Babushahi Special: ਅਦਾਲਤੀ ਹੁਕਮ: ਪੁਲਿਸ ਹਿਰਾਸਤ ’ਚ ਮੌਤ ਸਬੰਧੀ ਵੱਡਾ ਥਾਣੇਦਾਰ ਤੇ ਪੁਲਿਸ ਮੁਲਾਜ਼ਮ ਹਾਜ਼ਰ ਹੋ
ਅਸ਼ੋਕ ਵਰਮਾ
ਬਠਿੰਡਾ,6 ਜੁਲਾਈ2025: ਬਠਿੰਡਾ ਪੁਲਿਸ ਦੀ ਹਿਰਾਸਤ ਦੌਰਾਨ ਭਿੰਦਰ ਸਿੰਘ ਨਾਮੀ ਵਿਅਕਤੀ ਦੀ ਹੋਈ ਮੌਤ ਮਾਮਲੇ ’ਚ ਜਿਲ੍ਹਾ ਅਦਾਲਤ ਬਠਿੰਡਾ ਸੀਆਈਏ ਸਟਾਫ ਵਨ ਦੇ ਤੱਤਕਾਲੀ ਇੰਚਾਰਜ ਪੁਲਿਸ ਇੰਸਪੈਕਟਰ ਸਮੇਤ ਪੰਜ ਪੁਲਿਸ ਮੁਲਾਜ਼ਮਾਂ ਵਿਰੁੱਧ ਕਥਿਤ ਤੌਰ ਤੇ ਗੈਰ-ਇਰਾਦਤਨ ਕਤਲ ਸਬੰਧੀ ਹੁਣ 15 ਜੁਲਾਈ ਨੂੰ ਮੁੜ ਤੋਂ ਸੁਣਵਾਈ ਸ਼ੁਰੂ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੰਘੀ 1 ਜੁਲਾਈ ਨੂੰ ਇਸ ਮਾਮਲੇ ਦੀ ਕਾਰਵਾਈ ’ਤੇ ਰੋਕ ਲਾਉਣ ਬਾਰੇ ਹਿਰਾਸਤੀ ਮੌਤ ਨਾਲ ਜੁੜੇ ਇੰਸਪੈਕਟਰ ਸਮੇਤ ਬਾਕੀ ਚਾਰਾਂ ਪੁਲਿਸ ਮੁਲਾਜਮਾਂ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਖਾਰਜ ਕਰ ਦਿੱਤੀ ਸੀ ਜਿਸ ਤੋਂ ਬਾਅਦ ਜਿਲ੍ਹਾ ਅਦਾਲਤ ਬਠਿੰਡਾ ’ਚ ਅਗਲੀ ਕਾਰਵਾਈ ਸ਼ੁਰੂ ਕਰਨ ਲਈ ਰਾਹ ਪੱਧਰਾ ਹੋਇਆ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਸਿਵਲ ਜੱਜ (ਜੂਨੀਅਰ ਡਿਵੀਜ਼ਨ), ਰਸਵੀਨ ਕੌਰ ਵੱਲੋਂ ਕੀਤੀ ਜਾਏਗੀ। ਦਰਅਸਲ ਇਹ ਮਾਮਲਾ ਅਕਤੂਬਰ 2024 ’ਚ ਬਠਿੰਡਾ ਪੁਲਿਸ ਦੇ ਸੀਆਈਏ ਸਟਾਫ ਵਨ ਦੀ ਹਿਰਾਸਤ ਦੌਰਾਨ ਭਿੰਦਰ ਸਿੰਘ ਨਾਮੀ ਵਿਅਕਤੀ ਦੀ ਮੌਤ ਨਾਲ ਜੁੜਿਆ ਹੈ।
