ਫਲਾਂ ਦੀ ਤੁੜਾਈ ਤੋਂ ਬਾਅਦ ਸਾਂਭ ਸੰਭਾਲ ਲਈ ਖੇਤਰੀ ਖੋਜ ਕੇਂਦਰ ਵੱਲੋਂ ਕਰਵਾਇਆ ਗਿਆ ਸੈਮੀਨਾਰ
ਰੋਹਿਤ ਗੁਪਤਾ
ਗੁਰਦਾਸਪੁਰ 24 ਜੂਨ 2025- ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਡਾਇਰੈਕਟਰ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ ਅਤੇ ਫ਼ਲ ਵਿਗਿਆਨ ਵਿਭਾਗ ਦੇ ਮੁਖੀ ਡਾ. ਐਚ. ਐਸ. ਰਤਨਪਾਲ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਿਯੋਗ ਨਾਲ ਫਲਾਂ ਦੀ ਤੁੜਾਈ ਉਪਰੰਤ ਸਾਂਭ ਸੰਭਾਲ ਸਬੰਧੀ ਖੇਤ ਦਿਵਸ ਪਿੰਡ ਰਣਜੀਤ ਬਾਗ ਲਾਲੀ ਗਾਰਡਨ ਵਿੱਚ ਫਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਾਸਪੁਰ ਵੱਲੋਂ ਮਨਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਡਾਕਟਰ ਨਰਿੰਦਰ ਦੀਪ ਸਿੰਘ (ਜ਼ਿਲ੍ਹਾ ਪਸਾਰ ਮਾਹਿਰ ਸੀਨੀਅਰ ਮੋਸਟ) ਵੱਲੋਂ ਵੱਖ-ਵੱਖ ਵਿਭਾਗ ਤੋਂ ਆਏ ਹੋਏ ਅਫ਼ਸਰ ਸਾਹਿਬਾਨਾ ਅਤੇ ਕਿਸਾਨ ਵੀਰਾਂ ਨੂੰ ਖੇਤ ਦਿਵਸ ਵਿੱਚ ਜੀ ਆਇਆ ਕਿਹਾ। ਇਸ ਉਪਰੰਤ ਉਨਾਂ ਨੇ ਲੀਚੀ ਦੀ ਮਹੱਤਤਾ ਅਤੇ ਬਾਹਰਲੇ ਦੇਸ਼ਾਂ ਵਿੱਚ ਨਿਰਯਾਤ ਕਰਨ ਦੇ ਨੁਕਤੇ ਦੱਸੇ। ਇਸ ਤੋਂ ਬਾਅਦ ਡਾ. ਨਵਪ੍ਰੇਮ ਸਿੰਘ (ਪ੍ਰੋਫੈਸਰ ਫਲ ਵਿਗਿਆਨ), ਫ਼ਲ ਵਿਗਿਆਨ ਵਿਭਾਗ ਪੀ.ਏ.ਯੂ. ਲੁਧਿਆਣਾ ਵੱਲੋਂ ਲੀਚੀ ਦੀ ਕਾਸ਼ਤ ਜਿਵੇਂ ਕਿ ਨਵੇਂ ਅਤੇ ਪੁਰਾਣੇ ਬਾਗਾਂ ਦੀ ਸਾਂਭ ਸੰਭਾਲ ਖਾਦ ਪ੍ਰਬੰਧਨ, ਸਿੰਜਾਈ ਪ੍ਰਬੰਧਨ ਅਤੇ ਤੁੜਾਈ ਤੋਂ ਬਾਅਦ ਡੱਬਾਬੰਦੀ ਸਬੰਧੀ ਬਾਰੇ ਆਪਣੇ ਕੀਮਤੀ ਵਿਚਾਰ ਸਾਂਝੇ ਕੀਤੇ ਗਏ।
