ਪੰਜਾਬ ਸਰਕਾਰ ਦੇ ਅਦਾਰੇ ਸੀ.ਪਾਈਟ ਹਕੂਮਤ ਸਿੰਘ ਵਾਲਾ ਵਿਖੇ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਕਰਵਾਈ ਜਾਵੇਗੀ ਮੁਫ਼ਤ ਤਿਆਰੀ
ਚਾਹਵਾਨ ਯੁਵਕ ਜਲਦ ਤੋਂ ਜਲਦ ਕਰਵਾਉਣ ਆਪਣੀ ਰਜਿਸਟ੍ਰੇਸ਼ਨ-ਕੈਪਟਨ ਗੁਰਦਸ਼ਰਨ ਸਿੰਘ
ਮੋਗਾ, 24 ਜੂਨ 2025- ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮੋਗਾ, ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਜ਼ਿਲ੍ਹੇ ਦੇ ਯੁਵਕਾਂ ਲਈ ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਲਈ ਮੁਫਤ ਟ੍ਰੇਨਿੰਗ ਦਿੱਤੀ ਜਾ ਰਹੀ ਹੈ। ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੋ ਯੁਵਕ ਸੀ.ਆਰ.ਪੀ.ਐਫ., ਬੀ.ਐਸ.ਐਫ., ਸੀ.ਏ.ਪੀ.ਐਫ ਅਤੇ ਪੰਜਾਬ ਪੁਲਿਸ ਫੋਰਸ ਆਦਿ ਵਿੱਚ ਭਰਤੀ ਹੋਣਾ ਚਾਹੁੰਦੇ ਹਨ ਅਤੇ ਜਿਨ੍ਹਾਂ ਯੁਵਕਾਂ ਨੇ ਲਿਖਤੀ ਪੇਪਰ ਪਾਸ ਕਰ ਲਿਆ ਹੈ ਅਤੇ ਸਰੀਰਿਕ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਯੁਵਕ 1 ਜੁਲਾਈ 2025 ਤੋਂ ਸਵੇਰੇ 9 ਵਜੇ ਤੋਂ 11:30 ਵਜੇ ਤੱਕ (ਸੋਮਵਾਰ ਤੋਂ ਸ਼ੁੱਕਰਵਾਰ ਤੱਕ) ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਵਿਖੇ ਆਪਣੀ ਰਜਿਸਟਰੇਸ਼ਨ ਕਰਵਾ ਸਕਦੇ ਹਨ।
ਉਹਨਾਂ ਦੱਸਿਆ ਕਿ ਕੈਂਪ ਵਿੱਚ ਆਉਣ ਸਮੇਂ ਆਨਲਾਈਨ ਰਜਿਸਟਰੇਸ਼ਨ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ ਤੇ ਫੋਟੋਕਾਪੀ, ਜੋ ਯੁਵਕ ਬਾਰਵ੍ਹੀਂ ਪਾਸ ਹਨ ਉਹ ਬਾਰਵ੍ਹੀਂ ਦਾ ਸਰਟੀਫਿਕੇਟ ਦੀ ਫੋਟੋਕਾਪੀ, ਪੰਜਾਬ ਵਸਨੀਕ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਖਾਤੇ ਦੀ ਫੋਟੋਕਾਪੀ ਨਾਲ ਜਰੂਰ ਲਿਆਉਣ। ਇਸ ਤੋਂ ਇਲਾਵਾ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਵੀ ਨਾਲ ਲੈ ਕੇ ਆਉਣ।
ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਯੁਵਕ ਦੀ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ, ਪੈਰਾ ਮਿਲਟਰੀ ਫੋਰਸਾਂ/ਪੰਜਾਬ ਪੁਲਿਸ ਲਈ ਛਾਤੀ ਬਿਨਾਂ ਫੁਲਾ ਕੇ 80 ਸੈਂਟੀਮੀਟਰ ਤੇ ਫੁਲਾ ਕੇ 85 ਸੈਂਟੀਮੀਟਰ ਅਤੇ ਕੱਦ 5 ਫੁੱਟ 7 ਇੰਚ ਹੋਣਾ ਚਾਹੀਦਾ ਹੈ। ਸਰੀਰਿਕ ਤੇ ਲਿਖਤੀ ਪੇਪਰ ਦੀ ਮੁਫਤ ਤਿਆਰੀ ਦੇ ਨਾਲ ਨਾਲ ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਿਹਾਇਸ਼ ਬਿਲਕੁੱਲ ਮੁਫ਼ਤ ਦਿੱਤੀ ਜਾਵੇਗੀ। ਯੁਵਕ ਰੋਜ਼ਾਨਾ ਘਰ ਤੋਂ ਆਉਣ/ਜਾਣ ਵੀ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ 73476-66557 ਨੰਬਰ ਉਪਰ ਸੰਪਰਕ ਵੀ ਕੀਤਾ ਜਾ ਸਕਦਾ ਹੈ।