 'ਤੇ ਲਈ ਗਈ ਪੰਚਾਇਤੀ ਜ਼ਮੀਨ 'ਚੋਂ ਮਜ਼ਦੂਰਾਂ ਨੂੰ ਬੇਦਖਲ ਕਰਨ ਲਈ ਵਾਰ ਵਾਰ ਹਮਲੇ ਕਰ ਰਹੇ ਹਨ ਪਰ ਦੋਸ਼ੀਆਂ ਨੂੰ ਇੱਕ ਕੈਬਨਿਟ ਮੰਤਰੀ ਦਾ ਥਾਪੜਾ ਹੋਣ ਕਾਰਨ ਪੁਲਿਸ ਅਧਿਕਾਰੀ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਦੇ ਆ ਰਹੇ ਹਨ। ਉਹਨਾਂ ਆਖਿਆ ਕਿ 23 ਜੂਨ ਨੂੰ ਮਜ਼ਦੂਰਾਂ ਵੱਲੋਂ ਪੰਚਾਇਤੀ ਜ਼ਮੀਨ 'ਚ ਬੀਜੀਆਂ ਸਬਜ਼ੀਆਂ ਨੂੰ ਧੱਕੇ ਨਾਲ ਵਾਹੁਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ।
ਉਹਨਾਂ ਦੋਸ਼ ਲਾਇਆ ਕਿ ਮਜ਼ਦੂਰ ਆਗੂ ਹਰਭਗਵਾਨ ਸਿੰਘ ਮੂਣਕ ਅਤੇ ਐਸ ਸੀ ਭਾਈਚਾਰੇ ਦੇ ਲੋਕਾਂ ਨੂੰ ਘੇਰ ਕੇ ਕੀਤੇ ਜਾਨਲੇਵਾ ਹਮਲੇ ਦੇ ਮਾਮਲੇ 'ਚ ਪੁਲਿਸ ਵੱਲੋਂ ਦੋਸ਼ੀਆਂ ਨੂੰ ਲਾਭ ਪੁਚਾਉਣ ਦੇ ਮਕਸਦ ਨਾਲ ਜਾਣਬੁੱਝ ਕੇ ਮਾਮੂਲੀ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ। ਅੱਜ਼ ਦੇ ਇਕੱਠ ਨੂੰ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਗੁਰਪਾਲ ਸਿੰਘ ਨੰਗਲ, ਬੀਕੇਯੂ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ ਤੇ ਰਿੰਕੂ ਮੂਣਕ ਤੋਂ ਇਲਾਵਾ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂ ਲਖਵੀਰ ਸਿੰਘ ਲੌਂਗੋਵਾਲ, ਡੀ ਟੀ ਐਫ਼ ਦੇ ਆਗੂ ਹਰਭਗਵਾਨ ਸਿੰਘ, ਪੀ ਐਸ ਯੂ ਸ਼ਹੀਦ ਰੰਧਾਵਾ ਦੇ ਸੂਬਾਈ ਹੁਸ਼ਿਆਰ ਸਿੰਘ ਸਲੇਮਗੜ੍ਹ, ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਦੇ ਆਗੂ ਬਲਵੀਰ ਸਿੰਘ ਲੌਂਗੋਵਾਲ ਆਦਿ ਆਗੂਆਂ ਨੇ ਮੰਗਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ।ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਤੇ ਕਾਤਲਾਨਾ ਹਮਲੇ ਦੀ ਨਿੰਦਾ ਕਰਦਿਆਂ ਦੋਸ਼ੀਆਂ ਨੂੰ ਗਿਰਫ਼ਤਾਰ ਕਰਨ ਦੀ ਮੰਗ ਵੀ ਕੀਤੀ ਗਈ।ਇਸ ਮੌਕੇ ਲੋਕ ਮੋਰਚਾ ਪੰਜਾਬ ਦੇ ਸੂਬਾ ਸਕੱਤਰ ਜਗਮੇਲ ਸਿੰਘ, ਕਿਸਾਨ ਆਗੂ ਜਨਕ ਸਿੰਘ ਭੁਟਾਲ, ਮਨਜੀਤ ਸਿੰਘ ਘਰਾਚੋਂ ਆਦਿ ਆਗੂ ਵੀ ਮੌਜੂਦ ਸਨ।