Babushahi Special ਪੁਲਿਸੀਆ ਕੌਤਕ: ‘ਲਾਲ ਪਰੀ’ ਤਾਂ ਡਕਾਰਗੇ ਚੂਹੇ- ਪੁਲਿਸ ਤਾਂ ਵਿਚਾਰੀ ਬਿਨਾਂ ਗੱਲੋਂ ਬਦਨਾਮ ਹੋ ਗਈ
ਅਸ਼ੋਕ ਵਰਮਾ
ਬਠਿੰਡਾ,14 ਜੁਲਾਈ 2025: ਐਕਸਾਈਜ਼ ਵਿਭਾਗ ਦੇ ਕਥਿਤ ਸਹਿਯੋਗ ਅਤੇ ਥਾਪੜੇ ਨਾਲ ਸ਼ਰਾਬ ਦੇ ਠੇਕਿਆਂ ਦੀ ਕਾਰਗੁਜ਼ਾਰੀ ਤਾਂ ਪੰਜਾਬ ਵਿੱਚ ਗਾਹੇ ਬਗਾਹੇ ਚਰਚਾ ਵਿੱਚ ਆਉਂਦੀ ਰਹਿੰਦੀ ਹੈ ਪਰ ਕੋਇਲਾ ਪੱਟੀ ਵਜੋਂ ਜਾਣੇ ਜਾਂਦੇ ਝਾਰਖੰਡ ਦੇ ਸ਼ਰਾਬ ਕਾਰੋਬਾਰੀਆਂ ਅਤੇ ਵੱਖ ਵੱਖ ਸੂਬਿਆਂ ਦੀ ਪੁਲਿਸ ਨੇ ਅਜਿਹੇ ਕਰ ਦਿਖਾਏ ਹਨ ਜਿੰਨਾਂ ਨੂੰ ਸੁਣਕੇ ਲੋਕ ਉਂਗਲਾਂ ਟੁੱਕਣ ਲਈ ਮਜਬੂਰ ਹੋ ਜਾਂਦੇ ਹਨ। ਝਾਰਖੰਡ ਦੇ ਜਿਲਾ ਧਨਬਾਦ ਦਾ ਕੋਇਲੇ ਵਰਗੀ ਕੁਦਰਤੀ ਨਿਆਮਤ ਨਾਲ ਭਰਪੂਰ ਇਲਾਕਾ ਕੋਇਲਾ ਮਾਫੀਆ, ਦਬਦਬੇ ਦੀ ਲੜਾਈ ਅਤੇ ਗੈਂਗਵਾਰ ਲਈ ਜਾਣਿਆ ਜਾਂਦਾ ਹੈ, ਪਰ ਹੁਣ ਇੱਥੋਂ ਦੇ ਚੂਹੇ ਸੁਰਖੀਆਂ ਵਿੱਚ ਹਨ ਜਿਸ ਦਾ ਕਾਰਨ ਵੀ ਅਨੋਖਾ ਹੈ। ਇਸ ਇਲਾਕੇ ਵਿੱਚ ਚੂਹਿਆਂ ਵੱਲੋਂ ਸ਼ਰਾਬ ਪੀਣ ਦਾ ਨਿਵੇਕਲਾ ਮਾਮਲਾ ਉਜਾਗਰ ਹੋਇਆ ਹੈ। ਇਹ ਨਹੀਂ ਕਿ ਚੂਹਿਆਂ ਨੇ ਇੱਕ ਦੋ ਬੋਤਲਾਂ ਸ਼ਰਾਬ ਪੀਤੀ ਬਲਕਿ ਚੂਹਾ ਬਿਗੇਡ ਤੇ ਸ਼ਰਾਬ ਦੀਆਂ 802 ਬੋਤਲਾਂ ਪੀਣ ਦੇ ਦੋਸ਼ ਲੱਗੇ ਹਨ।
ਇਸ ਪੱਤਰਕਾਰ ਵੱਲੋਂ ਵਾਪਰੀਆਂ ਇਸ ਤਰਾਂ ਦੀ ਰੌਚਕ ਘਟਨਾਵਾਂ ਦੀ ਪੁਣਛਾਣ ਦੌਰਾਨ ਚੂਹਿਆਂ ਦੇ ਗਾਂਜਾ ਅਤੇ ਭੰਗ ਪੀਣ ਦੀ ਖਬਰਾਂ ਤੋਂ ਬਾਅਦ ਇਹ ਹੈਰਾਨ ਕਰ ਦੇਣ ਵਾਲਾ ਕੌਤਕ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਾਮਲਾ ਕੁੱਝ ਇਸ ਤਰਾਂ ਹੈ ਕਿ ਝਾਰਖੰਡ ਵਿੱਚ ਹੁਣ ਤੱਕ ਸ਼ਰਾਬ ਦੀ ਵਿੱਕਰੀ ਉੱਥੋਂ ਐਕਸਾਈਜ਼ ਵਿਭਾਗ ਦੇ ਅਧੀਨ ਕੀਤੀ ਜਾ ਰਹੀ ਹੈ ਜਿਸ ਲਈ ਸਰਕਾਰ ਇੱਕ ਤਰਾਂ ਨਾਲ ਨੋਡਲ ਏਜੰਸੀ ਦੀ ਨਿਯੁਕਤੀ ਕਰਦੀ ਹੈ। ਇੰਨਾਂ ਪ੍ਰਬੰਧ ਤਹਿਤ ਸ਼ਰਾਬ ਵੀ ਮਹਿਕਮੇ ਦੇ ਪੱਧਰ ਤੇ ਮੁਹੱਈਆ ਕਰਵਾਈ ਜਾਂਦੀ ਹੈ। ਸ਼ਰਾਬ ਦੀ ਸਾਂਭ ਸੰਭਾਲ ਕਰਨ ਦੀ ਜਿੰਮੇਵਾਰੀ ਕੰਪਨੀ ਦੇ ਨੁਮਾਇੰਦਿਆਂ ਦੀ ਹੁੰਦੀ ਹੈ। ਝਾਰਖੰਡ ਸਰਕਾਰ ਅਗਾਮੀ ਪਹਿਲੀ ਸਤੰਬਰ ਤੋਂ ਆਪਣੇ ਰਾਜ ਵਿੱਚ ਨਵੀਂ ਸ਼ਰਾਬ ਨੀਤੀ ਲਾਗੂ ਕਰਨ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਸ਼ਰਾਬ ਦੀਆਂ ਦੁਕਾਨਾਂ ਤੇ ਰੱਖੇ ਹੋਏ ਸਟਾਕ ਦੇ ਮਿਲਾਣ ਲਈ ਗਿਣਤੀਆਂ ਮਿਣਤੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਪ੍ਰਕਿਰਿਆ ਤਹਿਤ ਜਦੋਂ ਦੋ ਠੇਕਿਆਂ ਦੀ ਜਾਂਚ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਕਾਫੀ ਸ਼ਰਾਬ ਦੀਆਂ ਬੋਤਲਾਂ ਖਾਲੀ ਸਨ ਜਦੋਂਕਿ ਕਈਆਂ ਦੇ ਢੱਕਣਾਂ ਵਿੱਚ ਮੋਰੀਆਂ ਕੀਤੀਆਂ ਹੋਈਆਂ ਸਨ ਜਿਸ ਨੂੰ ਦੇਖਕੇ ਗਿਣਤੀ ਕਰਨ ਵਾਲੀਆਂ ਟੀਮਾਂ ਦੰਗ ਰਹਿ ਗਈਆਂ। ਇਸ ਮੌਕੇ ਮੈਜਿਸਟਰੇਟ , ਸਬੰਧਤ ਵਿਭਾਗ ਦੇ ਸਬ ਇੰਸਪੈਕਟਰ ਦੀ ਦੇਖ ਰੇਖ ਅਤੇ ਨੋਡਲ ਕੰਪਨੀ ਦੇ ਪ੍ਰਤੀਨਿਧ ਦੀ ਹਾਜ਼ਰੀ ਵਿੱਚ ਖੁਲਾਸਾ ਹੋਇਆ ਕਿ ਸ਼ਰਾਬ ਦੀਆਂ ਕੁੱਲ 802 ਬੋਤਲਾਂ ਜਾਂ ਤਾਂ ਪੂਰੀ ਤਰਾਂ ਖਾਲੀ ਹਨ ਜਾਂ ਫਿਰ ਉਨਾਂ ਵਿੱਚ ਸ਼ਰਾਬ ਦੀ ਮਾਤਰਾ ਕਾਫੀ ਘੱਟ ਹੈ। ਜਦੋਂ ਇਸ ਸਬੰਧ ਵਿੱਚ ਠੇਕਾ ਸੰਚਾਲਕਾਂ ਤੋਂ ਜਵਾਬ ਮੰਗਿਆ ਤਾਂ ਉਨਾਂ ਦਾ ਉੱਤਰ ਸੁਣ ਕੇ ਅਧਿਕਾਰੀਆਂ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਠੇਕਾ ਚਲਾੳਣ ਵਾਲੀ ਕੰਪਨੀ ਦੇ ਮੁਲਾਜਮਾਂ ਨੇ ਬੋਤਲਾਂ ਵਿੱਚ ਘਟੀ ਸ਼ਰਾਬ ਦੀ ਠੀਕਰਾ ਚੂਹਿਆਂ ਦੇ ਸਿਰ ਭੰਨਦਿਆਂ ਕਿਹਾ ਕਿ ਸ਼ਰਾਬ ਤਾਂ ਚੂਹੇ ਪੀ ਗਏ ਹਨ।
ਜਦੋਂ ਅਧਿਕਾਰੀਆਂ ਨੇ ਕਿਹਾ ਕਿ ਚੂਹੇ ਕਿਸ ਤਰਾਂ ਸ਼ਰਾਬ ਪੀ ਸਕਦੇ ਹਨ ਤਾਂ ਕੰਪਨੀ ਦੇ ਪ੍ਰਤੀਨਿਧੀਆਂ ਦਾ ਜਵਾਬ ਸੁਣ ਕੇ ਜਾਂਚ ਕਰਨ ਵੇਲੇ ਅਫਸਰਾਂ ਨੇ ਦੰਦਾਂ ਹੇਠ ਉੱਗਲਾਂ ਦਬਾ ਲਈਆਂ। ਇਸ ਵਿਕ੍ਰੇਤਾ ਦੀ ਦਲੀਲ ਸੀ ਕਿ ਚੂਹੇ ਢੱਕਣ ਟੁੱਕ ਕੇ ਉਸ ਵਿੱਚ ਆਪਣੀ ਪੂਛ ਡੁਬੋਕੇ ਸ਼ਰਾਬ ਪੀਂਦੇ ਹਨ ਅਤੇ ਇਸ ਕੋਸ਼ਿਸ਼ ਵਿੱਚ ਬੋਤਲਾਂ ਟੁੱਟ ਵੀ ਜਾਂਦੀਆਂ ਹਨ। ਚੂਹਿਆਂ ਨੇ ਸ਼ਰਾਬ ਪੀਤੀ ਜਾਂ ਨਹੀਂ ਇਹ ਤਾਂ ਜਾਂਚ ਪੜਤਾਲ ਦਾ ਵਿਸ਼ਾ ਹੈ ਪਰ ਠੇਕਾ ਮੁਲਾਜਮਾਂ ਵੱਲੋਂ ਦਿੱਤਾ ਜਵਾਬ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਅਸਿਸਟੈਂਟ ਐਕਸਾਈਜ਼ ਇੰਸਪੈਕਟਰ ਰਾਮਲੀਲਾ ਰਵਾਨੀ ਦਾ ਕਹਿਣਾ ਸੀ ਕਿ ਸ਼ਰਾਬ ਦੀਆਂ ਬੋਤਲਾਂ ਘਟ ਜਾਣ ਜਾਂ ਫਿਰ ਟੁੱਟ ਜਾਣ ਇਸ ਨਾਲ ਮਹਿਕਮੇ ਨੂੰ ਕੋਈ ਫਰਕ ਨਹੀਂ ਪੈਣਾ ਹੈ । ਉਨਾਂ ਕਿਹਾ ਕਿ ਜੇਕਰ ਬੋਤਲਾਂ ਦੀ ਗਿਣਤੀ ਘਟਦੀ ਹੈ ਤਾਂ ਇਸ ਦੀ ਭਰਪਾਈ ਕੰਪਨੀ ਨੂੰ ਕਰਨੀ ਪਵੇਗੀ।
ਪਹਿਲਾਂ ਵੀ ਚੂਹਿਆਂ ਨੇ ਪੀਤੀ
