ਨਸ਼ਾ ਮੁਕਤੀ ਯਾਤਰ ਪਿੰਡ ਦੌਲਤਪੁਰ ਭਿੰਡਰਾਂ, ਗੀਗਾਮਾਜਰਾ, ਭੱਟੀਆਂ ਕਲਾਂ, ਛੱਤਰੀਵਾਲਾ ਅਤੇ ਭੱਟੀਆਂ ਖੁਰਦ ਪੁੱਜੀ
- ਪਿੰਡਾਂ ਦੇ ਨੌਜਵਾਨਾਂ ਨੂੰ ਕੀਤਾ ਨਸ਼ੇ ਦੀ ਅਲਾਮਤ ਤੋਂ ਲਾਮਬੰਦ
ਅਮਰਗੜ੍ਹ/ਮਾਲੇਰਕੋਟਲਾ, 29 ਮਈ 2025 - ਪੰਜਾਬ ਸਰਕਾਰ ਨਸ਼ਿਆਂ ਦਾ ਖਾਤਮਾ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਕੇ ਕੰਮ ਕਰ ਰਹੀ ਹੈ ਤਾਂ ਕਿ ਪੰਜਾਬ ਦੀ ਜਵਾਨੀ ਨੂੰ ਮੁੜ ਤੋਂ ਖੇਡ ਦੇ ਮੈਦਾਨਾਂ ਨਾਲ ਜੋੜਿਆ ਜਾ ਸਕੇ। ਇਸ ਦੇ ਨਾਲ ਨਾਲ ਸਰਕਾਰ ਨਸ਼ਾ ਛੱਡਣ ਵਾਲੇ ਨੌਜਵਾਨਾਂ ਦੀ ਜ਼ਿੰਦਗੀ ਮੁੜ ਤੋਂ ਲੀਹ 'ਤੇ ਲਿਆਉਣ ਲਈ ਉਹਨਾਂ ਨੂੰ ਆਤਮ ਨਿਰਭਰ ਬਣਾਉਣ ਲਈ ਵੀ ਵੱਖੋ-ਵੱਖ ਉਪਰਾਲੇ ਕਰ ਰਹੀ ਹੈ। ਇਸੇ ਕੜੀ ਤਹਿਤ ਨਸ਼ਾ ਮੁਕਤੀ ਯਾਤਰਾ ਪਿੰਡ ਦੌਲਤਪੁਰ ਭਿੰਡਰਾਂ, ਗੀਗਾਮਾਜਰਾ, ਭੱਟੀਆਂ ਕਲਾਂ, ਛੱਤਰੀਵਾਲਾ ਅਤੇ ਭੱਟੀਆਂ ਖੁਰਦ ਵਿਖੇ ਪੁੱਜੀ। ਇਸ ਦੌਰਾਨ ਵਿਧਾਇਕ ਅਮਰਗੜ੍ਹ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ ਤੋਂ ਇਲਾਵਾ ਹਲਕਾ ਕੋਆਰਡੀਨੇਟਰ ਜਗਦੀਪ ਸਿੰਘ ਜੱਗਾ, ਪੇਂਡੂ ਵਿਕਾਸ ਅਫਸਰ ਬੱਬਲਜੀਤ ਕੌਰ, ਵਿਚੇਅਰਮੈਨ ਮਾਰਕਿਟ ਕਮੇਟੀ ਹਰਪ੍ਰੀਤ ਸਿੰਘ ਹੈਪੀ, ਸਰਪੰਚ ਬੱਬਰ ਸਿੰਘ, ਪੀ ਏ ਰਾਜੀਵ ਕੁਮਾਰ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਮੌਜੂਦ ਸਨ। ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਕਰ ਕੇ ਆਪਣੇ ਪੈਰਾਂ 'ਤੇ ਖੜ੍ਹਾ ਕਰਨ ਦੇ ਯਤਨ ਜੰਗੀ ਪੱਧਰ ਉੱਤੇ ਜਾਰੀ ਹਨ ਅਤੇ ਆਮ ਲੋਕਾਂ ਦਾ ਵੀ ਇਹ ਫਰਜ਼ ਬਣਦਾ ਹੈ ਕਿ ਉਹ ਸਰਕਾਰ ਦਾ ਪੂਰੀ ਤਨਦੇਹੀ ਨਾਲ ਸਾਥ ਦੇਣ ਤਾਂ ਕਿ ਨਸ਼ਾ ਮੁਕਤੀ ਮੁਹਿੰਮ ਪ੍ਰਭਾਵਸ਼ਾਲੀ ਨਤੀਜੇ ਨਿਕਲ ਕੇ ਆ ਸਕਣ। ਉਹਨਾਂ ਨੇ ਪਿੰਡਾਂ ਦੇ ਵਾਸੀਆਂ ਨੂੰ ਇਸ ਨਸ਼ਿਆਂ ਵਿਰੁੱਧ ਜੰਗ ਵਿੱਚ ਇੱਕਜੁਟ ਹੋ ਕੇ ਲੜਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਜਨ ਜਨ ਨੂੰ ਇਸ ਮੁਹਿੰਮ ਵਿੱਚ ਸਰਕਾਰ ਵੱਲੋਂ ਜੋੜਿਆ ਜਾ ਰਿਹਾ ਹੈ। ਇਸ ਲਈ ਇਹ ਨਸ਼ਾ ਮੁਕਤੀ ਯਾਤਰਾ ਪਿੰਡ ਤੇ ਵਾਰਡਾਂ ਵਿੱਚ ਲਿਆਂਦੀ ਗਈ ਹੈ।
ਉਹਨਾਂ ਨੇ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਨੂੰ ਡਟ ਕੇ ਇਸ ਮੁਹਿੰਮ ਵਿੱਚ ਯੋਗਦਾਨ ਦੇਣ ਲਈ ਕਿਹਾ। ਉਨ੍ਹਾਂ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਨਸ਼ਿਆਂ ਵਿਰੁੱਧ ਲੜਾਈ ਵਿੱਚ ਜਾਣਕਾਰੀ ਦੇਣ ਵਾਲਿਆਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਂਦੀ ਹੈ ਅਤੇ ਪੁਲਿਸ ਵਲੋਂ ਵੀ ਨਿਰਪੱਖਤਾ ਨਾਲ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।