ਜ਼ਿਲ੍ਹਾ ਫਾਜ਼ਿਲਕਾ ਨੇ ਇਸ ਸਾਲ ਕੁੱਲ 22 ਕਿਲੋ 111 ਗ੍ਰਾਮ ਹੈਰੋਇਨ ਸਮੇਤ ਬਹੁਤ ਵੱਡੇ ਪੱਧਰ ਤੇ ਨਸ਼ੀਲੇ ਪਦਾਰਥ ਬ੍ਰਾਮਦ ਕੀਤੇ
ਫਾਜਿਲਕਾ: 18 ਜੂਨ 2025 - ਗੌਰਵ ਯਾਦਵ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ, ਪੰਜਾਬ, ਹਰਮਨਬੀਰ ਸਿੰਘ ਗਿੱਲ ਆਈ.ਪੀ.ਐਸ, ਡਿਪਟੀ ਇੰਸਪੈਕਟਰ ਜਨਰਲ ਪੁਲਿਸ, ਫਿਰੋਜਪੁਰ ਰੇਂਜ, ਫਿਰੋਜਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਤੇ ਸ੍ਰੀ ਗੁਰਮੀਤ ਸਿੰਘ ਸੀਨੀਅਰ ਕਪਤਾਨ ਪੁਲਿਸ, ਫਾਜਿਲਕਾ ਜੀ ਦੀ ਅਗਵਾਈ ਹੇਠ ਫਾਜਿਲਕਾ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੇ ਖਿਲਾਫ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈ।
ਇਸੇ ਮੁਹਿੰਮ ਦੇ ਤਹਿਤ ਫਾਜ਼ਿਲਕਾ ਪੁਲਿਸ ਨੂੰ ਇਸ ਸਾਲ ਬਹੁਤ ਵੱਡੀ ਕਾਮਯਾਬੀ ਹਾਸਲ ਹੋਈ ਹੈ। ਫਾਜ਼ਿਲਕਾ ਪੁਲਿਸ ਨੇ ਨਸ਼ਿਆਂ ਖਿਲਾਫ ਚੱਲ ਰਹੇ ਇਸ ਯੁੱਧ ਵਿਚ ਆਪਣਾ ਬਹੁਤ ਵੱਡਾ ਰੋਲ ਅਦਾ ਕੀਤਾ ਹੈ। ਨਸ਼ਾ ਤਸਕਰਾਂ ਦੇ ਖਿਲਾਫ ਹਰ ਪੱਖੋ ਜੰਗ ਨੂੰ ਜਾਰੀ ਰੱਖਿਆ ਹੈ ਅਤੇ ਸ਼ਿਕੰਜੇ ਨੂੰ ਦਿਨ ਪ੍ਰਤੀ ਦਿਨ ਕੱਸਿਆ ਹੈ। ਹਰੇਕ ਤਰ੍ਹਾ ਤੇ ਨਸ਼ੀਲੇ ਪਦਾਰਥਾਂ ਦੀ ਬ੍ਰਾਮਦਗੀ ਕੀਤੀ ਹੈ ਅਤੇ ਨੌਜਵਾਨ ਪੀੜੀ ਨੂੰ ਇਸ ਨਸ਼ੇ ਦੀ ਦਲਦਲ ਵਿਚ ਕੱਢਿਆ ਹੈ।
ਇਸ ਸਾਲ ਮਿਤੀ 01.01.2025 ਤੋ ਲੈ ਕੇ ਮਿਤੀ 17.06.2025 ਤੱਕ ਫਾਜ਼ਿਲਕਾ ਪੁਲਿਸ ਨੇ ਕੁੱਲ 396 ਮੁਕੱਦਮੇ ਦਰਜ ਰਜਿਸਟਰ ਕੀਤੇ ਹਨ ਅਤੇ ਇਹਨਾਂ ਮਕੱਦਮਿਆਂ ਵਿਚ ਕੁੱਲ 545 ਦੋਸ਼ੀਆਂ ਨੂੰ ਕਾਬੂ ਕੀਤਾ ਹੈ। ਹੁਣ ਤੱਕ ਵੱਡੇ ਪੱਧਰ ਤੇ ਰਿਕਵਰੀਆਂ ਹੋਈਆਂ ਹਨ, ਜਿੰਨ੍ਹਾਂ ਵਿਚੋ ਕੁੱਲ 22 ਕਿਲੋ 111 ਗ੍ਰਾਮ ਹੈਰੋਇਨ, 03 ਕਿਲੋ 380 ਗ੍ਰਾਮ ਅਫੀਮ, 641 ਕਿਲੋ 810 ਗ੍ਰਾਮ ਪੋਸਤ, 3,59,916 ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ, 7,10,737 ਪ੍ਰੇਗਾਬਾਲਿਨ ਕੈਪਸੂਲ (ਐਨ.ਡੀ.ਪੀ.ਐਸ ਐਕਟ ਤਹਿਤ) ਅਤੇ 1,48,740 ਪ੍ਰੇਗਾਬਾਲਿਨ ਕੈਪਸੂਲ (ਬੀ.ਐਨ.ਐਸ ਐਕਟ ਤਹਿਤ) ਅਤੇ 7,50,000/- ਡਰੱਗ ਮਨੀ ਬ੍ਰਾਮਦ ਕੀਤੀ ਹੈ।
