CM Mann ਨੇ ਯੂਨੀਵਰਸਿਟੀ ਦੀ ਸ਼ਾਨਦਾਰ ਬੁਨਿਆਦ ਤੇ ਸਹੂਲਤਾਂ ਦੀ ਕੀਤੀ ਸ਼ਲਾਘਾ
ਡਾ ਕਰਮਜੀਤ ਸਿੰਘ ਵੋਲੋਂ ਯੂਨੀਵਰਸਿਟੀ'ਚ ਪੁੱਜਣ ਤੇ ਨਿੱਘਾ ਸਵਾਗਤ
ਅੰਮ੍ਰਿਤਸਰ, 6 ਜੁਲਾਈ 2025 : ਪੰਜਾਬ ਦੇ ਮੁੱਖ ਮੰਤਰੀ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੋਲਡਨ ਜੁਬਲੀ ਕਨਵੈਨਸ਼ਨ ਹਾਲ ਦੀ ਸ਼ਾਨਦਾਰ ਬੁਨਿਆਦ ਅਤੇ ਸਹੂਲਤਾਂ ਦੀ ਸ਼ਲਾਘਾ ਕੀਤੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਅੰਤਰਰਾਸ਼ਟਰੀ ਪੱਧਰ ਦਾ ਕਨਵੈਨਸ਼ਨ ਹਾਲ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸਮਾਗਮਾਂ ਦੀ ਮੇਜ਼ਬਾਨੀ ਲਈ ਪਹਿਲੀ ਪਸੰਦ ਬਣ ਰਿਹਾ ਹੈ। ਉਨ੍ਹਾਂ ਨੇ ਯੂਨੀਵਰਸਿਟੀ ਦੇ ਅਕਾਦਮਿਕ ਪ੍ਰੋਗਰਾਮਾਂ ਅਤੇ ਹੋਰ ਵਿਕਾਸ ਕਾਰਜਾਂ ਨੂੰ ਸਰਾਹੁੰਦਿਆਂ ਕਿਹਾ ਕਿ ਇਹ ਸੰਸਥਾ ਵਿੱਦਿਆ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਤ ਕਰ ਰਹੀ ਹੈ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਪੰਜਾਬ ਦੇ ਇੰਚਾਰਜ਼ ਮਨੀਸ਼ ਸਿਸੋਦੀਆਂ ਦਾ ਯੂਨੀਵਰਸਿਟੀ ਦੀ ਇਸ ਫੇਰੀ ਦੌਰਾਨ ਉਨ੍ਹਾਂ ਦਾ ਨਿੱਘਾ ਸਵਾਗਤ ਜੀ.ਐਨ.ਡੀ.ਯੂ. ਦੇ ਉਪ-ਕੁਲਪਤੀ ਡਾ. ਕਰਮਜੀਤ ਸਿੰਘ ਵੱਲੋਂ ਕੀਤਾ ਗਿਆ। ਡਾ. ਕਰਮਜੀਤ ਸਿੰਘ ਨੇ ਮੁੱਖ ਮੰਤਰੀ ਸ੍ਰ ਮਾਨ ਅਤੇ ਸ੍ਰੀ ਸਿਸੋਦੀਆ ਨੂੰ ਯੂਨੀਵਰਸਿਟੀ ਦੇ ਚੱਲ ਰਹੇ ਪ੍ਰੋਗਰਾਮਾਂ, ਖੋਜ ਕਾਰਜਾਂ ਅਤੇ ਵਿਦਿਆਰਥੀਆਂ ਲਈ ਨਵੀਆਂ ਸਹੂਲਤਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਨੇ ਦੱਸਿਆ ਕਿ ਜੀ.ਐਨ.ਡੀ.ਯੂ. ਨੂੰ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ.) ਵੱਲੋਂ "ਕੈਟੇਗਰੀ ਵਨ" ਦਾ ਦਰਜਾ ਮਿਲਿਆ ਹੋਇਆ ਹੈ, ਜੋ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਵਿੱਚ ਇਕੋ-ਇਕ ਸੰਸਥਾ ਨੂੰ ਪ੍ਰਾਪਤ ਹੈ। ਨਾਲ ਹੀ, ਨੈਸ਼ਨਲ ਅਸੈਸਮੈਂਟ ਐਂਡ ਅਕ੍ਰੈਡੀਟੇਸ਼ਨ ਕੌਂਸਲ (ਐਨ.ਏ.ਏ.ਸੀ.) ਵੱਲੋਂ ਵੀ ਯੂਨੀਵਰਸਿਟੀ ਨੂੰ 'ਏ++' ਗ੍ਰੇਡ ਨਾਲ ਸਨਮਾਨਿਤ ਕੀਤਾ ਗਿਆ ਹੈ।ਮੁੱਖ ਮੰਤਰੀ ਨੇ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਨੂੰ ਸਰਕਾਰ ਦੇ ਸਿੱਖਿਆ ਨੀਤੀਆਂ ਦੀ ਸਫਲਤਾ ਦੱਸਦਿਆਂ ਕਿਹਾ ਕਿ ਅਜਿਹੀਆਂ ਸੰਸਥਾਵਾਂ ਪੰਜਾਬ ਦੇ ਨੌਜਵਾਨਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਅਤੇ ਹੁਨਰ ਪ੍ਰਦਾਨ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਨੇ ਭਵਿੱਖ ਵਿੱਚ ਵੀ ਸਰਕਾਰ ਵੱਲੋਂ ਯੂਨੀਵਰਸਿਟੀ ਨੂੰ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਡੀਨ ਅਕਾਦਮਿਕ ਅਫੇਅਰਜ਼ ਪ੍ਰੋ ਪਲਵਿੰਦਰ ਸਿੰਘ ਅਤੇ ਰਜਿਸਟਰਾਰ ਪ੍ਰੋ. ਕੇ.ਐਸ. ਚਾਹਲ ਡਾ ਰਵਿੰਦਰ ਕੁਮਾਰ ਸਮੇਤ ਹੋਰ ਅਧਿਕਾਰੀ ਵੀ ਮੌਜੂਦ ਸਨ।