DC ਮਾਨਸਾ ਨਵਜੋਤ ਕੌਰ ਵੱਲੋਂ ਕੋਟ ਲੱਲੂ ਤੋਂ ਦਲੇਲ ਸਿੰਘ ਵਾਲਾ ਤੱਕ ਨਵੀਂ ਬਣੀ ਸੜਕ ਦੀ ਤਕਨੀਕੀ ਜਾਂਚ ਦੇ ਆਦੇਸ਼
ਕੁਝ ਸਮਾਂ ਪਹਿਲਾਂ ਬਣਾਈ ਸੜਕ ਦੇ ਟੁੱਟਣ ਤੇ ਘਟੀਆ ਮੈਟੀਰੀਅਲ ਦੀ ਵਰਤੋਂ ਦਾ ਮਾਮਲਾ ਆਇਆ ਸੀ ਸਾਹਮਣੇ
ਕਮੇਟੀ ਦਾ ਕੀਤਾ ਗਠਨ, 7 ਦਿਨਾਂ ਵਿੱਚ ਰਿਪੋਰਟ ਪੇਸ਼ ਕਰਨ ਦੀ ਹਦਾਇਤ
ਅਸ਼ੋਕ ਵਰਮਾ
ਮਾਨਸਾ, 15 ਮਈ 2026: ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਆਈ.ਏ.ਐਸ ਨੇ ਕੋਟ ਲੱਲੂ ਤੋਂ ਦਲੇਲ ਸਿੰਘ ਵਾਲਾ ਤੱਕ ਕੁਝ ਸਮਾਂ ਪਹਿਲਾਂ ਬਣਾਈ ਗਈ ਸੜਕ ਦੇ ਟੁੱਟਣ ਅਤੇ ਘਟੀਆ ਮੈਟੀਰੀਅਲ ਵਰਤੇ ਜਾਣ ਸਬੰਧੀ ਸੋਸ਼ਲ ਮੀਡੀਆ ਰਾਹੀਂ ਪ੍ਰਾਪਤ ਸ਼ਿਕਾਇਤਾਂ ਦਾ ਗੰਭੀਰ ਨੋਟਿਸ ਲਿਆ ਹੈ।ਡਿਪਟੀ ਕਮਿਸ਼ਨਰ ਨੇ ਇਸ ਸੜਕ ਦੀ ਗੁਣਵੱਤਾ ਦੀ ਤਕਨੀਕੀ ਤੌਰ ਤੇ ਪੜਤਾਲ ਕਰਨ ਲਈ ਇੱਕ ਕਮੇਟੀ ਦਾ ਗਠਨ ਕੀਤਾ ਹੈ ਅਤੇ ਇਹ ਕਮੇਟੀ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਮਾਨਸਾ ਦੀ ਹਾਜ਼ਰੀ ਵਿੱਚ ਪੜਤਾਲ ਕਰੇਗੀ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਨਿਗਰਾਨ ਇੰਜੀਨੀਅਰ ਪੰਜਾਬ ਮੰਡੀ ਬੋਰਡ ਬਠਿੰਡਾ, ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਬਠਿੰਡਾ, ਕਾਰਜਕਾਰੀ ਇੰਜੀਨੀਅਰ ਪ੍ਰਾਂਤਕ ਮੰਡਲ ਭ ਤੇ ਮ ਸ਼ਾਖਾ ਮਾਨਸਾ ਅਤੇ ਉਪ ਮੰਡਲ ਇੰਜੀਨੀਅਰ ਪੰਚਾਇਤੀ ਰਾਜ ਮਾਨਸਾ ਵੀ ਸ਼ਾਮਲ ਹਨ। ਉਨ੍ਹਾਂ ਨੇ ਦੱਸਿਆ ਕਿ ਇਹ ਕਮੇਟੀ ਸਾਂਝੇ ਤੌਰ ਉਤੇ ਸੜਕ ਵਾਲੀ ਥਾਂ ਦਾ ਦੌਰਾ ਕਰੇਗੀ ਅਤੇ ਡੀਐਨਟੀ, ਟੈਂਡਰ ਪ੍ਰਕਿਰਿਆ ਦੀ ਚੈਕਿੰਗ, ਸੜਕ ਦੀ ਪੈਮਾਇਸ਼, ਸੈਂਪਲਿੰਗ, ਟੈਸਟਿੰਗ ਕਰਵਾਉਣ ਉਪਰੰਤ ਆਪਣੀ ਸਾਂਝੀ ਰਿਪੋਰਟ 7 ਦਿਨਾਂ ਦੇ ਅੰਦਰ ਅੰਦਰ ਉਨ੍ਹਾਂ ਨੂੰ ਪੇਸ਼ ਕਰੇਗੀ। ਡਿਪਟੀ ਕਮਿਸ਼ਨਰ ਨੇ ਕਾਰਜਕਾਰੀ ਇੰਜੀਨੀਅਰ ਪੰਜਾਬ ਮੰਡੀ ਬੋਰਡ ਬਠਿੰਡਾ ਨੂੰ ਹਦਾਇਤ ਕੀਤੀ ਹੈ ਕਿ ਸੜਕ ਦੇ ਨਿਰਮਾਣ ਸਬੰਧੀ ਰਿਕਾਰਡ ਕਮੇਟੀ ਕੋਲ ਪੇਸ਼ ਕੀਤਾ ਜਾਵੇ।
- Download Babushahi App
-
-