ਹੁਣ ਤੱਕ ਕੁੱਲ 05 ਘਰਾਂ ਨੂੰ ਢਾਹਿਆ ਜਾ ਚੁੱਕਾ ਹੈ, ਜਿੰਨ੍ਹਾਂ ਵਿਚ 01 ਸੀਡ ਫਾਰਮ ਅਬੋਹਰ, 01 ਪਿੰਡ ਗੋਬਿੰਦਗੜ੍ਹ ਅਤੇ 03 ਅਰਨੀਵਾਲਾ ਵਿਖੇ ਘਰ ਢਾਹੇ ਗਏ ਹਨ। ਇਸ ਤੋ ਇਲਾਵਾ ਹੁਣ ਤੱਕ ਕੁੱਲ 25 ਦੋਸ਼ੀਆਂ ਦੀ ਕੁੱਲ 7 ਕਰੋੜ 46 ਲੱਖ 36 ਹਜਾਰ 647/- ਕੀਮਤ ਦੀ ਕੁੱਲ ਪ੍ਰੋਪਰਟੀ ਸੀਜ਼ ਕੀਤੀ ਜਾ ਚੁੱਕੀ ਹੈ।
ਫਾਜ਼ਿਲਕਾ ਪੁਲਿਸ ਵੱਲੋ ਜਿਥੇ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ, ਉਥੇ ਹੀ ਨਸ਼ਾ ਕਰਨ ਦੇ ਆਦੀ ਨੌਜਵਾਨਾਂ ਦੀ ਜਿੰਦਗੀ ਬਚਾਉਣ ਲਈ ਉਹਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਭਰਤੀ ਵੀ ਕਰਵਾਇਆ ਜਾ ਰਿਹਾ ਹੈ। ਹੁਣ ਤੱਕ ਕੁੱਲ 156 ਨੌਜਵਾਨਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਦਾਖਲ ਕਰਵਾਇਆ ਜਾ ਚੁੱਕਾ ਹੈ ਅਤੇ ਕੁੱਲ 211 ਨੌਜਵਾਨਾਂ ਨੂੰ OOAT ਸੈਂਟਰ ਤੋ ਦਵਾਈ ਦਿਵਾਈ ਜਾ ਚੁੱਕੀ ਹੈ।
ਫਾਜ਼ਿਲਕਾ ਪੁਲਿਸ ਵੱਲੋ ਆਮ ਜਨਤਾ ਨੂੰ ਅਪੀਲ ਹੈ ਕਿ ਉਹ ਇਸ ਜੰਗ ਵਿਚ ਸਾਡਾ ਸਾਥ ਦੇਣ। ਜੇਕਰ ਆਸ ਪਾਸ ਦੇ ਏਰੀਆ ਵਿਚ ਕੋਈ ਵੀ ਨਸ਼ਾ ਤਸਕਰ ਨਸ਼ਾ ਵੇਚਦਾ ਜਾਂ ਖਰੀਦਦਾ ਨਜ਼ਰ ਆਉਂਦਾ ਹੈ ਤਾਂ ਉਸ ਸਬੰਧੀ ਸੂਚਨਾ ਤੁਰੰਤ ਪੁਲਿਸ ਵਿਭਾਗ ਨੂੰ ਫਾਜ਼ਿਲਕਾ ਕੰਟਰੋਲ ਰੂਮ ਨੰਬਰ 85588-00900 ਜਾਂ ਸੇਫ ਪੰਜਾਬ ਚੈਟ ਬੌਟ ਨੰਬਰ 97791-00200 ਪਰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ।
ਇਸ ਤੋ ਇਲਾਵਾ ਜੇਕਰ ਕੋਈ ਨਸ਼ਾ ਛੱਡਣਾ ਚਾਹੁੰਦਾ ਹੈ ਤਾਂ ਉਹ ਵੀ ਸੂਚਨਾ ਦੇ ਸਕਦਾ ਹੈ। ਨਸ਼ਾ ਕਰਨ ਵਾਲੇ ਨੌਜਵਾਨ ਅਤੇ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਵੀ ਗੁਪਤ ਰੱਖਿਆ ਜਾਵੇਗਾ। ਨਸ਼ਾ ਕਰਨ ਵਾਲੇ ਨੌਜਵਾਨ ਦਾ ਸਾਰਾ ਇਲਾਜ ਵੀ ਕਰਵਾਇਆ ਜਾਵੇਗਾ ਅਤੇ ਸਿਹਤ ਵਿਭਾਗ ਵੱਲੋ ਹਰ ਸਹੂਲਤ ਮੁਹੱਈਆ ਕਰਵਾਈ ਜਾਵੇਗੀ।
ਆਓ ਰਲ ਮਿਲ ਕਦਮ ਵਧਾਈਏ, ਨਸ਼ਾ ਮੁਕਤ ਪੰਜਾਬ ਬਣਾਈਏ।