CM ਮਾਨ ਨਾਲ ਅਕਾਲੀ ਦਲ (ਪੁਨਰ ਸੁਰਜੀਤ) ਦੇ ਨੁਮਾਇੰਦਿਆਂ ਦੀ ਅਹਿਮ ਮੁਲਾਕਾਤ; ਚਾਵਲਾ ਕੇਸ 'ਚ ਮੰਗੀ ਜਾਂਚ
ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦੇ ਪੰਜ-ਮੈਂਬਰੀ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਕੀਤੀ ਅਹਿਮ ਮੁਲਾਕਾਤ; ਆਨੰਦਪੁਰ ਸਾਹਿਬ ਘਟਨਾਕ੍ਰਮ ਦੀ 15 ਦਿਨਾਂ 'ਚ SIT ਜਾਂਚ ਦੀ ਕੀਤੀ ਮੰਗ
ਚੰਡੀਗੜ੍ਹ, 23 ਸਤੰਬਰ 2026- ਅੱਜ ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਦਾ ਇੱਕ ਉੱਚ-ਪੱਧਰੀ ਪੰਜ-ਮੈਂਬਰੀ ਵਫ਼ਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਮਿਲਿਆ। ਇਹ ਮੁਲਾਕਾਤ ਤਕਰੀਬਨ ਅੱਧਾ ਘੰਟਾ ਚੱਲੀ, ਜਿਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਮੈਂਬਰ ਅਮਰਜੀਤ ਸਿੰਘ ਚਾਵਲਾ ਖ਼ਿਲਾਫ਼ ਦਰਜ ਹੋਈ ਐਫ.ਆਈ.ਆਰ. ਅਤੇ ਉਸ ਤੋਂ ਬਾਅਦ ਵਾਪਰੇ ਗੰਭੀਰ ਘਟਨਾਕ੍ਰਮ ਸਬੰਧੀ ਬਹੁਤ ਹੀ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਵਫ਼ਦ ਵੱਲੋਂ ਮੁੱਖ ਮੰਤਰੀ ਸਾਹਿਬ ਨੂੰ ਇੱਕ ਵਿਸਥਾਰਤ ਮੰਗ ਪੱਤਰ ਸੌਂਪਿਆ ਗਿਆ।
ਸ਼੍ਰੋਮਣੀ ਅਕਾਲੀ ਦਲ (ਪੁਨਰਸੁਰਜੀਤ) ਵੱਲੋਂ ਜਾਰੀ ਕੀਤੇ ਗਏ ਪ੍ਰੈੱਸ ਬਿਆਨ ਵਿੱਚ ਗੰਭੀਰ ਦੋਸ਼ ਲਗਾਏ ਗਏ ਹਨ। ਬਿਆਨ ਵਿੱਚ ਦੋਸ਼ ਲਗਾਏ ਗਏ ਹਨ ਕਿ, ਬਹਿਰੀਨ ਤੋਂ ਨਵੀਂ ਦਿੱਲੀ ਆਈ ਉਕਤ ਔਰਤ ਅਤੇ ਉਸ ਦੀ ਨੂਹ ਦੀਆਂ ਏਅਰ ਟਿਕਟਾਂ ਕਿਸ ਵੱਲੋਂ ਕਰਵਾਈਆਂ ਗਈਆਂ ਅਤੇ ਉਸ ਨੂੰ ਇੱਥੇ ਲਿਆਉਣ ਪਿੱਛੇ ਕੀ ਮਕਸਦ ਸੀ, ਇਸ ਦੀ ਤੁਰੰਤ ਜਾਂਚ ਹੋਵੇ। ਨਵੀਂ ਦਿੱਲੀ ਏਅਰਪੋਰਟ ਤੋਂ ਗ੍ਰਿਫ਼ਤਾਰੀ ਤੋਂ ਬਾਅਦ ਨਾਭਾ ਜੇਲ੍ਹ ਵਿੱਚ ਉਸ ਬੀਬੀ ਨੂੰ ਦਿੱਤੀਆਂ ਗਈਆਂ ਵੀ.ਆਈ.ਪੀ. ਸਹੂਲਤਾਂ ਅਤੇ ਉਸ ਸਮੇਂ ਜੇਲ੍ਹ 'ਚ ਬੰਦ ਬਿਕਰਮ ਸਿੰਘ ਮਜੀਠੀਆ ਨਾਲ ਉਸ ਦੀ ਮੁਲਾਕਾਤ ਹੋਣ ਜਾਂ ਨਾ ਹੋਣ ਦੇ ਤੱਥ ਸਾਹਮਣੇ ਲਿਆਂਦੇ ਜਾਣ।
ਨਾਭਾ ਜੇਲ੍ਹ ਤੋਂ ਰਿਹਾਅ ਹੋਣ ਉਪਰੰਤ ਉਸ ਬੀਬੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ 'ਭਾਈ ਬਚਿੱਤਰ ਸਿੰਘ ਨਿਵਾਸ' ਵਿੱਚ ਕਿਸ ਦੀਆਂ ਗੱਡੀਆਂ ਅਤੇ ਕਿਸ ਦੇ ਸੰਪਰਕ ਨਾਲ ਸ਼ਿਫ਼ਟ ਕੀਤਾ ਗਿਆ? ਮੀਡੀਆ ਵਿੱਚ ਆ ਰਹੀਆਂ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਯੂਥ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਵੱਲੋਂ ਟਿਕਟਾਂ ਕਰਵਾਉਣ, ਜੇਲ੍ਹ ਤੋਂ ਰਿਹਾਅ ਕਰਵਾਉਣ ਅਤੇ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨਾਲ ਸੰਪਰਕ ਕਰਵਾਉਣ ਦੇ ਰੋਲ ਦੀ ਪੂਰੀ ਜਾਂਚ ਹੋਵੇ।