ਡਾ ਮਨਦੀਪ ਸਿੰਘ ਗਿੱਲ (ਪ੍ਰੋਫੈਸਰ ਫ਼ਲ ਵਿਗਿਆਨ) ਜੀ ਨੇ ਮਿਆਰੀ ਨਰਸਰੀ ਤਿਆਰ ਕਰਨ ਅਤੇ ਯੂਨੀਵਰਸਿਟੀ ਵੱਲੋਂ ਤਿਆਰ ਕੀਤੇ ਫ਼ਲਦਾਰ ਬੂਟਿਆਂ ਬਾਰੇ ਜਾਣਕਾਰੀ ਸਾਂਝੇ ਕਰਦੇ ਹੋਇਆਂ ਕਿਸਾਨ ਵੀਰਾਂ ਨੂੰ ਯੂਨੀਵਰਸਿਟੀ ਦੇ ਵੱਖ-ਵੱਖ ਕੇਂਦਰ ਤੋਂ ਬੂਟੇ ਲੈਣ ਲਈ ਪ੍ਰੇਰਿਤ ਕੀਤਾ। ਡਾ. ਅਮਰਿੰਦਰ ਕੌਰ (ਸਹਾਇਕ ਪ੍ਰੋਫੈਸਰ ਪੌਦ ਸੁਰੱਖਿਆ) ਨੇ ਫਲਾਂ ਦੀਆਂ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਡਾ ਹਰਪਾਲ ਸਿੰਘ ਰੰਧਾਵਾ ਨੇ ਗੁਰਦਾਸਪੁਰ ਵਿੱਚ ਚਲ ਰਹੀਆਂ ਖੋਜਾਂ ਬਾਰੇ ਦੱਸਿਆ। ਡਾ. ਨਵਦੀਪ ਸਿੰਘ, (ਬਾਗਬਾਨੀ ਵਿਕਾਸ ਅਫਸਰ) ਵੱਲੋਂ ਬਾਗਬਾਨੀ ਵਿਭਾਗ ਵਿੱਚ ਚੱਲ ਰਹੀਆਂ ਸਕੀਮਾਂ ਜਿਵੇਂ ਕਿ ਲੀਚੀ ਦੇ ਡੱਬਿਆਂ, ਬਾਗਾਂ ਨੂੰ ਮੁੜ ਸੁਰਜੀਤ ਕਰਨ, ਨਵੇਂ ਬਾਗ ਲਗਾਉਣ, ਆਦਿ ਦੀਆਂ ਸਬਸਿਡੀਆਂ ਬਾਰੇ ਚਾਨਣਾ ਪਾਇਆ। ਇਸ ਲੜੀ ਵਿੱਚ ਡਾ ਸੁਮੇਰ ਚੋਪੜਾ (ਸੇਵਾ ਮੁਕਤ ਪ੍ਰੋਫੈਸਰ) ਜੀ ਵੱਲੋਂ ਆਪਣੇ ਸੇਵਾ ਦੌਰਾਨ ਕੀਤੇ ਤਜਰਬਿਆਂ ਦੱਸ ਕੇ ਕਿਸਾਨਾ ਨੂੰ ਨਿਹਾਲ ਕੀਤਾ। ਇਸ ਤੋਂ ਬਾਅਦ ਵਿਚਾਰ-ਚਰਚਾ ਨੂੰ ਮੁੱਖ ਰੱਖਦਿਆਂ ਹੋਇਆਂ ਅਗਾਂਹਵਧੂ ਕਿਸਾਨ ਸ.ਦਿਲਬਾਗ ਸਿੰਘ ਚੀਮਾ( ਲਾਲੀ ਚੀਮਾ) ਨੇ ਕਿਸਾਨਾਂ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਵਿਗਿਆਨਕ ਸਲਾਹਾਂ ਨੂੰ ਅਪਣਾਉਣ ਲਈ ਕਿਹਾ । ਇਸ ਖੇਤ ਦਿਵਸ ਵਿਚ 50-60 ਬਾਗਬਾਨਾਂ ਨੇ ਭਾਗ ਲਿਆ। ਅਖੀਰ ਵਿੱਚ ਡਾ ਸਰਵਪ੍ਰਿਆ ਸਿੰਘ (ਜ਼ਿਲ੍ਹਾ ਪਸਾਰ ਮਾਹਿਰ, ਫ਼ਲ ਵਿਗਿਆਨ) ਫਾਰਮ ਸਲਾਹਕਾਰ ਸੇਵਾ ਕੇਂਦਰ ਗੁਰਦਾਸਪੁਰ ਵੱਲੋਂ ਸਾਰੇ ਵਿਗਿਆਨੀਆਂ ,ਵਿਸ਼ਾ ਮਾਹਿਰਾਂ ਅਤੇ ਕਿਸਾਨ ਵੀਰਾਂ ਦਾ ਧੰਨਵਾਦ ਕੀਤਾ।