Amritsar : ਛੋਟੇ ਕਿਸਾਨਾਂ ਦੇ ਖੇਤਾਂ ਵਿੱਚੋਂ ਰੇਤਾ ਚੁੱਕਣ ਦਾ ਕੰਮ ਜਿਲ੍ਹਾ ਪ੍ਰਸ਼ਾਸਨ ਆਪ ਕਰੇਗਾ
ਡਿਪਟੀ ਕਮਿਸ਼ਨਰ ਨੇ ਇਸ ਲਈ ਜੇਸੀਬੀ ਅਤੇ ਹੋਰ ਮਸ਼ੀਨਰੀ ਖਰੀਦਣ ਦੀਆਂ ਕੀਤੀਆਂ ਹਦਾਇਤਾਂ
ਅੰਮ੍ਰਿਤਸਰ, 13 ਸਤੰਬਰ 2025--
ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸ਼ੀ ਸਾਹਨੀ ਜੋ ਕਿ ਹੜ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜ ਵੇਖ ਰਹੇ ਹਨ, ਨੇ ਫੈਸਲਾ ਲਿਆ ਹੈ ਕਿ ਜਿਲ੍ਹਾ ਪ੍ਰਸ਼ਾਸਨ ਢਾਈ ਏਕੜ ਤੋਂ ਛੋਟੇ ਕਿਸਾਨਾਂ ਦੀਆਂ ਜ਼ਮੀਨਾਂ ਵਿੱਚ ਦਰਿਆ ਵੱਲੋਂ ਸੁੱਟੀ ਗਈ ਰੇਤਾ ਨੂੰ ਹਟਾਉਣ ਦਾ ਕੰਮ ਆਪ ਕਰੇਗਾ। ਉਹਨਾਂ ਕਿਹਾ ਕਿ ਅਜਿਹੇ ਕਿਸਾਨਾਂ ਕੋਲ ਅਕਸਰ ਮਸ਼ੀਨਰੀ ਦੀ ਘਾਟ ਹੁੰਦੀ ਹੈ, ਜਿਸ ਕਾਰਨ ਉਹਨਾਂ ਨੂੰ ਇਹ ਰੇਤਾ ਹਟਾਉਣ ਲਈ ਸਮੱਸਿਆ ਆਵੇਗੀ, ਸੋ ਅਸੀਂ ਇਸ ਲਈ ਖੇਤੀਬਾੜੀ, ਲੋਕ ਨਿਰਮਾਣ ਵਿਭਾਗ ਅਤੇ ਮਾਈਨਿੰਗ ਵਿਭਾਗ ਦੇ ਨਾਲ ਮਿਲ ਕੇ ਇਹ ਕੰਮ ਆਪ ਕਰਾਂਗੇ। ਉਹਨਾਂ ਨੇ ਇਸ ਲਈ ਅਧਿਕਾਰੀਆਂ ਨੂੰ ਤੁਰੰਤ ਨਵੀਂ ਜੇਸੀਬੀ ਅਤੇ ਮਡ ਲੋਡਰ ਮਸ਼ੀਨਾਂ ਖਰੀਦਣ ਦੀ ਹਦਾਇਤ ਕੀਤੀ। ਉਹਨਾਂ ਨੇ ਦੱਸਿਆ ਕਿ ਅਜਿਹੇ ਕਿਸਾਨਾਂ ਦੇ ਖੇਤਾਂ ਵਿੱਚੋਂ ਭਾਵੇਂ ਜਿਲਾ ਪ੍ਰਸ਼ਾਸਨ ਰੇਤ ਚੁੱਕਣ ਦਾ ਕੰਮ ਕਰੇਗਾ ਪਰ ਜੇਕਰ ਇਹ ਰੇਤ ਤਿੰਨ ਇੰਚ ਤੋਂ ਵੱਧ ਹੋਈ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਰੇਤਾ ਚੁੱਕਣ ਲਈ ਦਿੱਤਾ ਜਾਣ ਵਾਲਾ ਮੁਆਵਜ਼ਾ ਵੀ ਮਿਲੇਗਾ। ਉਹਨਾਂ ਨੇ ਦੱਸਿਆ ਕਿ ਤਿੰਨ ਇੰਚ ਤੋਂ ਵੱਧ ਰੇਤਾ ਹੋਣ ਤੇ 18 ਹਜ਼ਾਰ ਰੁਪਏ ਪ੍ਰਤੀ ਹੈਕਟੇਅਰ ਦੇ ਹਿਸਾਬ ਨਾਲ ਮੁਆਵਜ਼ਾ ਰੇਤਾ ਹਟਾਉਣ ਲਈ ਮਿਲੇਗਾ ਅਤੇ ਇਹ ਪੈਸਾ ਉਕਤ ਕਿਸਾਨਾਂ ਦੇ ਖਾਤਿਆਂ ਵਿੱਚ ਹੀ ਜਾਏਗਾ। ਉਹਨਾਂ ਨੇ ਉਕਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਇਸ ਕੰਮ ਲਈ ਜੰਗੀ ਪੱਧਰ ਉੱਤੇ ਕੰਮ ਕਰਨ ਦੀ ਹਦਾਇਤ ਕੀਤੀ ਤਾਂ ਜੋ ਕਿਸਾਨ ਹਾੜ੍ਹੀ ਦੀ ਫ਼ਸਲਾਂ ਦੀ ਬਿਜਾਈ ਸਮੇਂ ਸਿਰ ਕਰ ਸਕਣ। ਇਸ ਮੌਕੇ ਉਹਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ, ਸਹਾਇਕ ਕਮਿਸ਼ਨਰ ਪਿਯੂਸ਼ਾ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਨਦੀਪ ਕੌਰ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਮਜੀਤ ਕੌਰ, ਐਸਡੀਐਮ ਸ: ਰਵਿੰਦਰ ਸਿੰਘ, ਸਹਾਇਕ ਕਮਿਸ਼ਨਰ ਸ੍ਰੀ ਖੁਸ਼ਦੀਪ ਸਿੰਘ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।