ਪੁਰਾਣੀ ਰੰਜਿਸ਼ ਕਾਰਨ ਪਿਓ ਪੁੱਤਰ ਨੂੰ ਹਥਿਆਰਾਂ ਨਾਲ ਹਮਲਾ ਕਰ ਕੀਤਾ ਜਖ਼ਮੀ
ਰਵਿੰਦਰ ਸਿੰਘ
ਮਾਛੀਵਾੜਾ : ਲੁਧਿਆਣਾ ਦੇ ਨੇੜਲੇ ਪਿੰਡ ਲੁਹਾਰੀਆਂ ਵਿੱਚ ਪੁਰਾਣੀ ਰੰਜਿਸ਼ ਕਾਰਨ ਕੁਝ ਨੌਜਵਾਨਾਂ ਨੇ ਪਿਓ-ਪੁੱਤਰ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ਵਿੱਚ ਜਗਦੀਪ ਸਿੰਘ ਅਤੇ ਉਸਦੇ ਪਿਤਾ ਮਲਕੀਤ ਸਿੰਘ ਜ਼ਖ਼ਮੀ ਹੋ ਗਏ, ਜੋ ਸਮਰਾਲਾ ਹਸਪਤਾਲ ਵਿੱਚ ਇਲਾਜ ਅਧੀਨ ਹਨ।
ਮਲਕੀਤ ਸਿੰਘ ਅਨੁਸਾਰ, ਉਹ ਆਪਣੀ ਪਤਨੀ ਨਾਲ ਪਿੰਡ ਵਿੱਚ ਮਨਰੇਗਾ ਯੋਜਨਾ ਤਹਿਤ ਮਜ਼ਦੂਰੀ ਕਰ ਰਹੇ ਸਨ, ਜਦ ਉਨ੍ਹਾਂ ਦਾ ਪੁੱਤਰ ਜਗਦੀਪ ਉਨ੍ਹਾਂ ਨੂੰ ਚਾਹ ਦੇਣ ਆਇਆ। ਇਸ ਦੌਰਾਨ ਇੱਕ ਕਾਰ ਵਿੱਚ 6 ਨੌਜਵਾਨ ਆਏ ਅਤੇ ਜਗਦੀਪ 'ਤੇ ਹਮਲਾ ਕਰ ਦਿੱਤਾ। ਮਲਕੀਤ ਸਿੰਘ ਨੇ ਪੁੱਤਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ 'ਤੇ ਵੀ ਹਮਲਾ ਹੋਇਆ।
ਹਮਲਾਵਾਰਾਂ ਨੇ ਜਗਦੀਪ ਸਿੰਘ ਨੂੰ ਅਗਵਾ ਕਰ ਲਿਆ ਅਤੇ ਉਸਦੀ ਮਿੰਨਤਾਂ ਕਰਦਿਆਂ ਦੀ ਵੀਡੀਓ ਇੱਕ ਰੈਪਰ ਦਾ ਗੀਤ ਲਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਹਮਲਾਵਾਰਾਂ ਨੇ ਕੁੱਟਮਾਰ ਕਰਦੇ ਹੋਏ ਵੀਡੀਓ ਬਣਾਈ, ਜੋ ਬਾਅਦ ਵਿੱਚ ਹਟਾ ਦਿੱਤੀ ਗਈ। ਮਲਕੀਤ ਸਿੰਘ ਅਨੁਸਾਰ, ਇਹ ਸਾਰਾ ਕਾਂਡ ਪੁਰਾਣੀ ਰੰਜਿਸ਼ ਕਾਰਨ ਹੋਇਆ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।