ਸਤਾਈਆਂ ਦੇ ਸ਼ਹੀਦੀ ਜੋੜ ਮੇਲੇ ਮੌਕੇ ਲੱਖਾਂ ਸੰਗਤਾਂ ਹੋਈਆਂ ਨਤਮਸਤਕ
- ਸਜਾਏ ਧਾਰਮਿਕ ਦੀਵਾਨ, ਵੱਡੀ ਗਿਣਤੀ ਸੰਤਾਂ ਮਹਾਂਪੁਰਸ਼ਾਂ ਕੀਤੀ ਸ਼ਮੂਲੀਅਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 9 ਮਈ 2025 - ਸੰਤ ਸਿਪਾਹੀ ਮਹਾਨ ਤਪੱਸਵੀ ਸ਼ਹੀਦ ਸੰਤ ਬਾਬਾ ਬੀਰ ਸਿੰਘ ਨੌਰੰਗਾਬਾਦ ਵਾਲਿਆਂ ਦੀ ਯਾਦ ਵਿੱਚ 181ਵਾਂ ਸ਼ਹੀਦੀ ਜੋੜ ਮੇਲਾ ਸਤਾਈਆਂ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਇਲਾਕਾ ਨਿਵਾਸੀ ਸੰਗਤਾਂ, ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਠੱਟਾ ਦੀ ਸੁਚੱਜੀ ਅਗਵਾਈ ਹੇਠ ਬੜੀ ਹੀ ਸ਼ਰਧਾ ਭਾਵਨਾ ਤੇ ਸਤਿਕਾਰ ਸਹਿਤ ਮਨਾਇਆ ਗਿਆ।
ਸ਼ਹੀਦੀ ਦਿਹਾੜੇ ਮੌਕੇ ਅੱਜ 25 ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਇਸ ਮੌਕੇ ਸੰਤ ਬਾਬਾ ਲੀਡਰ ਸਿੰਘ ਗੁਰਸਰ ਸਾਹਿਬ ਸੈਫਲਾਬਾਦ ਵਾਲੇ, ਸੰਤ ਬਾਬਾ ਗੁਰਦੇਵ ਸਿੰਘ ਗੱਗੋਬੂਹਾ ਵਾਲੇ , ਬਾਬਾ ਹਰਦੀਪ ਸਿੰਘ ਡੇਰਾ ਮਹਾਰਾਜ ਸਿੰਘ ਜੀ ਅੰਮ੍ਰਿਤਸਰ, ਸੰਤ ਬਾਬਾ ਗੁਰਰਾਜਪਾਲ ਸਿੰਘ ਅੰਮ੍ਰਿਤਸਰ ਵਾਲੇ,ਬਾਬਾ ਦਲਬੀਰ ਸਿੰਘ ਸੋਨੀ ਡੇਰਾ ਬਾਬਾ ਸ੍ਰੀ ਚੰਦ ਜੀ ਬੂੜੇਵਾਲ, ਬਾਬਾ ਜੈ ਸਿੰਘ ਮਹਿਮਦਵਾਲ ,ਜਥੇਦਾਰ ਅਮਰਜੀਤ ਸਿੰਘ ਗੁਰਸਰ ਸਾਹਿਬ, ਜਥੇਦਾਰ ਇੰਦਰਜੀਤ ਸਿੰਘ ਗੁਰਸਰ ਸਾਹਿਬ,ਬਾਬਾ ਬਲਵਿੰਦਰ ਸਿੰਘ ਰੱਬ ਜੀ, ਬਾਬਾ ਮੰਗਲ ਸਿੰਘ ਆਦਿ ਸੰਤਾਂ ਮਹਾਂਪੁਰਸ਼ਾਂ ਸ਼ਿਰਕਤ ਕੀਤੀ ਅਤੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਜਿਨਾਂ ਦਾ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ।