ਬੀਬੀ ਵੱਲੋਂ ਲਗਾਏ ਗਏ ਦੋਸ਼ਾਂ ਅਨੁਸਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਐਡੀਸ਼ਨਲ ਹੈੱਡ ਗ੍ਰੰਥੀ ਗਿਆਨੀ ਮਲਕੀਤ ਸਿੰਘ, ਡਰਾਈਵਰ ਮੋਹਨ ਸਿੰਘ ਅਤੇ ਮੇਜਰ ਸਿੰਘ ਕਵੀਸ਼ਰ ਦੀ ਭੂਮਿਕਾ ਦੀ ਵੀ ਪੜਤਾਲ ਕੀਤੀ ਜਾਵੇ। 8 ਮਹੀਨਿਆਂ ਦੇ ਸਮੇਂ ਦਰਮਿਆਨ ਇਹ ਬੀਬੀ ਕਿਨ੍ਹਾਂ-ਕਿਨ੍ਹਾਂ ਲੋਕਾਂ ਨੂੰ ਮਿਲੀ? ਐਸ.ਜੀ.ਪੀ.ਸੀ. ਦੇ ਪ੍ਰਬੰਧ ਅਧੀਨ ਇਹ ਜਾਂਚ ਕੀਤੀ ਜਾਵੇ ਕਿ ਐਸ.ਜੀ.ਪੀ.ਸੀ. ਨੇ ਉਸ ਨੂੰ ਆਪਣੇ ਪ੍ਰਬੰਧ ਹੇਠ ਕਿਉਂ ਠਹਿਰਾਇਆ? ਇਸ ਸਬੰਧੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਤੋਂ ਲੈ ਕੇ ਸੇਵਾਦਾਰਾਂ ਤੱਕ ਪੁੱਛਗਿੱਛ ਹੋਵੇ।
ਐਫ.ਆਈ.ਆਰ. ਦਰਜ ਹੋਣ ਤੋਂ ਬਾਅਦ ਮੁਲਜ਼ਮ ਅਮਰਜੀਤ ਸਿੰਘ ਚਾਵਲਾ ਨੂੰ ਵਿਦੇਸ਼ ਭੇਜਣ ਵਿੱਚ ਕਿਸ ਦਾ ਹੱਥ ਹੈ ਅਤੇ ਉਸ ਨੂੰ ਸੇਫ਼ ਪੈਸੇਜ (Safe Passage) ਕਿਸ ਵੱਲੋਂ ਦਿੱਤਾ ਗਿਆ, ਇਸ ਦਾ ਸੱਚ ਵੀ ਸਾਹਮਣੇ ਆਉਣਾ ਚਾਹੀਦਾ ਹੈ। ਵਫ਼ਦ ਨੇ ਮੁੱਖ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਂਦਾ ਕਿ ਸ੍ਰੀ ਆਨੰਦਪੁਰ ਸਾਹਿਬ ਖਾਲਸੇ ਦੀ ਪਵਿੱਤਰ ਜਨਮ ਭੂਮੀ ਹੈ। ਬੀਤੇ ਦਿਨਾਂ ਤੋਂ ਚੱਲ ਰਹੀ ਇਸ ਇਲਜ਼ਾਮਬਾਜ਼ੀ ਕਾਰਨ ਦੇਸ਼-ਵਿਦੇਸ਼ ਦੀ ਸਮੁੱਚੀ ਸਿੱਖ ਕੌਮ ਵਿੱਚ ਭਾਰੀ ਚਿੰਤਾ ਅਤੇ ਰੋਸ ਹੈ।
ਇਸ ਘਟਨਾਕ੍ਰਮ ਨਾਲ ਸਿੱਖਾਂ ਦੀਆਂ ਮਹਾਨ ਸੰਸਥਾਵਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਾਨ-ਸਨਮਾਨ 'ਤੇ ਗੰਭੀਰ ਪ੍ਰਸ਼ਨ ਚਿੰਨ੍ਹ ਲੱਗ ਰਹੇ ਹਨ। ਵਫ਼ਦ ਵੱਲੋਂ ਮੰਗ ਕੀਤੀ ਗਈ ਕਿ ਕਿਸੇ ਇਮਾਨਦਾਰ ਸੀਨੀਅਰ ਅਫ਼ਸਰ ਦੀ ਅਗਵਾਈ ਹੇਠ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕਰਕੇ 15 ਦਿਨਾਂ ਦੇ ਅੰਦਰ ਫਾਸਟ-ਟ੍ਰੈਕ ਰੂਪ ਵਿੱਚ ਪੂਰੀ ਜਾਂਚ ਨਿਪਟਾਈ ਜਾਵੇ ਤਾਂ ਜੋ ਅਸਲ ਸੱਚਾਈ ਦੁਨੀਆ ਸਾਹਮਣੇ ਆ ਸਕੇ।
- Download Babushahi App
-
-