ਕਿਸਾਨ-ਮਜ਼ਦੂਰ ਜਥੇਬੰਦੀ ਵੱਲੋਂ ਪੰਜਾਬ 'ਚ 5 ਥਾਵਾਂ ’ਤੇ ਰੇਲ ਰੋਕੋ ਅੰਦੋਲਨ! ਖੇਤੀਬਾੜੀ ਮੰਤਰੀ ਨਾਲ ਮੀਟਿੰਗ 'ਚ ਬਣੀ ਸਹਿਮਤੀ ਮਗਰੋਂ ਮੋਰਚੇ ਸਮਾਪਤ
ਸਰਕਾਰ ਨਾਲ ਗੱਲਬਾਤ ਤੋਂ ਬਾਅਦ 24 ਸਤੰਬਰ ਨੂੰ ਖੇਤੀਬਾੜੀ ਮੰਤਰੀ ਨਾਲ ਮੀਟਿੰਗ ’ਤੇ ਬਣੀ ਸਹਿਮਤੀ; ਅੱਜ ਸਾਰੇ ਮੋਰਚੇ ਸਮਾਪਤ
ਅੰਮ੍ਰਿਤਸਰ, 17 ਸਤੰਬਰ 2026- ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਦੇ ਸੱਦੇ ’ਤੇ ਪੰਜਾਬ ਦੇ ਪੰਜ ਥਾਵਾਂ ’ਤੇ ਅੱਜ ਦੁਪਹਿਰ 12 ਵਜੇ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ, ਜੋ ਲਗਭਗ ਛੇ ਘੰਟੇ ਚੱਲਣ ਤੋਂ ਬਾਅਦ ਸ਼ਾਮ 6 ਵਜੇ ਸਮਾਪਤ ਹੋਇਆ। ਰੇਲ ਰੋਕੋ ਅੰਦੋਲਨ ਦੌਰਾਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਰੇਲਵੇ ਟਰੈਕਾਂ ’ਤੇ ਧਰਨੇ ਦਿੱਤੇ। ਪੰਜ ਥਾਵਾਂ ’ਤੇ ਰੇਲ ਰੋਕੋ ਦੀਆਂ ਰਿਪੋਰਟਾਂ ਵੀ ਸਾਹਮਣੇ ਆਈਆਂ ਹਨ। ਇਹ ਰੇਲ ਰੋਕੋ ਅੰਦੋਲਨ ਅੰਮ੍ਰਿਤਸਰ ਦੇ ਦੇਵੀਦਾਸਪੁਰਾ, ਪਠਾਨਕੋਟ ਦੇ ਚਾਖੂ ਲਾੜੀ ਰੇਲਵੇ ਫਾਟਕ, ਮੋਗਾ ਦੇ ਡਗਰੂ, ਫਿਰੋਜ਼ਪੁਰ ਦੇ ਮੱਲਾਂਵਾਲਾ ਅਤੇ ਸੰਗਰੂਰ ਦੇ ਸੁਨਾਮ ਵਿਖੇ ਕੀਤਾ ਗਿਆ।
ਰੇਲ ਰੋਕੋ ਦੇ ਐਲਾਨ ਤੋਂ ਬਾਅਦ ਸਰਕਾਰ ਵੱਲੋਂ ਗੱਲਬਾਤ ਦੀ ਪਹਿਲ ਕੀਤੀ ਗਈ। ਅੱਜ ਅੰਮ੍ਰਿਤਸਰ ਦੇ ਦੇਵੀਦਾਸਪੁਰਾ ਨੇੜੇ ਪਿੰਡ ਵਡਾਲਾ ਵਿਖੇ ਆਈ.ਜੀ. ਬਾਰਡਰ ਰੇਂਜ ਗੁਰਪ੍ਰੀਤ ਸਿੰਘ ਭੁੱਲਰ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰ ਸਿੰਘ, ਐੱਸ.ਐੱਸ.ਪੀ. ਅੰਮ੍ਰਿਤਸਰ ਕਵਲਜੀਤ ਸਿੰਘ, ਏ.ਆਈ.ਜੀ. ਹਰਪਾਲ ਸਿੰਘ ਅਤੇ ਹੋਰ ਅਧਿਕਾਰੀਆਂ ਨਾਲ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਬਾਬਾ ਗੁਰਬਚਨ ਸਿੰਘ ਚੱਬਾ ਅਤੇ ਸਤਨਾਮ ਸਿੰਘ ਮਾਨੋਚਾਲ ਸਮੇਤ ਕਿਸਾਨ ਆਗੂਆਂ ਦੇ ਵਫ਼ਦ ਦੀ ਲਗਭਗ ਤਿੰਨ ਘੰਟੇ ਮੀਟਿੰਗ ਹੋਈ।
ਮੀਟਿੰਗ ਦੌਰਾਨ ਹੇਠ ਲਿਖੇ ਮੁੱਦਿਆਂ ’ਤੇ ਸਹਿਮਤੀ ਬਣੀ:
24 ਸਤੰਬਰ 2026 ਨੂੰ ਕਿਸਾਨ ਭਵਨ, ਚੰਡੀਗੜ੍ਹ ਵਿਖੇ ਖੇਤੀਬਾੜੀ ਮੰਤਰੀ ਨਾਲ ਕਿਸਾਨ ਆਗੂਆਂ ਦੀ ਮੀਟਿੰਗ ਹੋਵੇਗੀ। ਕਰਜ਼ੇ ਕਾਰਨ ਖੁਦਕੁਸ਼ੀ ਕਰਨ ਵਾਲੇ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੇ ਪਰਿਵਾਰਾਂ ਦੀ ਸਹਾਇਤਾ ਦੇ ਮਾਮਲੇ ਵਿੱਚ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਸਰਕਾਰ ਨਾਲ ਗੱਲਬਾਤ ਕਰਕੇ ਮੌਕੇ ’ਤੇ ਭਰੋਸਾ ਦਿੱਤਾ ਗਿਆ ਕਿ ਇੱਕ ਮਹੀਨੇ ਦੇ ਅੰਦਰ ਕਿਸਾਨ ਪਰਿਵਾਰਾਂ ਨੂੰ 3 ਲੱਖ ਰੁਪਏ ਅਤੇ ਖੇਤ ਮਜ਼ਦੂਰ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾਵੇਗੀ।
ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨਾਂ ਅਤੇ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਰਹਿੰਦੀਆਂ ਨੌਕਰੀਆਂ ਅਤੇ ਮੁਆਵਜ਼ਾ ਵੀ ਇੱਕ ਮਹੀਨੇ ਦੇ ਅੰਦਰ ਦੇਣ ਦਾ ਭਰੋਸਾ ਦਿੱਤਾ ਗਿਆ। ਪਰਾਲੀ, ਪੁਲਿਸ ਅਤੇ ਰੇਲਵੇ ਨਾਲ ਸਬੰਧਤ ਕੇਸਾਂ ਦਾ ਨਿਪਟਾਰਾ ਮੀਟਿੰਗ ਦੌਰਾਨ ਕਰਨ ਬਾਰੇ ਵੀ ਸਹਿਮਤੀ ਬਣੀ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਖ਼ੁਦ ਸਟੇਜ ’ਤੇ ਆਏ ਅਤੇ ਉਪਰੋਕਤ ਗੱਲਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਸਰਕਾਰ ਵੱਲੋਂ ਕੀਤੇ ਫ਼ੈਸਲਿਆਂ ਅਤੇ ਭਰੋਸਿਆਂ ਬਾਰੇ ਦੱਸਿਆ।
ਇਸ ਉਪਰੰਤ ਕਿਸਾਨ ਮਜ਼ਦੂਰ ਮੋਰਚਾ ਦੇ ਆਗੂਆਂ ਨੇ ਜ਼ੂਮ ਮੀਟਿੰਗ ਕਰਕੇ ਪੂਰੇ ਪੰਜਾਬ ਵਿੱਚ ਚੱਲ ਰਹੇ ਸੰਘਰਸ਼ ਦੀ ਸਮੀਖਿਆ ਕੀਤੀ। ਮੀਟਿੰਗ ਤੋਂ ਬਾਅਦ ਪੰਜਾਂ ਥਾਵਾਂ ’ਤੇ ਚੱਲ ਰਿਹਾ ਰੇਲ ਰੋਕੋ ਅੰਦੋਲਨ ਅਤੇ ਮੰਤਰੀਆਂ ਦੇ ਘਰਾਂ ਅੱਗੇ ਚੱਲ ਰਹੇ ਮੋਰਚੇ ਅੱਜ ਸਮਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ।
24 ਸਤੰਬਰ ਦੀ ਮੀਟਿੰਗ ਤੋਂ ਬਾਅਦ ਅਗਲੀ ਰਣਨੀਤੀ ਤੈਅ ਹੋਵੇਗੀ
