SGPC ਪ੍ਰਬੰਧਾਂ ਅਤੇ ਬੇਅਦਬੀ ਮਾਮਲਿਆਂ 'ਤੇ ਮਨਵਿੰਦਰ ਸਿੰਘ ਗਿਆਸਪੁਰਾ ਦੇ ਤਿੱਖੇ ਸਵਾਲ; ਧਾਮੀ ਅਤੇ ਜਥੇਦਾਰ ਦੀ ਜਵਾਬਦੇਹੀ ਕੀਤੀ ਤੈਅ
ਬਾਬੂਸ਼ਾਹੀ ਬਿਊਰੋ
ਅੰਮ੍ਰਿਤਸਰ, 20 ਸਤੰਬਰ, 2026 : ਆਮ ਆਦਮੀ ਪਾਰਟੀ ਦੇ ਆਗੂ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਅਤੇ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਚੁੱਕਦਿਆਂ ਸਖ਼ਤ ਨਿਸ਼ਾਨਾ ਸਾਧਿਆ ਹੈ। ਗਿਆਸਪੁਰਾ ਨੇ ਕਿਹਾ ਕਿ ਜਿਵੇਂ ਇੱਕ ਮੰਦਬੁੱਧੀ ਵਿਅਕਤੀ ਵੱਲੋਂ ਕੀਤੀ ਜਾਣ ਵਾਲੀ ਅਣਹੋਣੀ ਲਈ ਉਸ ਦੇ ਮਾਤਾ-ਪਿਤਾ ਜਾਂ ਪਰਿਵਾਰ ਨੂੰ ਕਸਟੋਡੀਅਨ (ਰੱਖਵਾਲਾ) ਹੋਣ ਦੇ ਨਾਤੇ ਜਵਾਬਦੇਹ ਮੰਨਿਆ ਜਾਂਦਾ ਹੈ, ਠੀਕ ਉਸੇ ਤਰ੍ਹਾਂ ਗੁਰਦੁਆਰਾ ਪ੍ਰਬੰਧਾਂ ਵਿੱਚ ਹੁੰਦੀਆਂ ਕੋਤਾਹੀਆਂ ਲਈ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਜਥੇਦਾਰ ਵੀ ਬਰਾਬਰ ਦੇ ਕਸਟੋਡੀਅਨ ਹਨ।
ਮਨਵਿੰਦਰ ਸਿੰਘ ਗਿਆਸਪੁਰਾ ਨੇ ਸੰਗਤ ਦੀਆਂ ਭਾਵਨਾਵਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਿਘਾਰ 'ਤੇ ਪਰਦਾ ਪਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਸਵਾਲ ਕੀਤਾ ਕਿ ਜਿੱਥੇ ਆਮ ਤੌਰ 'ਤੇ ਇਕੱਲੀ ਬੀਬੀ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਕਮਰਾ ਨਹੀਂ ਦਿੱਤਾ ਜਾਂਦਾ, ਉੱਥੇ ਹੀ ਵੀ.ਆਈ.ਪੀ. ਸੁਵਿਧਾਵਾਂ ਅਤੇ ਸੇਵਾਦਾਰ ਕਿਵੇਂ ਮੁਹੱਈਆ ਕਰਵਾ ਦਿੱਤੇ ਗਏ? ਉਨ੍ਹਾਂ ਦੋਸ਼ ਲਾਇਆ ਕਿ ਜਥੇਦਾਰਾਂ ਵੱਲੋਂ ਕਸਟੋਡੀਅਨ ਦੀ ਪਰਿਭਾਸ਼ਾ ਪੁੱਛੀ ਜਾ ਰਹੀ ਸੀ, ਜਿਸ ਦਾ ਜਵਾਬ ਉਸੇ ਵੇਲੇ ਵੀ ਦਿੱਤਾ ਜਾ ਸਕਦਾ ਸੀ, ਪਰ ਸਤਿਕਾਰ ਬਣਾਏ ਰੱਖਣ ਅਤੇ ਵਾਦ-ਵਿਵਾਦ ਤੋਂ ਬਚਣ ਲਈ ਹਦਾਇਤਾਂ ਦੀ ਪਾਲਣਾ ਕੀਤੀ ਗਈ।
ਗਿਆਸਪੁਰਾ ਨੇ ਅੱਗੇ ਕਿਹਾ ਕਿ ਨਵੇਂ ਸਤਿਕਾਰ ਐਕਟ ਦੇ ਨਿਯਮਾਂ ਅਨੁਸਾਰ ਜੇਕਰ ਪਰਚਾ ਦਰਜ ਹੁੰਦਾ ਹੈ ਤਾਂ ਗੁਰਦੁਆਰਿਆਂ ਦੀ ਦੇਖ-ਰੇਖ ਕਰਨ ਵਾਲੇ ਮੌਜੂਦਾ ਪ੍ਰਬੰਧਕਾਂ ਅਤੇ ਕਸਟੋਡੀਅਨਾਂ 'ਤੇ ਵੀ ਕਾਨੂੰਨੀ ਕਾਰਵਾਈ ਬਣਦੀ ਹੈ। ਉਨ੍ਹਾਂ ਕਿਹਾ ਕਿ ਸੱਚ ਬੋਲਣ ਤੋਂ ਉਹ ਬਿਲਕੁਲ ਨਹੀਂ ਡਰਦੇ, ਚਾਹੇ ਵਿਰੋਧੀ ਧਿਰਾਂ ਉਨ੍ਹਾਂ ਖ਼ਿਲਾਫ਼ ਕੋਈ ਵੀ ਪ੍ਰਚਾਰ ਕਰਨ। ਗਿਆਸਪੁਰਾ ਅਨੁਸਾਰ ਸ਼੍ਰੋਮਣੀ ਕਮੇਟੀ ਵਿੱਚ ਆ ਰਹੇ ਨਿਘਾਰ ਨੂੰ ਸੁਧਾਰਨ ਦੀ ਥਾਂ ਇਸ ਨੂੰ ਡਿਫੈਂਡ (ਬਚਾਅ) ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜੋ ਕਿ ਬੇਹੱਦ ਚਿੰਤਾਜਨਕ ਹੈ।
- Download Babushahi App
-
-