BREAKING- ਪੰਜਾਬ ਯੂਥ ਕਾਂਗਰਸ ਦਾ ਸੂਬਾ ਪ੍ਰਧਾਨ ਗ੍ਰਿਫ਼ਤਾਰ, ਪੜ੍ਹੋ ਪੂਰਾ ਮਾਮਲਾ
ਪੀਐਮ ਮੋਦੀ ਦੀ ਫੇਰੀ ਦਾ ਵਿਰੋਧ ਕਰਨ ਤੋਂ ਪਹਿਲਾਂ ਵੱਡੀ ਕਾਰਵਾਈ: ਜਲੰਧਰ 'ਚ ਅੰਗਦ ਦੱਤਾ ਅਤੇ ਦੀਪਕ ਖੋਸਲਾ ਨਜ਼ਰਬੰਦ
ਰਵੀ ਜੱਖੂ
ਲੁਧਿਆਣਾ / ਜਲੰਧਰ, 17 ਜੁਲਾਈ 2026- ਪੰਜਾਬ ਯੂਥ ਕਾਂਗਰਸ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਸ਼ੁਭਮ ਸ਼ਰਮਾ ਸ਼ੂਬੀ ਨੂੰ ਲਾਡੋਵਾਲ ਟੋਲ ਪਲਾਜ਼ਾ 'ਤੇ ਭਾਰੀ ਪੁਲਿਸ ਫੋਰਸ ਵੱਲੋਂ ਜਬਰਨ ਰੋਕ ਕੇ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਕਾਰਵਾਈ ਤੇ ਪੰਜਾਬ ਯੂਥ ਕਾਂਗਰਸ ਨੇ ਬਿਆਨ ਜਾਰੀ ਕੀਤਾ ਹੈ। ਯੂਥ ਕਾਂਗਰਸ ਨੇ ਪੁਲਿਸ ਵੱਲੋਂ ਕੀਤੀ ਗਈ ਸਖ਼ਤ ਕਾਰਵਾਈ ਦੀ ਪੁਰਜ਼ੋਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਯੂਥ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਲੋਕਤੰਤਰਿਕ ਤਰੀਕੇ ਨਾਲ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਨੂੰ ਕੁਚਲਣ ਅਤੇ ਪੰਜਾਬ ਦੇ ਨੌਜਵਾਨਾਂ ਦੀ ਆਵਾਜ਼ ਨੂੰ ਦਬਾਉਣ ਲਈ ਪੁਲਿਸ ਬਲ ਦੀ ਤਾਨਾਸ਼ਾਹੀ ਵਰਤੋਂ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਇੱਕ ਸੋਚੀ-ਸਮਝੀ ਰਣਨੀਤੀ ਤਹਿਤ ਸਵੇਰੇ-ਸਵੇਰੇ ਹੀ ਯੂਥ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਦੇ ਨਾਲ ਹੀ, ਜਲੰਧਰ ਵਿੱਚ ਵਿਰੋਧ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲੇ ਮੁੱਖ ਆਗੂਆਂ 'ਤੇ ਵੀ ਸਖ਼ਤੀ ਕੀਤੀ ਗਈ। ਪੁਲਿਸ ਨੇ ਸਵੇਰੇ ਹੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅੰਗਦ ਦੱਤਾ ਅਤੇ ਪੰਜਾਬ ਯੂਥ ਕਾਂਗਰਸ ਦੇ ਜਨਰਲ ਸਕੱਤਰ ਦੀਪਕ ਖੋਸਲਾ ਨੂੰ ਉਨ੍ਹਾਂ ਦੇ ਘਰਾਂ ਵਿੱਚ ਨਜ਼ਰਬੰਦ (ਹਾਊਸ ਅਰੈਸਟ) ਕਰ ਦਿੱਤਾ।
ਦੱਸ ਦੇਈਏ ਕਿ ਯੂਥ ਕਾਂਗਰਸ ਵੱਲੋਂ ਜਲੰਧਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਇੱਕ ਵਿਸ਼ਾਲ ਅਤੇ ਸ਼ਾਂਤਮਈ ਕਾਲੀਆਂ ਝੰਡੀਆਂ ਦਿਖਾਉਣ ਦਾ ਪ੍ਰਦਰਸ਼ਨ ਉਲੀਕਿਆ ਗਿਆ ਸੀ। ਇਸ ਪ੍ਰਦਰਸ਼ਨ ਦਾ ਮੁੱਖ ਉਦੇਸ਼ ਦੇਸ਼ ਭਰ ਵਿੱਚ ਹੋਏ ਨੀਟ (NEET) ਪ੍ਰੀਖਿਆ ਦੇ ਪੇਪਰ ਲੀਕ ਘੁਟਾਲੇ ਅਤੇ ਸਥਾਨਕ ਪੱਧਰ 'ਤੇ ਹੋਈਆਂ ਭਰਤੀਆਂ ਦੀਆਂ ਗੜਬੜੀਆਂ ਬਾਰੇ ਕੇਂਦਰ ਸਰਕਾਰ ਤੋਂ ਜਵਾਬ ਮੰਗਣਾ ਸੀ, ਜਿਨ੍ਹਾਂ ਨੇ ਦੇਸ਼ ਅਤੇ ਸੂਬੇ ਦੇ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨੂੰ ਬਰਬਾਦ ਕਰ ਦਿੱਤਾ ਹੈ।
- Download Babushahi App
-
-