ਕਿਸਾਨ ਮਜ਼ਦੂਰ ਮੋਰਚਾ ਵੱਲੋਂ ਉਠਾਏ ਜਾ ਰਹੇ ਮੁੱਖ ਮੁੱਦਿਆਂ ਵਿੱਚ ਪੰਜ ਫ਼ਸਲਾਂ ਦੀ ਐੱਮ.ਐੱਸ.ਪੀ. ਦੀ ਕਾਨੂੰਨੀ ਗਾਰੰਟੀ, ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਕਰਜ਼ਾ ਮੁਕਤੀ, ਲੈਂਡ ਪੂਲਿੰਗ ਨੀਤੀ ਵਾਪਸ ਲੈਣਾ, ਸ਼ੰਭੂ-ਖਨੌਰੀ ਮੋਰਚੇ ਨਾਲ ਸਬੰਧਤ ਪੂਰੇ ਮਸਲੇ ਦਾ ਹੱਲ ਅਤੇ ਲਗਭਗ 23 ਸੂਤਰੀ ਮੰਗ-ਪੱਤਰ ਸ਼ਾਮਲ ਹੈ। ਇਨ੍ਹਾਂ ਸਾਰੇ ਮੁੱਦਿਆਂ ’ਤੇ 24 ਸਤੰਬਰ ਨੂੰ ਖੇਤੀਬਾੜੀ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ। ਮੀਟਿੰਗ ਦੇ ਨਤੀਜਿਆਂ ਤੋਂ ਬਾਅਦ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ। ਅੱਜ ਦੇ ਸੰਘਰਸ਼ ਦੌਰਾਨ ਵੱਖ-ਵੱਖ ਥਾਵਾਂ ’ਤੇ ਕਿਸਾਨ ਆਗੂਆਂ ਨੇ ਅਗਵਾਈ ਕੀਤੀ। ਅੰਮ੍ਰਿਤਸਰ ਦੇ ਮੋਰਚੇ ਦੀ ਅਗਵਾਈ ਹਰਜਿੰਦਰ ਸਿੰਘ ਛੱਕਰੀ ਅਤੇ ਜਰਮਨਜੀਤ ਸਿੰਘ ਬੰਡਾਲਾ ਨੇ ਕੀਤੀ। ਸੁਨਾਮ ਵਿਖੇ ਜਸਵਿੰਦਰ ਸਿੰਘ ਲੌਂਗੋਵਾਲ ਅਤੇ ਦਿਲਬਾਗ ਸਿੰਘ ਹਰੀਗੜ੍ਹ ਨੇ ਅਗਵਾਈ ਕੀਤੀ। ਮੱਲਾਂਵਾਲਾ, ਫਿਰੋਜ਼ਪੁਰ ਵਿਖੇ ਸੁਖਵਿੰਦਰ ਸਿੰਘ ਸਭਰਾ ਨੇ ਅਗਵਾਈ ਕੀਤੀ। ਡਗਰੂ, ਮੋਗਾ ਵਿਖੇ ਬਲਦੇਵ ਸਿੰਘ ਜੀਰਾ, ਬਲਵੰਤ ਸਿੰਘ ਬਹਿਰਾਮਕੇ ਅਤੇ ਮਲਕੀਤ ਸਿੰਘ ਗੁਲਾਮੀ ਵਾਲਾ ਨੇ ਅਗਵਾਈ ਕੀਤੀ। ਚਾਖੂ ਲਾੜੀ, ਪਠਾਨਕੋਟ ਵਿਖੇ ਸਵਿੰਦਰ ਸਿੰਘ ਚੌਤਾਲਾ ਅਤੇ ਹਰਵਿੰਦਰ ਸਿੰਘ ਮਸਾਣੀਆਂ ਨੇ ਅਗਵਾਈ ਕੀਤੀ।
ਇਸੇ ਤਰ੍ਹਾਂ ਪਟਿਆਲਾ ਵਿਖੇ ਮੰਤਰੀ ਦੇ ਘਰ ਅੱਗੇ ਗੁਰਧਿਆਨ ਸਿੰਘ, ਹੁਸ਼ਿਆਰਪੁਰ ਵਿਖੇ ਮੰਤਰੀ ਦੇ ਘਰ ਅੱਗੇ ਓਂਕਾਰ ਸਿੰਘ ਭੰਗਾਲਾ ਅਤੇ ਮਨਜੀਤ ਸਿੰਘ ਰਾਏ, ਜਦਕਿ ਜਲੰਧਰ ਵਿਖੇ ਸ਼ੇਰ ਸਿੰਘ ਮਹੀਵਾਲ ਅਤੇ ਸਰਵਿੰਦਰ ਸਿੰਘ ਜੀਓਵਾਲਾ ਮੌਜੂਦ ਰਹੇ। ਕਿਸਾਨ ਮਜ਼ਦੂਰ ਮੋਰਚਾ ਚੈਪਟਰ ਪੰਜਾਬ ਨੇ ਕਿਹਾ ਕਿ ਅੱਜ ਦੇ ਪੜਾਅ ਵਿੱਚ ਸਰਕਾਰ ਨਾਲ ਹੋਈ ਗੱਲਬਾਤ ਅਤੇ 24 ਸਤੰਬਰ ਦੀ ਮੀਟਿੰਗ ਲਈ ਬਣੀ ਸਹਿਮਤੀ ਦੇ ਮੱਦੇਨਜ਼ਰ ਸਾਰੇ ਮੋਰਚੇ ਸਮਾਪਤ ਕੀਤੇ ਗਏ ਹਨ। 24 ਸਤੰਬਰ ਨੂੰ ਖੇਤੀਬਾੜੀ ਮੰਤਰੀ ਨਾਲ ਹੋਣ ਵਾਲੀ ਮੀਟਿੰਗ ਤੋਂ ਬਾਅਦ ਸਰਕਾਰ ਦੇ ਰੁਖ ਅਤੇ ਮੰਗਾਂ ’ਤੇ ਹੋਈ ਵਿਚਾਰ-ਚਰਚਾ ਦੇ ਆਧਾਰ ’ਤੇ ਅਗਲੀ ਰਣਨੀਤੀ ਦਾ ਐਲਾਨ ਕੀਤਾ ਜਾਵੇਗਾ।
- Download Babushahi App
-
-