ਪ੍ਰਤਿਭਾਸ਼ਾਲੀ ਅਧਿਆਪਕਾਂ ਨੂੰ ‘ਡਾ. ਮਨਮੋਹਨ ਸਿੰਘ ਗਿਆਨ ਰਤਨ ਐਵਾਰਡ’ ਨਾਲ ਸਨਮਾਨਿਤ
ਸੁਲਤਾਨਪੁਰ ਲੋਧੀ, 23 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ) — ਸਾਹਿਤ ਸਭਾ ਸੁਲਤਾਨਪੁਰ ਲੋਧੀ ਵੱਲੋਂ ਪ੍ਰਤਿਭਾਸ਼ਾਲੀ ਅਤੇ ਮਾਣਮੱਤੇ ਅਧਿਆਪਕਾਂ ਦੇ ਸਨਮਾਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸ਼ਾਹਵਾਲਾ ਅੰਦਰੀਸਾ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਸਕੂਲ ਇੰਚਾਰਜ ਮੈਡਮ ਸਵਿਤਾ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ਦੀ ਪ੍ਰਧਾਨਗੀ ਉੱਘੇ ਸਿੱਖ ਵਿਦਵਾਨ ਡਾ. ਪਰਮਜੀਤ ਸਿੰਘ ਮਾਨਸਾ, ਸਭਾ ਦੇ ਸਰਪ੍ਰਸਤ ਨਰਿੰਦਰ ਸਿੰਘ ਸੋਨੀਆ, ਪ੍ਰਧਾਨ ਡਾ. ਸਵਰਨ ਸਿੰਘ, ਪ੍ਰਿੰਸੀਪਲ ਲਖਬੀਰ ਸਿੰਘ ਅਤੇ ਸਕੂਲ ਇੰਚਾਰਜ ਮੈਡਮ ਸਵਿਤਾ ਨੇ ਕੀਤੀ।
ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਹਾਜ਼ਰ ਸ਼ਖ਼ਸੀਅਤਾਂ ਦਾ ਸਵਾਗਤ ਕੀਤਾ। ਡਾ. ਪਰਮਜੀਤ ਸਿੰਘ ਮਾਨਸਾ ਨੇ ਸਨਮਾਨਿਤ ਅਧਿਆਪਕਾਂ ਨੂੰ ਮੁਬਾਰਕਬਾਦ ਦਿੰਦਿਆਂ ਵਿਦਿਆਰਥੀਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨ ਅਤੇ ਪੂਰੀ ਲਗਨ ਤੇ ਨਿਸ਼ਠਾ ਨਾਲ ਮਿਹਨਤ ਕਰਕੇ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਸਭਾ ਦੇ ਸਕੱਤਰ ਮੁਖਤਾਰ ਸਿੰਘ ਚੰਦੀ ਨੇ ਸਾਹਿਤ ਸਭਾ ਵੱਲੋਂ ਮਾਂ ਬੋਲੀ ਪੰਜਾਬੀ ਅਤੇ ਪੰਜਾਬੀ ਸਾਹਿਤ ਦੇ ਪ੍ਰਚਾਰ ਤੇ ਪਸਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਮਾਂ-ਬਾਪ ਤੋਂ ਬਾਅਦ ਅਧਿਆਪਕ ਦਾ ਵਿਦਿਆਰਥੀਆਂ ਦੀ ਸ਼ਖ਼ਸੀਅਤ ਉਸਾਰੀ ਵਿੱਚ ਅਹਿਮ ਯੋਗਦਾਨ ਹੁੰਦਾ ਹੈ। ਅਧਿਆਪਨ ਸਿਰਫ਼ ਨੌਕਰੀ ਨਹੀਂ, ਸਗੋਂ ਰਾਸ਼ਟਰ ਨਿਰਮਾਣ ਦਾ ਮਹੱਤਵਪੂਰਨ ਕਾਰਜ ਹੈ।
