ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਨੇ ਫੈਸਲਾ ਕੀਤਾ ਕਿ 2027 ਵਿੱਚ ਦੁਬਾਰਾ ਆਪ ਪੰਜਾਬ ਦੀ ਸੇਵਾ ਕਰੇਗੀ - MLA ਰਹਿਮਾਨ/ ਹਲੀਮ /ਜਾਫਰ ਅਲੀ/ ਕਰਮਜੀਤ ਮਾਨ
- ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਦੀਆਂ ਨੀਤੀਆਂ ਤੇ ਲੁਧਿਆਣਾ ਵੈਸਟ ਦੇ ਵੋਟਰਾਂ ਵੱਲੋਂ ਮੋਹਰ ਲਗਾਉਣ ਲਈ ਕੀਤਾ ਧੰਨਵਾਦ
- ਕਿਹਾ-ਆਮ ਆਦਮੀ ਪਾਰਟੀ ਨੇ ਸੈਮੀਫਾਈਨਲ ਜਿੱਤਿਆ-ਹੁਣ 2027 ਦੇ ਫਾਈਨਲ ਦੀ ਤਿਆਰੀ
ਮਾਲੇਰਕੋਟਲਾ , 25 ਜੂਨ 2025 - ਆਮ ਆਦਮੀ ਪਾਰਟੀ ਨੇ ਸੈਮੀਫਾਈਨਲ ਵਿੱਚ ਵਿਰੋਧੀ ਪਾਰਟੀਆਂ ਨੂੰ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ ਹੈ ਅਤੇ ਹੁਣ ਪਾਰਟੀ ਨੇ ਫਾਈਨਲ ਦੀ ਤਿਆਰੀ ਖਿੱਚ ਦਿੱਤੀ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਥਾਨਕ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਅਬਦੁਲ ਹਲੀਮ ਮਿਲਕੋਵੈਲ ਬਲਾਕ ਪ੍ਰਧਾਨ , ਮਾਰਕੀਟ ਕਮੇਟੀ ਮਲੇਰਕੋਟਲਾ ਦੇ ਚੈਅਰਮੈਨ ਜਾਫਰ ਅਲੀ, ਅਤੇ ਮਾਰਕੀਟ ਕਮੇਟੀ ਸੰਦੌੜ ਦੇ ਚੈਅਰਮੈਨ ਕਰਮਜੀਤ ਸਿੰਘ ਮਾਨ ਕੁਠਾਲਾ ਨੇ ਲੁਧਿਆਣਾ ਜਿਮਨੀ ਚੋਣ ਵਿੱਚ ਆਪ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਹੋਈ ਜਿੱਤ ਸਬੰਧੀ ਗੱਲਬਾਤ ਕਰਦਿਆਂ ਕੀਤਾ।
ਉਹਨਾਂ ਕਿਹਾ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦੀਆਂ ਨੀਤੀਆਂ ਉੱਤੇ ਲੁਧਿਆਣਾ ਵੈਸਟ ਦੇ ਵੋਟਰਾਂ ਨੇ ਮੋਹਰ ਲਗਾਈ ਹੈ ਅਤੇ ਨਤੀਜਾ ਸਪੱਸ਼ਟ ਹੈ ਕਿ ਮਾਨ ਸਰਕਾਰ ਹੀ ਲੋਕਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ 2027 ਵਿੱਚ ਦੁਬਾਰਾ ਆਪ ਪਾਰਟੀ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਸੇਵਾ ਕਰੇਗੀ।
ਵਿਰੋਧੀ ਪਾਰਟੀਆਂ 'ਤੇ ਤਿੱਖਾ ਤੰਜ ਕੱਸਦਿਆਂ ਉਹਨਾਂ ਨੇ ਕਿਹਾ ਕਿ ਲੋਕਾਂ ਨੇ ਮਾਨ ਸਰਕਾਰ ਦੇ ਹੱਕ ਵਿੱਚ ਫਤਵਾ ਦਿੱਤਾ ਹੈ ਅਤੇ ਵਿਰੋਧੀਆਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਪ ਪਾਰਟੀ ਦੀਆਂ ਵਿਕਾਸ ਪੱਖੀ ਨੀਤੀਆਂ ਅੱਗੇ ਵਿਰੋਧੀ ਪਾਰਟੀਆਂ ਟਿਕ ਨਹੀਂ ਸਕੀਆਂ ਤੇ ਵਿਰੋਧੀ ਪਾਰਟੀਆਂ ਦੇ ਝੂਠੇ ਤੇ ਗੁੰਮਰਾਹ ਕੁੰਨ ਪ੍ਰਚਾਰ ਨੂੰ ਲੋਕਾਂ ਨੇ ਜਵਾਬ ਦੇ ਦਿੱਤਾ ਹੈ।
ਮਲੇਰਕੋਟਲਾ ਦੇ ਵਿਧਾਇਕ ਸਮੇਤ ਉਕਤ ਆਗੂਆਂ ਨੂੰ ਪਾਰਟੀ ਨੇ ਲੁਧਿਆਣਾ ਚੋਣ ਵਿੱਚ ਵੱਖੋ ਵੱਖ ਇਲਾਕਿਆਂ ਵਿੱਚ ਜ਼ਿੰਮੇਵਾਰੀ ਦਿੱਤੀ ਸੀ ਅਤੇ ਉਨ੍ਹਾਂ ਨੇ ਸੰਜੀਵ ਅਰੋੜਾ ਦੀ ਜਿੱਤ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਵਲੋਂ ਰਵਾਇਤੀ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਨੂੰ ਆਪ ਪਾਰਟੀ ਨਾਲ ਜੋੜਨ ਵਿੱਚ ਅਹਿਮ ਰੋਲ ਨਿਭਾਇਆ ਗਿਆ, ਜੋ ਸੰਜੀਵ ਅਰੋੜਾ ਦੀ ਜਿੱਤ ਲਈ ਬਹੁਤ ਲਾਹੇਵੰਦ ਸਾਬਤ ਹੋਇਆ।
ਉਨਾਂ ਨੇ ਪਾਰਟੀ ਵਰਕਰਾਂ, ਵੋਟਰਾਂ ਤੇ ਸਪੋਰਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਮਾਨ ਸਰਕਾਰ ਵਲੋਂ ਹਰੇਕ ਵਰਗ ਦੇ ਹਿੱਤ ਵਿੱਚ ਕੀਤੇ ਕੰਮਾਂ ਤੇ ਲੋਕਾਂ ਨੇ ਮੋਹਰ ਲਗਾਈ ਹੈ ਅਤੇ ਅਗਲੇ ਸਮੇਂ ਦੌਰਾਨ ਮਾਨ ਸਰਕਾਰ ਹੋਰ ਤੇਜ਼ੀ ਨਾਲ ਸੂਬੇ ਅੰਦਰ ਵਿਕਾਸ ਕਾਰਜ ਕਰੇਗੀ।