ਭਿੰਦਰ ਸਿੰਘ ਨੂੰ ਪੁਲਿਸ ਨੇ ਨਜਾਇਜ ਹਥਿਆਰਾਂ ਦੇ ਸ਼ੱਕ ’ਚ ਗੋਨਿਆਣਾ ਦੀ ਅਨਾਜ ਮੰਡੀ ਚੋਂ ਕਥਿਤ ਚੁੱਕ ਲਿਆ ਸੀ ਜਿਸ ਦੀ ਮੌਤ ਹੋ ਗਈ ਸੀ। ਮ੍ਰਿਤਕ ਦੇ ਭਰਾ ਵੱਲੋਂ ਕੀਤੀ ਸ਼ਕਾਇਤ ਦੇ ਅਧਾਰ ਤੇ ਮਾਮਲੇ ਦੀ ਜਾਂਚ ਤੱਤਕਾਲੀ ਜੁਡੀਸ਼ੀਅਲ ਮੈਜਿਸਟਰੇਟ ਫਸਟ ਕਲਾਸ ਬਠਿੰਡਾ ਕੁਲਦੀਪ ਸਿੰਘ ਨੇ ਕੀਤੀ ਸੀ। ਹੈਰਾਨਕੁੰਨ ਪਹਿਲੂ ਹੈ ਕਿ ਭਿੰਦਰ ਸਿੰਘ ਦੀ ਮੌਤ ਨੂੰ ਲੈਕੇ ਸੀਆਈਏ ਸਟਾਫ ਵਨ ਨੇ ਜਿੰਨੀਆਂ ਵੀ ਕਹਾਣੀਆਂ ਘੜੀਆਂ ਅਤੇ ਜੋ ਵੀ ਦਾਅਵੇ ਕੀਤੇ ਜੁਡੀਸ਼ੀਅਲ ਜਾਂਚ ਦੌਰਾਨ ਸਾਰੇ ਹੀ ਝੂਠੇ ਸਾਬਤ ਹੋ ਗਏ ਸਨ। ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਇਸੇ ਸਾਲ 18 ਫਰਵਰੀ ਨੂੰ ਪੇਸ਼ ਕੀਤੀ ਗਈ ਇੱਕ ਤੱਥ ਖੋਜ ਰਿਪੋਰਟ ਵਿੱਚ ਸਾਹਮਣੇ ਆਇਆ ਸੀ ਕਿ ਭਿੰਦਰ ਸਿੰਘ ਦੀ ਮੌਤ ਦਾ ਕਾਰਨ ਪੁਲਿਸ ਵੱਲੋਂ ਤਸੀਹੇ ਦੇਣਾ ਹੈ । ਪੁਲਿਸ ਨੇ ਕਹਾਣੀ ਬਣਾਈ ਸੀ ਕਿ ਭਿੰਦਰ ਸਿੰਘ ਝੀਲ ਵਿੱਚ ਡੁੱਬਣ ਕਾਰਨ ਮਰਿਆ ਹੈ ਜਦੋਂਕਿ ਜਾਂਚ ਦੌਰਾਨ ਪੁਲਿਸ ਤਸ਼ੱਦਦ ਨੂੰ ਮੌਤ ਦੀ ਵਜਾਹ ਦੱਸਿਆ ਸੀ।
ਜਾਂਚ ਅਧਿਕਾਰੀ ਜੁਡੀਸ਼ੀਅਲ ਮੈਜਿਸਟਰੇਟ ਨੇ ਆਪਣੀ ਰਿਪੋਰਟ ਵਿੱਚ ਸੀਆਈਏ ਸਟਾਫ ਵਨ ਬਠਿੰਡਾ ਦੇ ਤਤਕਾਲੀ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ, ਹੈੱਡ ਕਾਂਸਟੇਬਲ ਰਾਜਵਿੰਦਰ ਸਿੰਘ ਅਤੇ ਤਿੰਨ ਕਾਂਸਟੇਬਲਾਂ ਗਗਨਪ੍ਰੀਤ ਸਿੰਘ, ਹਰਜੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ ਇਸ ਹਿਰਾਸਤੀ ਮੌਤ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਇਸ ਰਿਪੋਰਟ ਦੇ ਅਧਾਰ ਤੇ ਪੰਜਾਂ ਪੁਲਿਸ ਕਰਮਚਾਰੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਸੀ। ਜ਼ਿਲ੍ਹਾ ਅਦਾਲਤ ਨੇ ਇੰਨ੍ਹਾਂ ਪੁਲਿਸ ਮੁਲਾਜ਼ਮਾਂ ਖਿਲਾਫ ਗੈਰ-ਇਰਾਦਤਨ ਕਤਲ, ਸਬੂਤ ਗਾਇਬ ਕਰਨ ਅਤੇ ਹੋਰ ਅਪਰਾਧਾਂ ਲਈ ਮੁਕੱਦਮਾ ਚਲਾਉਣ ਦੇ ਹੁਕਮ ਦਿੱਤੇ ਸਨ। ਸੂਤਰ ਦੱਸਦੇ ਹਨ ਕਿ ਸੀਆਈਏ ਵਨ ਦਾ ਇੰਚਾਰਜ ਇੰਸਪੈਕਟਰ ਨਵਪ੍ਰੀਤ ਸਿੰਘ ਆਪਣੇ ਅਧੀਨ ਕੰਮ ਕਰਨ ਵਾਲੇ ਬਾਕੀ ਚੌਹਾਂ ਪੁਲਿਸ ਮੁਲਾਜਮਾਂ ਨਾਲ ਲਗਾਤਾਰ ਛੇ ਸੁਣਵਾਈਆਂ ’ਤੇ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਸੀ। ਜਾਣਕਾਰੀ ਅਨੁਸਾਰ ਅਦਾਲਤ ਨੇ 18 ਫਰਵਰੀ ਪਿੱਛੋਂ ਜੁਡੀਸ਼ੀਅਲ ਮੈਜਿਸਟਰੇਟ ਵੱਲੋਂ ਆਪਣੀ ਜਾਂਚ ਰਿਪੋਰਟ ਵਿੱਚ ਕਸੂਰਵਾਰ ਠਹਿਰਾਏ ਪੁਲਿਸ ਮੁਲਾਜ਼ਮਾਂ ਨੂੰ ਦੋ ਵਾਰ ਤਲਬ ਕੀਤਾ ਸੀ ਪਰ ਉਹ ਪੇਸ਼ ਨਹੀਂ ਹੋਏ ਸਨ।
ਜਿਲ੍ਹਾ ਅਦਾਲਤ ਨੇ ਵੱਖ ਵੱਖ ਚਾਰ ਤਰੀਕਾਂ ਤੇ ਇੰਨ੍ਹਾਂ ਪੁਲਿਸ ਮੁਲਾਜਮਾਂ ਨੂੰ ਪੇਸ਼ ਕਰਨ ਲਈ ਗ੍ਰਿਫ਼ਤਾਰੀ ਵਾਰੰਟ ਵੀ ਜਾਰੀ ਕੀਤੇ ਪਰ ਜਿਲ੍ਹਾ ਪੁਲਿਸ ਉਨ੍ਹਾਂ ਨੂੰ ਇੱਕ ਵਾਰ ਵੀ ਅਦਾਲਤ ਸਾਹਮਣੇ ਪੇਸ਼ ਨਹੀਂ ਕਰ ਸਕੀ। ਪਤਾ ਲੱਗਿਆ ਹੈ ਕਿ ਅਦਾਲਤ ਨੇ 10 ਅਤੇ 20 ਮਾਰਚ ਨੂੰ ਦੋ ਵਾਰ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ ਫਿਰ ਵੀ ਮੁਲਜਮ ਪੁਲਿਸ ਮੁਲਾਜਮ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ। ਜਿਲ੍ਹਾ ਅਦਾਲਤ ਨੇ 20 ਮਾਰਚ ਨੂੰ ਅਗਲੀ ਸੁਣਵਾਈ ਮੌਕੇ ਪੁਲਿਸ ਕਾਰਵਾਈ ਤੇ ਉੱਗਲ ਵੀ ਚੁੱਕੀ ਸੀ। ਪੁਲਿਸ ਅਧਿਕਾਰੀਆਂ ਵਿਰੁੱਧ ਗੈਰ-ਜ਼ਮਾਨਤੀ ਵਾਰੰਟ ਬਿਨਾਂ ਅਮਲ ਕੀਤੇ ਵਾਪਸ ਕਰਨ ਮੌਕੇ ਪੁਲਿਸ ਪ੍ਰਸ਼ਾਸ਼ਨ ਨੇ ਅਦਾਲਤ ਅੱਗੇ ਆਪਣੀ ਰਿਪੋਰਟ ਵਿੱਚ ਇਹ ਦਲੀਲ ਦਿੱਤੀ ਸੀ ਮੁਲਜਮ ਪੁਲਿਸ ਮੁਲਾਜਮਾਂ ਦੇ ਘਰਾਂ ’ਤੇ ਛਾਪੇ ਮਾਰਨ ਦੇ ਬਾਵਜੂਦ ਉਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੰਸਪੈਕਟਰ ਨਵਪ੍ਰੀਤ ਸਿੰਘ ਹੁਣ ਫਰੀਦਕੋਟ ਜਿਲ੍ਹੇ ਦੇ ਥਾਣਾ ਜੈਤੋ ਵਿੱਚ ਮੁੱਖ ਥਾਣਾ ਅਫਸਰ (ਐਸਐਚਓ) ਵਜੋਂ ਤਾਇਨਾਤ ਹੈ।
ਜੈਤੋ ਸ਼ਹਿਰ ਵਿੱਚ ਚੱਲ ਰਹੀ ਚੁੰਝ ਚਰਚਾ ਅਨੁਸਾਰ ਪੁਲਿਸ ਪ੍ਰਸ਼ਾਸ਼ਨ ਨੇ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਉੱਥੋਂ ਬਦਲੀ ਕਰ ਦਿੱਤੀ ਹੈ ਪਰ ਇਸ ਦੀ ਅਧਿਕਾਰਕ ਤੌਰ ਤੇ ਪੁਸ਼ਟੀ ਨਹੀਂ ਹੋ ਸਕੀ ਹੈ। ਗੌਰਤਲਬ ਹੈ ਕਿ ਹਿਰਾਸਤੀ ਮੌਤ ਦਾ ਮਾਮਲਾ ਸਾਹਮਣੇ ਆਉਣ ਪਿੱਛੋਂ ਇੰਸਪੈਕਟਰ ਨਵਪ੍ਰੀਤ ਸਿੰਘ ਦੀ ਬਦਲੀ ਕਰ ਦਿੱਤੀ ਗਈ ਸੀ ਜਦੋਂਕਿ ਬਾਕੀ ਪੁਲਿਸ ਮੁਲਾਜਮ ਲਾਈਨ ਹਾਜ਼ਰ ਕਰ ਦਿੱਤੇ ਸਨ। ਐਸਐਸਪੀ ਬਠਿੰਡਾ ਨੇ ਪੁਲਿਸ ਮੁਲਾਜਮਾਂ ਦੀ ਮੌਜੂਦਾ ਤਾਇਨਾਤੀ ਸਬੰਧੀ ਅਣਜਾਣਤਾ ਜਤਾਈ ਹੈ । ਇਸਪੈਕਟਰ ਨਵਪ੍ਰੀਤ ਸਿੰਘ ਆਦਿ ਨੇ 17 ਲੰਘੀ ਮਾਰਚ ਨੂੰ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਜ਼ਿਲ੍ਹਾ ਅਦਾਲਤ ਵੱਲੋਂ ਸ਼ੁਰੂ ਕੀਤੀ ਅਪਰਾਧਿਕ ਕਾਰਵਾਈ ਨੂੰ ਰੱਦ ਕਰਨ ਲਈ ਕਿਹਾ ਸੀ। ਮਾਮਲੇ ਦੀ ਸੁਣਵਾਈ ਦੌਰਾਨ ਹਾਈਕੋਰਟ ਨੇ ਜ਼ਿਲ੍ਹਾ ਅਦਾਲਤ ਦੀ ਕਾਰਵਾਈ ’ਤੇ ਅੰਤਰਿਮ ਰੋਕ ਲਾਉਣ ਦੇ ਹੁਕਮ ਦਿੱਤੇ ਸਨ ਜਿੰਨ੍ਹਾਂ ਨੂੰ ਇਸੇ ਹਫ਼ਤੇ ਖਾਰਜ ਕੀਤਾ ਗਿਆ ਹੈ। ਜਿਲ੍ਹਾ ਅਦਾਲਤ ਬਠਿੰਡਾ ਨੇ ਹੁਣ ਅਗਲੀ ਸੁਣਵਾਈ 15 ਜੁਲਾਈ ਨੂੰ ਤੈਅ ਕੀਤੀ ਹੈ।