← ਪਿਛੇ ਪਰਤੋ
ਨਸ਼ਾ ਤਸਕਰ ਔਰਤਾਂ ਖਿਲਾਫ ਕਾਰਵਾਈ- ਪੁਲਿਸ ਨੇ ਘਰ ਢਾਹੁਣ ਦੀ ਗਰਦ ਉਠਾਈ
ਅਸ਼ੋਕ ਵਰਮਾ
ਬਠਿੰਡਾ, 22 ਜੂਨ 2025 :ਬਠਿੰਡਾ ਪੁਲਿਸ ਨੇ ਪੰਜਾਬ ਸਰਕਾਰ ਦੇ ‘ਯੁੱਧ ਨਸ਼ਿਆਂ ਵਿਰੁੱਧ’ ਪ੍ਰੋਗਰਾਮ ਤਹਿਤ ਅੱਜ ਤਿੰਨ ਮਹਿਲਾ ਨਸ਼ਾ ਤਸਕਰਾਂ ਵੱਲੋਂ ਗੈਰ ਕਾਨੂੰਨੀ ਢੰਗ ਨਾਲ ਬਣਾਈਆਂ ਇਮਾਰਤਾਂ ਨੂੰ ਬੁਲਡੋਜਰਾਂ ਦੀ ਸਹਾਇਤਾ ਨਾਲ ਮਲੀਆਮੇਟ ਕਰ ਦਿੱਤਾ। ਇੰਨ੍ਹਾਂ ਮਹਿਲਾ ਤਸਕਰਾਂ ਚੋਂ ਦੋ ਸ਼ਹਿਰ ਦੀ ਨਸ਼ਿਆਂ ਲਈ ਬਦਨਾਮ ਧੋਬੀਆਣਾ ਬਸਤੀ ਦੀਆਂ ਹਨ ਜਦੋਂਕਿ ਤੀਸਰੀ ਵਿਧਾਨ ਸਭਾ ਹਲਕਾ ਰਾਮਪੁਰਾ ਅਧੀਨ ਪੈਂਦੇ ਕਸਬਾ ਭਗਤਾ ਭਾਈ ਦੀ ਹੈ। ਪੁਲਿਸ ਪ੍ਰਸ਼ਾਸ਼ਨ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇੰਨ੍ਹਾਂ ਵਿੱਚ ਸਭ ਤੋਂ ਵੱਡਾ ਨਾਮ ਮਨਜੀਤ ਕੌਰ ਉਰਫ ਬੀਰਾਂ ਪਤਨੀ ਚਰਨਜੀਤ ਸਿੰਘ ਵਾਸੀ ਧੋਬੀਆਣਾ ਬਸਤੀ ਦਾ ਹੈ ਜਿਸ ਖਿਲਾਫ ਥਾਣਾ ਸਿਵਲ ਲਾਈਨ ਬਠਿੰਡਾ ’ਚ ਨਸ਼ਾ ਤਸਕਰੀ ਦੇ 10 ਮੁਕੱਦਮੇ ਦਰਜ ਹਨ। ਧੋਬੀਆਣਾ ਬਸਤੀ ਦੀ ਦੂਸਰੀ ਨਸ਼ਾ ਤਸਕਰ ਜਸਵਿੰਦਰ ਕੌਰ ਉਰਫ ਜੱਸੀ ਪਤਨੀ ਲਖਵਿੰਦਰ ਸਿੰਘ ਹੈ। ਜੱਸੀ ਖਿਲਾਫ 7 ਗ੍ਰਾਮ ਚਿੱਟਾ ਬਰਾਮਦ ਹੋਣ ਸਬੰਧੀ ਥਾਣਾ ਸਿਵਲ ਲਾਈਨਜ਼ ਵਿਖੇ ਮੁਕੱਦਮਾ ਦਰਜ ਹੈ। ਇਸੇ ਤਰਾਂ ਅੱਜ ਪੁਲਿਸ ਕਾਰਵਾਈ ਦਾ ਨਿਸ਼ਾਨਾ ਨਸ਼ਾ ਤਸਕਰ ਮਹਿਲਾ ਰਾਣੀ ਕੌਰ ਪਤਨੀ ਬਲਜੀਤ ਸਿੰਘ ਵਾਸੀ ਭਗਤਾ ਭਾਈ ਬਣੀ ਹੈ। ਰਾਣੀ ਕੌਰ ਖਿਲਾਫ ਥਾਣਾ ਦਿਆਲਪੁਰਾ ਭਾਈ ’ਚ ਲੰਘੇ ਕਰੀਬ ਛੇ ਸਾਲਾਂ ਦੌਰਾਨ ਚਾਰ ਮੁਕੱਦਮੇ ਦਰਜ ਹੋਏ ਹਨ। ਪ੍ਰੈਸ ਬਿਆਨ ਅਨੁਸਾਰ ਇੰਨ੍ਹਾਂ ਵੱਲੋਂ ਨਜਾਇਜ ਉਸਾਰੀਆਂ ਕੀਤੀਆਂ ਗਈਆਂ ਸਨ। ਇੰਨ੍ਹਾਂ ਨੂੰ ਕਈ ਵਾਰ ਨੋਟਿਸ ਵੀ ਜਾਰੀ ਕੀਤੇ ਗਏ ਪਰ ਕਬਜਾਧਾਰਕਾਂ ਵੱਲੋਂ ਕਬਜੇ ਨਾਂ ਹਟਾਉਣ ਕਾਰਨ ਅੱਜ ਕਾਰਵਾਈ ਕੀਤੀ ਗਈ ਹੈ। ਬਠਿੰਡਾ ਪੁਲਿਸ ਨੇ ਇਸ ਦੌਰਾਨ ਨਸ਼ਿਆਂ ਦਾ ਕੋਹੜ ਖਤਮ ਕਰਨ ਲਈ ਪੁਲਿਸ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਤਾਹਡੇ ਇਲਾਕੇ ਵਿੱਚ ਕੌਈ ਨਸ਼ਾ ਤਸਕਰੀ ਕਰਦਾ ਹੈ ਤਾਂ ਪੰਜਾਬ ਸਰਕਾਰ ਦੇ ਐਂਟੀ ਡਰੱਗ ਹੈਲਪਲਾਈਨ ਨੰਬਰ 97791-00200 ਜਾਂ ਫਿਰ ਬਠਿੰਡਾ ਪੁਲਿਸ ਦੀ ਹੈਲਪਲਾਈਨ 91155-00252 ਤੇ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ ਜਿਸ ਨੂੰ ਗੁਪਤ ਰੱਖਿਆ ਜਾਏਗਾ।
Total Responses : 2508