ਇਸ ਮਹਾਨ ਸਮਾਗਮ ਦੌਰਾਨ ਸੁੰਦਰ ਦੀਵਾਨ ਸਜਾਏ ਗਏ ਜਿਸ ਵਿੱਚ ਭਾਈ ਸਤਿੰਦਰਪਾਲ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਦਮਦਮਾ ਸਾਹਿਬ, ਭਾਈ ਜਗਦੀਸ਼ ਸਿੰਘ ਵਡਾਲਾ ਦਾ ਢਾਡੀ ਜਥਾ, ਭਾਈ ਗਰਜਾ ਸਿੰਘ ਦਾ ਢਾਡੀ ਜਥਾ, ਭਾਈ ਸਰੂਪ ਸਿੰਘ ਕੰਡਿਆਣਾ ਢਾਡੀ ਜਥਾ ਆਦਿ ਵੱਲੋਂ ਗੁਰਬਾਣੀ ਕੀਰਤਨ, ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਿਆ ਗਿਆ। ਸਮਾਗਮ ਦੌਰਾਨ ਸੰਤਾਂ ਮਹਾਂਪੁਰਸ਼ਾਂ ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਉਣ ਵਾਲੀਆਂ ਸੰਗਤਾਂ ਤੇ ਸਮਾਗਮ ਦੌਰਾਨ ਸ਼ਿਰਕਤ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਬਾਬਾ ਹਰਜੀਤ ਸਿੰਘ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹਨਾਂ ਸਮਾਗਮਾਂ ਵਿੱਚ ਵੱਡੀ ਗਿਣਤੀ ਵਿਚ ਸੇਵਾ ਸੁਸਾਇਟੀਆਂ, ਸਿੱਖ ਜਥੇਬੰਦੀਆਂ ਵੱਲੋਂ ਨਿਸ਼ਕਾਮ ਸੇਵਾ ਕਰਕੇ ਸਹਿਯੋਗ ਦਿੱਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਰਾਣਾ ਇੰਦਰਪ੍ਰਤਾਪ ਸਿੰਘ, ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸੱਜਣ ਸਿੰਘ ਚੀਮਾ, ਭਾਈ ਹਰਜਿੰਦਰ ਸਿੰਘ ਐਡੀਸ਼ਨਲ ਹੈਡ ਗ੍ਰੰਥੀ ਗੁਰਦੁਆਰਾ ਸ੍ਰੀ ਬੇਰ ਸਾਹਿਬ, ਗੁਰਦਿਆਲ ਸਿੰਘ ਖਾਲਸਾ, ਪਰਮਿੰਦਰ ਸਿੰਘ ਖਾਲਸਾ, ਦਿਲਬਾਗ ਸਿੰਘ ਗਿੱਲ ਆਦਿ ਸਮੇਤ ਹੋਰ ਸ਼ਖਸ਼ੀਅਤਾਂ ਦਾ ਵੀ ਸੰਤ ਬਾਬਾ ਹਰਜੀਤ ਸਿੰਘ ਵੱਲੋਂ ਸਿਰੋਪਾਓ ਦੇ ਕੇ ਸਨਮਾਨ ਕੀਤਾ ਗਿਆ। ਭਾਈ ਇੰਦਰਜੀਤ ਸਿੰਘ ਸੈੈਕਟਰੀ ਵੱੱਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ। ਲੱਖਾਂ ਦੀ ਤਦਾਦ ਵਿੱਚ ਹਾਜ਼ਰੀਆਂ ਭਰ ਰਹੀਆਂ ਸੰਗਤਾਂ ਵਾਸਤੇ ਲੰਗਰ ਅਤੁੱਟ ਵਰਤਾਏ ਗਏ। ਇਹਨਾਂ ਸ਼ਹੀਦੀ ਸਮਾਗਮਾਂ ਸਮੇਂ ਸੰਗਤਾਂ ਵੱਲੋਂ ਦਿਨ ਰਾਤ ਨਿਰੰਤਰ ਨਿਸ਼ਕਾਮ ਸੇਵਾ ਕੀਤੀ ਗਈ।