ਮਨੀਸ਼ ਤਿਵਾੜੀ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਹੋਏ ਸੁਧਾਰ ਦਾ ਕੀਤਾ ਸਵਾਗਤ
- ਕਿਹਾ: ਜੇਕਰ ਪਹਿਲਾਂ ਫੈਸਲਾ ਆਉਂਦਾ, ਤਾਂ ਅੱਜ ਨਤੀਜੇ ਵਖਰੇ ਹੋਣੇ ਸਨ
ਚੰਡੀਗੜ੍ਹ, 25 ਜੂਨ 2025: ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਮਿਉਂਸੀਪਲ ਕੌਂਸਲਰਾਂ ਵੱਲੋਂ ਹੱਥ ਚੁੱਕ ਕੇ ਵੋਟ ਦੇਣ ਸਬੰਧੀ ਸੁਧਾਰ ਦਾ ਸਵਾਗਤ ਕੀਤਾ ਹੈ, ਜਿਸ ਸਬੰਧੀ ਉਨ੍ਹਾਂ ਨੇ ਬੀਤੇ ਸਾਲ ਮੈਂਬਰ ਪਾਰਲੀਮੈਂਟ ਚੁਣੇ ਜਾਣ ਤੋਂ ਬਾਅਦ ਪ੍ਰਸਤਾਅ ਦਿੱਤਾ ਸੀ।
ਇਥੇ ਜਾਰੀ ਬਿਆਨ ਵਿਚ ਉਨ੍ਹਾਂ ਨੇ ਜਿਕਰ ਕੀਤਾ ਕਿ ਚੰਡੀਗੜ੍ਹ ਵਿੱਚ ਚੋਣ ਅਫ਼ਸਰ ਅਨਿਲ ਮਸੀਹ ਵੱਲੋਂ ਸਰੇਆਮ ਲੋਕਤੰਤਰ ਦਾ ਕਤਲ ਕਰਨ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਸਾਂਝੇ ਤੌਰ ਤੇ ਨਗਰ ਨਿਗਮ ਹਾਊਸ ਵਿੱਚ ਮਤਾ ਪਾਸ ਕਰਕੇ ਮੈਂਬਰਾਂ ਪਾਸੋਂ ਹੱਥ ਖੜ੍ਹੇ ਕਰਕੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਕੀਤੇ ਜਾਣ ਦੀ ਮੰਗ ਕੀਤੀ ਸੀ।
ਤਿਵਾੜੀ ਨੇ ਜ਼ੋਰ ਦਿੰਦਿਆਂ ਕਿਹਾ ਕਿ ਜੇਕਰ ਇਹ ਮੰਗ ਪਹਿਲਾਂ ਮੰਨ ਲਈ ਜਾਂਦੀ, ਤਾਂ ਨਤੀਜ਼ੇ ਬਿਲਕੁਲ ਵੱਖਰੇ ਹੋਣੇ ਸਨ। ਉਹ ਭਾਵੇਂ ਦੇਰੀ ਨਾਲ ਆਏ, ਇਸ ਸਹੀ ਫੈਸਲੇ ਦਾ ਸਵਾਗਤ ਕਰਦੇ ਹਨ। ਜਿਸ ਲਈ ਚੰਡੀਗੜ੍ਹ ਮਿਉਂਸੀਪਲ ਕਾਰਪੋਰੇਸ਼ਨ (ਪ੍ਰੋਸਿਜਰ ਐਂਡ ਕੰਡਕਟ ਆਫ ਬਿਜਨੇਸ) ਰੈਗੂਲੇਸ਼ਨਸ, 1996 ਵਿੱਚ ਸੋਧ ਕੀਤੀ ਗਈ ਹੈ। ਇਸ ਨਾਲ ਹੁਣ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਸੀਕਰੇਟ ਬੈਲਟ ਦੀ ਬਜਾਏ ਹੱਥ ਖੜੇ ਕਰਕੇ ਹੋਵੇਗੀ ਤੇ ਇਸ ਨਾਲ ਲੋਕਾਂ ਦਾ ਲੋਕਤੰਤਰ ਉੱਪਰ ਭਰੋਸਾ ਹੋਰ ਵੱਧੇਗਾ।