21 ਜੂਨ ਨੂੰ ਜਮਨੇਜ਼ੀਅਮ ਹਾਲ ਵਿਖੇ ਮਨਾਇਆ ਜਾਵੇਗਾ ਕੌਮਾਂਤਰੀ ਯੋਗ ਦਿਵਸ
- ਗੁਰਦਾਸਪੁਰ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਸ਼ਹਿਰਾਂ ਵਿੱਚ ਵੀ ਕਰਵਾਏ ਜਾਣਗੇ ਯੋਗਾ ਦਿਵਸ ਸਬੰਧੀ ਵਿਸ਼ੇਸ਼ ਸਮਾਗਮ
ਰੋਹਿਤ ਗੁਪਤਾ
ਗੁਰਦਾਸਪੁਰ, 20 ਜੂਨ 2025 - 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ 'ਤੇ ਕਰਵਾਇਆ ਜਾਣ ਵਾਲਾ ਜ਼ਿਲ੍ਹਾ ਪੱਧਰੀ ਸਮਾਗਮ ਜਮਨੇਜ਼ੀਅਮ ਹਾਲ ਗੁਰਦਾਸਪੁਰ ਵਿਖੇ ਸਵੇਰੇ 6:00 ਵਜੇ ਤੋਂ 7:30 ਵਜੇ ਤੱਕ ਮਨਾਇਆ ਜਾਵੇਗਾ। ਯੋਗਾ ਦਿਵਸ ਮਨਾਉਣ ਸਬੰਧੀ ਕੀਤੀ ਇੱਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਦਲਵਿੰਦਰਜੀਤ ਸਿੰਘ ਨੇ ਦੱਸਿਆ ਕਿ ਗਿਆਰ੍ਹਵੇਂ ਕੌਮਾਂਤਰੀ ਯੋਗ ਦਿਵਸ ਸਬੰਧੀ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ 'ਚ ਵਿਦਿਆਰਥੀਆਂ, ਖਿਡਾਰੀਆਂ ਸਮੇਤ ਵੱਡੀ ਗਿਣਤੀ ਵਿੱਚ ਆਮ ਲੋਕ ਵੀ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸੀ.ਐੱਮ. ਦੀ ਯੋਗਸ਼ਾਲਾ ਦੇ ਯੋਗਾ ਟਰੇਨਰਾਂ ਵੱਲੋਂ ਹਾਜ਼ਰੀਨ ਨੂੰ ਯੋਗਾ ਦੇ ਵੱਖ-ਵੱਖ ਆਸਣ ਕਰਵਾਏ ਜਾਣਗੇ ਅਤੇ ਯੋਗ ਸਾਧਨਾ ਦੇ ਫ਼ਾਇਦਿਆਂ ਬਾਰੇ ਜਾਣੂ ਕਰਵਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ ਜ਼ਿਲ੍ਹਾ ਪੱਧਰੀ ਸਮਾਗਮ ਤੋਂ ਇਲਾਵਾ ਆਰ.ਡੀ.ਖੋਸਲਾ ਡੀ.ਏ.ਵੀ. ਸਕੂਲ ਬਟਾਲਾ, ਪੀ.ਐੱਮ. ਸ੍ਰੀ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਕਾਦੀਆਂ, ਪੰਡਤ ਮੋਹਨ ਲਾਲ ਐੱਸ.ਡੀ. ਕਾਲਜ ਫ਼ਤਿਹਗੜ੍ਹ ਚੂੜੀਆਂ, ਮੋਹਨੀ ਮੰਦਰ ਗਾਂਧੀ ਗਰਾਊਂਡ ਧਾਰੀਵਾਲ, ਦਾਣਾ ਮੰਡੀ ਅਵਾਂਖਾ ਦੀਨਾਨਗਰ, ਸ਼ਿਵ ਮੰਦਰ ਪਾਰਕ ਕਲਾਨੌਰ ਅਤੇ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਡੇਰਾ ਬਾਬਾ ਨਾਨਕ ਵਿਖੇ ਵੀ ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਪ੍ਰੋਗਰਾਮ ਕੀਤੇ ਜਾਣਗੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਹੋਣ ਵਾਲੇ ਇਨ੍ਹਾਂ ਵਿਸ਼ੇਸ਼ ਯੋਗਾ ਸਮਾਗਮਾਂ 'ਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਸਾਨੂੰ ਇਸ ਮੌਜੂਦਾ ਤੇਜ਼ ਰਫ਼ਤਾਰ ਜ਼ਿੰਦਗੀ 'ਚ ਤਣਾਓ ਗ੍ਰਸਤ ਦਿਮਾਗ਼ ਤੇ ਸਰੀਰ ਨੂੰ ਦਵਾਈਆਂ ਤੋਂ ਬਗੈਰ ਤੰਦਰੁਸਤ ਰੱਖਣ ਲਈ ਯੋਗਾ ਅਪਣਾਉਣਾ ਚਾਹੀਦਾ ਹੈ, ਕਿਉਂਕਿ ਤੰਦਰੁਸਤ ਸਰੀਰ 'ਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੁਰਦਾਸਪੁਰ ਜ਼ਿਲ੍ਹਾ ਵਾਸੀਆਂ ਨੂੰ ਨਿਰੋਈ ਸਿਹਤ ਸਬੰਧੀ ਜਾਗਰੂਕ ਕਰਨ ਲਈ ਸੀ.ਐੱਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹੇ ਵਿੱਚ 22 ਯੋਗ ਟਰੇਨਰਾਂ ਵੱਲੋਂ ਰੋਜ਼ਾਨਾ 119 ਯੋਗ ਕਲਾਸਾਂ ਚਲਾਈਆਂ ਜਾ ਰਹੀਆਂ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਇਨ੍ਹਾਂ ਯੋਗਾ ਕਲਾਸਾਂ ਨਾਲ ਜੁੜ ਕੇ ਇਸ ਦਾ ਭਰਪੂਰ ਲਾਭ ਉਠਾਉਣ।
ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ. ਹਰਜਿੰਦਰ ਸਿੰਘ ਬੇਦੀ, ਐੱਸ.ਡੀ.ਐੱਮ. ਦੀਨਾਨਗਰ ਸ. ਜਸਪਿੰਦਰ ਸਿੰਘ ਭੁੱਲਰ, ਐੱਸ.ਡੀ.ਐੱਮ. ਗੁਰਦਾਸਪੁਰ ਸ. ਮਨਜੀਤ ਸਿੰਘ ਰਾਜਲਾ, ਸਹਾਇਕ ਕਮਿਸ਼ਨਰ (ਜਨਰਲ) ਸ੍ਰੀ ਆਦਿੱਤਯ ਗੁਪਤਾ, ਸਕੱਤਰ ਜ਼ਿਲ੍ਹਾ ਪ੍ਰੀਸ਼ਦ ਜ਼ੀਨਤ ਖੈਹਿਰਾ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਨਿਲ ਸ਼ਰਮਾ ਤੇ ਰਾਜੇਸ਼ ਸ਼ਰਮਾ, ਜ਼ਿਲ੍ਹਾ ਖੇਡ ਅਫ਼ਸਰ ਸਿਮਰਨਜੀਤ ਸਿੰਘ ਰੰਧਾਵਾ ਸਮੇਤ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਹਾਜ਼ਰ ਸਨ।