Punjab ਸਰਕਾਰ ਵੱਲੋਂ SC ਭਾਈਚਾਰਿਆਂ ਦਾ ਕਰਜ਼ਾ ਮਾਫ, ਵਿਧਾਇਕ ਨੇ ਵੰਡੇ ਖੁਸ਼ੀਆਂ ਦੇ ਸਰਟੀਫਿਕੇਟ
-ਪੰਜਾਬ ਸਰਕਾਰ ਸਮਾਜ ਦੇ ਪਿੱਛੜੇ ਵਰਗਾਂ ਦੇ ਹਿੱਤਾਂ ਲਈ ਕਰ ਰਹੀ ਹੈ ਵਿਸੇਸ਼ ਉਪਰਾਲੇ-ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਅਬੋਹਰ (ਫਾਜ਼ਿਲਕਾ) 4 ਜੁਲਾਈ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਕਰਜ਼ਾ ਮਾਫੀ ਸਬੰਧੀ ਸਰਟੀਫਿਕੇਟ ਵੰਡਣ ਲਈ ਇੱਕ ਸਮਾਗਮ ਅੱਜ ਇੱਥੇ ਹੋਇਆ, ਜਿਸ ਵਿੱਚ ਬੱਲੂਆਣਾ ਦੇ ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਆਪਣੇ ਹਲਕੇ ਨਾਲ ਸਬੰਧਤ ਲਾਭਪਾਤਰੀਆਂ ਨੂੰ ਕਰਜ਼ਾ ਮਾਫੀ ਸਰਟੀਫਿਕੇਟ ਵੰਡੇ ।
ਇਸ ਮੌਕੇ ਜਾਣਕਾਰੀ ਦਿੰਦਿਆਂ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਦੱਸਿਆ ਕਿ ਸੂਬਾ ਸਰਕਾਰ ਵੱਲੋਂ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਤੋਂ ਮਿਤੀ 31 ਮਾਰਚ 2020 ਤੋਂ ਪਹਿਲਾਂ ਐਸਸੀ ਭਾਈਚਾਰੇ ਅਤੇ ਦਿਵਿਆਂਗ ਵਿਅਕਤੀਆਂ ਵੱਲੋਂ ਲਏ ਗਏ ਕਰਜੇ ਮਾਫ ਕਰ ਦਿੱਤੇ ਗਏ ਹਨ। ਉਹਨਾਂ ਦੱਸਿਆ ਕਿ ਸੂਬੇ ਭਰ ਵਿੱਚ ਇਸ ਸਕੀਮ ਤਹਿਤ 4727 ਕਰਜਦਾਰਾਂ ਦਾ ਕੁੱਲ 67.84 ਕਰੋੜ ਰੁਪਏ ਦਾ ਕਰਜ਼ਾ ਮਾਫ ਹੋਇਆ ਹੈ। ਜਦਕਿ ਫਾਜ਼ਿਲਕਾ ਜ਼ਿਲੇ ਵਿੱਚ 266 ਕਰਜਦਾਰਾਂ ਦਾ 4.97 ਕਰੋੜ ਰੁਪਏ ਦੇ ਕਰਜ ਮਾਫ ਹੋਏ ਹਨ। ਉਹਨਾਂ ਨੇ ਦੱਸਿਆ ਕਿ ਹਲਕਾ ਬੱਲੂਆਣਾ ਦੇ ਕੁੱਲ 95 ਕਰਜਦਾਰਾਂ ਦੀ ਕੁੱਲ 1 ਕਰੋੜ 32 ਲੱਖ 72 ਹਜਾਰ 421 ਰੁਪਏ ਦੀ ਦੇਣਦਾਰੀ ਤੇ ਲੀਕ ਵੱਜ ਗਈ ਹੈ।
ਵਿਧਾਇਕ ਨੇ ਕਿਹਾ ਕਿ ਸੂਬਾ ਸਰਕਾਰ ਲੋਕ ਹਿੱਤਾਂ ਅਤੇ ਸਮਾਜ ਦੇ ਪਿਛੜੇ ਵਰਗਾਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਇਸ ਮੌਕੇ ਜਿਨਾਂ ਲੋਕਾਂ ਦੇ ਕਰਜ ਮਾਫ ਹੋਏ ਉਹਨਾਂ ਦੇ ਚਿਹਰੇ ਦੀ ਰੌਣਕ ਵੇਖਣ ਵਾਲੀ ਸੀ ਅਤੇ ਉਹ ਕਰਜ ਮਾਫੀ ਦੇ ਸਰਟੀਫਿਕੇਟ ਦੇ ਰੂਪ ਵਿੱਚ ਖੁਸ਼ੀਆਂ ਦਾ ਸਰਟੀਫਿਕੇਟ ਲੈ ਕੇ ਘਰਾਂ ਨੂੰ ਮੁੜੇ । ਇਸ ਮੌਕੇ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ ਤਲਵਿੰਦਰ ਸਿੰਘ ਦੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।