ਮੱਕੀ ਦੀ ਫ਼ਸਲ ਉੱਪਰ ਕੀੜਿਆਂ ਦੀ ਰੋਕਥਾਮ ਲਈ ਨਿਰੰਤਰ ਨਿਰੀਖਣ ਦੀ ਜ਼ਰੂਰਤ : ਮੁੱਖ ਖੇਤੀਬਾੜੀ ਅਫ਼ਸਰ
- ਪੰਜਾਬ ਸਰਕਾਰ ਵਲੋਂ ਸਾਉਣੀ ਰੁੱਤੀ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਕਰਨੀ ਯਕੀਨੀ ਹੋਵੇਗੀ
ਰੋਹਿਤ ਗੁਪਤਾ
ਗੁਰਦਾਸਪੁਰ : 18 ਜੂਨ 2025 ਪੰਜਾਬ ਸਰਕਾਰ ਵਲੋਂ ਜ਼ਿਲਾ ਗੁਰਦਾਸਪੁਰ ਵਿਚ ਝੋਨੇ ਹੇਠੋ ਰਕਬਾ ਕਢ ਕੇ ਮੱਕੀ ਹੇਠ ਲਿਆਉਣ ਲਈ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਤਹਿਤ 2000 ਹੈਕ. ਰਕਬੇ ਵਿਚ ਸਾਉਣੀ ਦੀ ਮੱਕੀ ਦੀ ਕਾਸ਼ਤ ਕਰਵਾਈ ਜਾ ਰਹੀ । ਵੱਖ ਵੱਖ ਬਲਾਕਾਂ ਵਿਚ ਬਿਜਾਈ ਗਈ ਮੱਕੀ ਦਾ ਜਾਇਜ਼ਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਵਲੋਂ ਬਲਾਕ ਧਾਰੀਵਾਲ ਅਤੇ ਕਾਹਨੂੰਵਾਨ ਦਾ ਦੌਰਾ ਕੀਤਾ ਅਤੇ ਖੇਤਾਂ ਵਿਚ ਜਾ ਕੇ ਮੱਕੀ ਦੀ ਫ਼ਸਲ ਦਾ ਕੀੜਿਆਂ ਦੇ ਹਮਲੇ ਦਾ ਜਾਇਜ਼ਾ ਲਿਆ। ਪਿੰਡ ਕਲੇਰ ਖੁਰਦ ਵਿਚ ਉਦਮੀ ਕਿਸਾਨ ਹਰਭਜਨ ਸਿੰਘ ਵੱਲੋਂ ਇੱਕ ਏਕੜ ਰਕਬੇ ਵਿੱਚ ਬਿਜਾਈ ਕੀਤੀ ਮੱਕੀ ਦੀ ਫ਼ਸਲ ਵਾਲੇ ਖੇਤਾਂ ਵਿਚ ਗੱਲਬਾਤ ਕਰਦਿਆਂ ਡਾਕਟਰ ਅਮਰੀਕ ਸਿੰਘ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ ਪਾਇਲਟ ਪ੍ਰੋਜੈਕਟ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਝੋਨੇ ਦੀ ਕਾਸ਼ਤ ਕਰਨ ਨਾਲ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਲਗਾਤਾਰ ਹੇਠਾਂ ਜਾ ਰਿਹਾ ਹੈ ਜਿਸ ਕਾਰਣ ਭਵਿੱਖ ਵਿੱਚ ਖੇਤੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ । ਉਨਾਂ ਦੱਸਿਆ ਕਿ ਭਵਿੱਖ ਦੀ ਖੇਤੀ ਨੂੰ ਟਿਕਾਊ ਬਣਾਉਣ ਅਤੇ ਜ਼ਮੀਨ ਹੇਠਲੇ ਪਾਣੀ ਦੇ ਪੱਧਰ ਨੂੰ ਹੋਰ ਨੀਵਾਂ ਜਾਣ ਤੋਂ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਚ 2000 ਹੈਕ.ਰਕਬਾ ਝੋਨੇ ਦੀ ਖੇਤੀ ਹੇਠੋਂ ਕੱਢ ਕੇ ਮੱਕੀ ਦੀ ਕਾਸ਼ਤ ਹੇਠਾਂ ਲਿਆਉਣ ਲਈ ਪਾਇਲਟ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਗਈ ਹੈ ।
ਉਨ੍ਹਾਂ ਦੱਸਿਆ ਕਿ ਅਜੋਕੇ ਸਮੇਂ ਵਿੱਚ ਮੱਕੀ ਦੀ ਫਸਲ ਉੱਪਰ ਫਾਲ ਆਰਮੀ ਵਰਮ ਨਾਮਕ ਕੀੜੇ ਦਾ ਹਮਲਾ ਦੇਖਿਆ ਗਿਆ ਹੈ,ਜਿਸ ਦੀ ਰੋਕਥਾਮ ਲਈ ਕਿਸਾਨਾਂ ਨੂੰ ਰੋਕਥਾਮ ਤਕਨੀਕਾਂ ਤੋਂ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਇਸ ਕੀੜੇ ਦੀ ਸੁੰਡੀ ਦੀ ਪਹਿਚਾਣ ਪਿਛਲੇ ਸਿਰੇ ਵੱਲ ਚਾਰ ਵਰਗ ਬਨਾਉਂਦੇ ਬਿੰਦੂਆਂ ਅਤੇ ਸਿਰ ਉੱਪਰ ਚਿੱਟੇ ਰੰਗ ਦੇ ਅੰਗ੍ਰੇਜੀ ਦੇ ਵਾਈ ਅੱਖਰ ਦੇ ਉਲਟੇ ਨਿਸ਼ਾਨ ਤੋਂ ਹੁੰਦੀ ਹੈ।ਉਨ੍ਹਾਂ ਕਿਹਾ ਕਿ ਹਮਲੇ ਦੇ ਸ਼ੁਰੂਆਤੀ ਦੌਰ ਵਿੱਚ ਛੋਟੀਆਂ ਸੁੰਡੀਆਂ ਪੱਤੇ ਦੀ ਸਤਾਹ ਨੂੰ ਖੁਰਚ ਕੇ ਖਾਂਦੀਆਂ ਹਨ ਜਿਸ ਕਾਰਨ ਪੱਤਿਆਂ ਉੱਪਰ ਲੰਮੇ ਆਕਾਰ ਦੇ ਕਾਗਜ਼ੀ ਨਿਸ਼ਾਨ ਬਣ ਜਾਂਦੇ ਹਨ ਅਤੇ ਵੱਡੀਆ ਸੁੰਡੀਆਂ ਪੱਤਿਆਂ ਉੱਪਰ ਬੇਤਰਤੀਬੇ ,ਗੋਲ ਜਾਂ ਅੰਡਾਕਾਰ ਮੋਰੀਆਂ ਬਣਾ ਦਿੰਦੀਆਂ ਹਨ ਅਤੇ ਹਮਲੇ ਵਾਲੀ ਗੋਭ ਵਿੱਚ ਕਾਫੀ ਮਾਤਰਾ ਵਿੱਚ ਕਾਲੀਆ ਵਿੱਠਾਂ ਦੇਖਣ ਨੂੰ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਕੀੜੇ ਦੇ ਹਮਲੇ ਤੋਂ ਮੱਕੀ ਦੀ ਫਸਲ ਨੂੰ ਬਚਾਉਣ ਲਈ ਮੱਕੀ ਦੀ ਫਸਲ ਦਾ ਨਿਰੰਤਰ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ ਅਤੇ ਜੇਕਰ ਇਸ ਕੀੜੇ ਦਾ ਹਮਲਾ ਮੱਕੀ ਦੀ ਫਸਲ ਉੱਪਰ ਦਿਖਾਈ ਦੇਵੇ ਤਾਂ ਇਸ ਦੇ ਅਗਾਂਹ ਫੈਲਾਅ ਨੂੰ ਰੋਕਣ ਲਈ ਤੁਰੰਤ 40 ਮਿਲੀਟਿਲਰ ਕਲੋਰੈਂਟਰਾਨਿਲੀਪਰੋਲ 18.5 ਈ.ਸੀ. ਜਾਂ 50 ਮਿਲੀਲਿਟਰ ਸਪਾੲਨਿਟੋਰਮ 11.7 ਐਸ ਸੀ ਜਾਂ 40 ਗ੍ਰਾਮ ਐਮਾਮੈਕਟਿਨ ਬੈਂਜੋਏਟ ਪ੍ਰਤੀ ਲਿਟਰ 120 ਤੋਂ 200 ਲਿਟਰ ਪਾਣੀ ਦੇ ਘੋਲ ਵਿੱਚ ਛਿੜਕਾਅ ਕਰੋ । ਉਨ੍ਹਾਂ ਕਿਹਾ ਕਿ ਛਿੜਕਾਅ ਕਰਦੇ ਸਮੇਂ ਪੰਪ ਦੀ ਗੋਲ ਨੋਜ਼ਲ ਮੱਕੀ ਦੀ ਗੋਭ ਵੱਲ ਹੋਣੀ ਚਾਹੀਦੀ ਹੈ। ਜੇਕਰ ਇਸ ਕੀੜੇ ਦਾ ਹਮਲਾ ਧੌੜੀਆਂ ਵਿੱਚ ਜਾਂ ਫਸਲ ਵੱਡੀ ਹੋਵੇ ਤਾਂ 4 ਗ੍ਰਾਮ ਕਲੋਰੈਂਟਰਾਨਿਲੀਪਰੋਲ ਜਾਂ 5 ਮਿਲੀਲਿਟਰ ਸਪਾਈਨੋਟਰਮ ਜਾਂ 4 ਮਿਲੀਲਿਟਰ ਐਮਾਮੈਕਟਿਨ ਬੈਂਜੋਏਟ ਨੂੰ ਇਕ ਕਿਲੋ ਮਿੱਟੀ ਵਿੱਚ ਮਿਲਾ ਕੇ ਚੁਟਕੀ ਭਰ ਮਿਸ਼ਰਣ ਪ੍ਰਤੀ ਗੋਭ ਵਿੱਚ ਪਾ ਕੇ ਰੋਕਥਾਮ ਕੀਤੀ ਜਾ ਸਕਦੀ ਹੈ।ਕੀਟਨਾਸ਼ਕ ਦਾ ਛਿੜਕਾਅ ਸਵੇਰੇ ਜਾਂ ਸ਼ਾਮ ਨੂੰ ਕਰਨਾ ਚਾਹੀਦਾ ।
ਡਾਕਟਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਇਸ ਵਾਰ ਪੰਜਾਬ ਸਰਕਾਰ ਵਲੋਂ ਮੱਕੀ ਦੀ ਖਰੀਦ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਅਤੇ ਮੱਕੀ ਦੀ ਖਰੀਦ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਮੱਕੀ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੇ ਕਰਨ ਨੂੰ ਯਕੀਨੀ ਬਣਾਏਗੀ।