ਇਸ ਤੋਂ ਪਹਿਲਾਂ 2021 ‘ਚ ਵੀ ਏਟਾ ਤੋਂ 14 ਸੌ ਪੇਟੀਆਂ ਸ਼ਰਾਬ ਦੇ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਸੀ। ਉਦੋਂ ਵੀ ਪੁਲਸ ਨੇ ਚੂਹਿਆਂ ਨੂੰ ਹੀ ਦੋਸ਼ੀ ਠਹਿਰਾਇਆ ਸੀ। ਉਦੋਂ ਵੀ ਗੱਲ ਉੱਠੀ ਸੀ ਕਿ ਸੱਚਮੁੱਚ ਚੂਹੇ ਨਸ਼ੇੜੀ ਬਣ ਗਏ ਹਨ ਜਾਂ ਫਿਰ ਪੁਲਿਸ ਨੇ ਕੋਈ ਖੇਡ ਖੇਡੀ ਹੈ। ਫਾਰੂਖਾਬਾਦ ਵਿੱਚ ਵੀ ਅਧਿਕਾਰੀਆਂ ਵੱਲੋਂ ਕੀਤੀ ਜਾਂਚ ਦੌਰਾਨ ਚੂਹਿਆਂ ਵੱਲੋਂ ਸ਼ਰਾਬ ਪੀਣ ਦੀ ਗੱਲ ਸਾਹਮਣੇ ਆਈ ਸੀ ਜਿਸ ਨੂੰ ਲੈਕੇ ਪੁਲਿਸ ਮਜਾਕ ਦਾ ਪਾਤਰ ਬਣੀ ਰਹੀ ਸੀ। ਮੱਧ ਪ੍ਰਦੇਸ਼ ਦੇ ਛਿੰਦਵਾੜਾ ਜਿਲੇ ’ਚ ਵੀ ਚੂਹੇ ਤੇ 60 ਬੋਤਲਾਂ ਸ਼ਰਾਬ ਪੀਣ ਦਾ ਦੋਸ਼ ਲੱਗਿਆ ਸੀ ਜਿਸ ਨੂੰ ਪੁਲਿਸ ਨੇ ਪਿੰਜਰਾ ਲਾਕੇ ਫੜਿਆ ਸੀ।
ਗਾਂਜੇ ਦੇ ਵੀ ਸ਼ੌਕੀਨ ਚੂਹੇ
ਯੂਪੀ ਦੇ ਏਟਾ ਜਿਲੇ ਦੇ ਇੱਕ ਥਾਣੇ ’ਚ ਕਰੀਬ ਢਾਈ ਸਾਲ ਪਹਿਲਾਂ ਪੁਲਿਸ ਨੇ ਚੂਹਿਆਂ ਤੇ ਕਰੋੜਾਂ ਦਾ ਗਾਂਜਾ ਛਕਣ ਦਾ ਦੋਸ਼ ਲਾਇਆ ਸੀ। ਫਰਵਰੀ 2023 ਵਿੱਚ ਪੁਲਿਸ ਨੇ ਆਗਰਾ ਨੇੜੇ 10.41 ਕੁਇੰਟਲ ਗਾਂਜਾ ਜਬਤ ਕੀਤਾ ਸੀ ਜਿਸ ਨੂੰ ਮਾਲਵਨ ਥਾਣੇ ਦੇ ਮਾਲਖਾਨੇ ਵਿੱਚ ਰੱਖਿਆ ਗਿਆ ਸੀ। ਜਦੋਂ ਕੁੱਝ ਮਹੀਨਿਆਂ ਬਾਅਦ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਗਾਂਜੇ ਦੇ ਪੈਕਟ ਕੱਟੇ ਹੋਏ ਸਨ ਜਿਸ ਬਾਰੇ ਦਾਅਵਾ ਕੀਤਾ ਗਿਆ ਕਿ ਇਹ ਚੂਹਿਆਂ ਦਾ ਕਾਰਨਾਮਾ ਹੈ। ਇਸ ਥਾਣੇ ’ਚ ਗਾਂਜਾ ਗਾਇਬ ਹੋਣ ਕਾਰਨ ਪੁਲਿਸ ਵੀ ਸ਼ੱਕ ਦੇ ਘੇਰੇ ’ਚ ਆਈ ਸੀ।