ਪ੍ਰਿੰਸੀਪਲ ਲਖਬੀਰ ਸਿੰਘ ਨੇ ਸਨਮਾਨਿਤ ਅਧਿਆਪਕਾਂ ਦੀਆਂ ਸਿੱਖਿਆ ਅਤੇ ਸਮਾਜਿਕ ਖੇਤਰ ਵਿੱਚ ਦਿੱਤੀਆਂ ਵਡਮੁੱਲੀਆਂ ਸੇਵਾਵਾਂ ਅਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਉਪਰੰਤ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ, ਲੈਕਚਰਾਰ ਇਤਿਹਾਸ ਬੀਬਾ ਪਰਮਜੀਤ ਕੌਰ, ਲੈਕਚਰਾਰ ਕਾਮਰਸ ਸੁਰਜੀਤ ਸਿੰਘ ਅਤੇ ਸਮਾਜਿਕ ਸਿੱਖਿਆ ਮਾਸਟਰ ਗੁਰਦੇਵ ਸਿੰਘ ਨੂੰ ‘ਡਾ. ਮਨਮੋਹਨ ਸਿੰਘ ਗਿਆਨ ਰਤਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਐਵਾਰਡ ਵਿੱਚ ਸਨਮਾਨ ਚਿੰਨ੍ਹ, ਪ੍ਰਸ਼ੰਸਾ ਪੱਤਰ, ਕਿਤਾਬਾਂ ਅਤੇ ਦੁਸ਼ਾਲਾ ਸ਼ਾਮਲ ਸਨ।
ਸਨਮਾਨ ਪ੍ਰਾਪਤ ਕਰਨ ਵਾਲੇ ਅਧਿਆਪਕਾਂ ਨੇ ਭਾਵਪੂਰਨ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਸਨਮਾਨ ਉਨ੍ਹਾਂ ਦੀ ਜ਼ਿੰਮੇਵਾਰੀ ਨੂੰ ਹੋਰ ਵਧਾਉਂਦਾ ਹੈ ਅਤੇ ਉਹ ਸਿੱਖਿਆ ਤੇ ਸਮਾਜ ਦੀ ਬਿਹਤਰੀ ਲਈ ਹੋਰ ਸਮਰਪਣ ਨਾਲ ਕੰਮ ਕਰਨਗੇ। ਉਨ੍ਹਾਂ ਸਾਹਿਤ ਸਭਾ ਦਾ ਧੰਨਵਾਦ ਕੀਤਾ।
ਸਮਾਗਮ ਦਾ ਸੰਚਾਲਨ ਮੁਖਤਾਰ ਸਿੰਘ ਚੰਦੀ ਨੇ ਕਾਵਿਕ ਅੰਦਾਜ਼ ਵਿੱਚ ਕੀਤਾ। ਅੰਤ ਵਿੱਚ ਸਕੂਲ ਇੰਚਾਰਜ ਮੈਡਮ ਸਵਿਤਾ ਨੇ ਸਮਾਗਮ ਵਿੱਚ ਸ਼ਾਮਲ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਸਟਾਫ ਤੋਂ ਇਲਾਵਾ ਪ੍ਰਿੰਸੀਪਲ ਜਗਜੀਤ ਸਿੰਘ, ਲੈਕਚਰਾਰ ਕਸ਼ਮੀਰ ਸਿੰਘ, ਪੈਨਸ਼ਨਰ ਐਸੋਸੀਏਸ਼ਨ ਆਗੂ ਸੁੱਚਾ ਸਿੰਘ ਮਿਰਜਾਪੁਰ, ਦਰਸ਼ਨ ਸਿੰਘ ਸਤਾਬਗੜ੍ਹ, ਸਰਪੰਚ ਜੋਗਿੰਦਰ ਸਿੰਘ, ਮਾਸਟਰ ਗੁਰਸੇਵਕ ਸਿੰਘ ਖੰਨਾ, ਸਾਬਕਾ ਬੀ.ਈ.ਓ. ਹਰਭਜਨ ਸਿੰਘ ਥਿੰਦ, ਮਾਸਟਰ ਜਗਮੋਹਨ ਸਿੰਘ ਥਿੰਦ, ਲਖਬੀਰ ਸਿੰਘ ਲੱਖੀ, ਮਾਸਟਰ ਹਰੀਸ਼ ਕੁਮਾਰ, ਇੰਦਰਬੀਰ ਅਰੋੜਾ, ਲੈਕਚਰਾਰ ਹਰਮਿੰਦਰ ਸਿੰਘ, ਮੈਡਮ ਮਮਤਾ ਰਾਣੀ, ਮੈਡਮ ਇੰਦਰਜੀਤ ਕੌਰ, ਗੁਰਦੇਵ ਸਿੰਘ, ਮਨਜੀਤ ਕੌਰ, ਬਲਵੀਰ ਕੌਰ, ਕੁਲਬੀਰ ਸਿੰਘ, ਦਰਸ਼ਨ ਕੌਰ, ਹਰਜੀਤ ਕੌਰ, ਦੀਪਕ ਕੁਮਾਰ ਅਤੇ ਤਰਲੋਚਨ ਸਿੰਘ ਆਦਿ ਹਾਜ਼ਰ ਸਨ।
- Download Babushahi App
-
-