ਹਲਕਾਅ ਵਰਗੀ ਘਾਤਕ ਤੇ ਜਾਨਲੇਵਾ ਬਿਮਾਰੀ ਤੋਂ ਬਚਾਅ ਸੰਭਵ : ਕਾਰਜਕਾਰੀ ਸਿਵਲ ਸਰਜਨ ਬਠਿੰਡਾ
ਅਸ਼ੋਕ ਵਰਮਾ
ਬਠਿੰਡਾ, 26 ਜੂਨ 2025 :ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ ਰਮਨਦੀਪ ਸਿੰਗਲਾ ਕਾਰਜਕਾਰੀ ਸਿਵਲ ਸਰਜਨ ਬਠਿੰਡਾ ਦੀ ਅਗਵਾਈ ਅਤੇ ਡਾ ਊਸ਼ਾ ਗੋਇਲ ਜਿਲ੍ਹਾ ਸਿਹਤ ਅਫ਼ਸਰ ਦੀ ਦੇਖ ਰੇਖ ਵਿੱਚ ਰੇਬੀਜ਼ ਸਬੰਧੀ ਜਿਲ੍ਹੇ ਵਿੱਚ ਜਾਗਰੂਕਤਾ ਪ੍ਰੋਗਰਮਾ ਕੀਤੇ ਜਾ ਰਹੇ ਹਨ । ਡਾ ਰਮਨਦੀਪ ਸਿੰਗਲਾ ਸਿਵਲ ਸਰਜਨ ਨੇ ਰੇਬੀਜ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਰੇਬੀਜ਼ ਇੱਕ ਘਾਤਕ ਬਿਮਾਰੀ ਹੈ, ਪਰ ਇਸ ਤੋਂ ਪੂਰਨ ਬਚਾਅ ਹੋ ਸਕਦਾ ਹੈ। ਉਹਨਾਂ ਕਿਹਾ ਕਿ ਸਰਕਾਰ ਦਾ 2030 ਤੱਕ ਰੇਬੀਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਨੂੰ ਜ਼ੀਰੋ ਕਰਨ ਦੇ ਟੀਚੇ ਨਾਲ ਸਿਹਤ ਵਿਭਾਗ ਹੋਰ ਵਿਭਾਗਾਂ ਦੇ ਸਹਿਯੋਗ ਨਾਲ ਜਨਤਕ ਥਾਵਾਂ, ਸਿਹਤ ਸੰਸਥਾਵਾਂ ਅਤੇ ਸਕੂਲਾਂ ਵਿੱਚ ਜਾਗਰੂਕਤਾ ਸਮਾਗਮ ਕਰਵਾ ਕੇ ਜਾਗਰੂਕ ਕਰ ਰਿਹਾ ਹੈ।
ਉਹਨਾਂ ਦੱਸਿਆ ਕਿ ਜਾਨਵਰ ਸਾਡੇ ਦੋਸਤ ਹੋ ਸਕਦੇ ਹਨ ਪਰ ਕਈ ਵਾਰ ਜਦੋਂ ਅਸੀਂ ਇਨ੍ਹਾਂ ਨੂੰ ਗੁੱਸਾ ਕਰਦੇ ਹਾਂ ਤਾਂ ਇਹ ਸਾਨੂੰ ਕੱਟ ਲੈਂਦੇ ਹਨ। ਉਹਨਾਂ ਦੱਸਿਆ ਕਿ ਭਾਰਤ ਵਿੱਚ ਹਰੇਕ ਸਾਲ ਰੇਬੀਜ਼ ਨਾਲ ਲਗਭਗ 20 ਹਜ਼ਾਰ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਬਿਮਾਰੀ ਕੁੱਤਾ, ਖਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਰਾਂ ਰਾਹੀਂ ਵੀ ਫੈਲਦੀ ਹੈ। ਉਹਨਾਂ ਕਿਹਾ ਕਿ ਜਾਨਵਰਾਂ ਦੇ ਵੱਢੇ, ਚੱਟੇ, ਝਰੀਟਾਂ, ਜਖ਼ਮਾਂ ਨੂੰ ਨਜ਼ਰਅੰਦਾਜ਼ ਨਾ ਕਰੋ ਬਲਕਿ ਜਖ਼ਮ ਨੂੰ ਵਗਦੇ ਪਾਣੀ ਵਿੱਚ 15 ਮਿੰਟ ਤੱਕ ਸਾਬਣ ਪਾਣੀ ਨਾਲ ਤੁਰੰਤ ਧੋਵੋ, ਮੌਕੇ ਤੇ ਮੌਜੂਦ ਆਇਓਡੀਨ, ਅਲਕੋਹਲ ਜਾਂ ਸਪਿਰਿਟ ਜਾਂ ਘਰ ਵਿੱਚ ਉਪਲਬਧ ਐਂਟੀਸੈਪਟਿਕ ਲਗਾਓ। ਜਖ਼ਮ ਤੇ ਮਿਰਚ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ ਬਲਕਿ ਜਲਦੀ ਤੋਂ ਜਲਦੀ ਮਾਹਿਰ ਡਾਕਟਰ ਨਾਲ ਸੰਪਰਕ ਕਰੋ ਅਤੇ ਤੁਰੰਤ ਬਾਅਦ ਸਮੇਂ ਸਿਰ ਆਪਣਾ ਰੇਬੀਜ਼ ਦਾ ਸੰਪੂਰਨ ਟੀਕਾਕਰਣ ਕਰਵਾਓ ।
ਉਹਨਾਂ ਦੱਸਿਆ ਕਿ ਸਰਕਾਰੀ ਹਸਪਤਾਲਾਂ, ਸੀ.ਐਚ.ਸੀਜ਼. ਵਿੱਚ ਜਾਨਵਰਾਂ ਦੇ ਵੱਢੇ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਆਮ ਤੌਰ ਤੇ ਜਾਨਵਰ ਆਪਣੇ ਬਚਾਅ ਵਿੱਚ ਅਤੇ ਉਤੇਜਿਤ ਹੋ ਕੇ ਹੀ ਵੱਢਦੇ ਹਨ। ਇਸ ਲਈ ਜਾਨਵਰਾਂ ਨੂੰ ਪਰੇਸ਼ਾਨ ਨਾ ਕਰੋ ਅਤੇ ਨਾ ਹੀ ਡਰਾਓ। ਕੁੱਤਿਆਂ ਨੂੰ ਖੇਡਦੇ ਸਮੇਂ, ਨੀਂਦ ਵੇਲੇ ਜਾਂ ਬਿਮਾਰੀ ਦੌਰਾਨ ਤੰਗ ਨਾ ਕਰੋ। ਜਦੋਂ ਜਾਨਵਰ ਗੁੱਸੇ ਵਿੱਚ ਹੋਵੇ ਤਾਂ ਉਸ ਤੋਂ ਦੂਰ ਰਹੋ। ਉਹਨਾਂ ਬੱਚਿਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਰਸਤੇ ਵਿੱਚ ਤੁਹਾਨੂੰ ਕੁੱਤਾ ਕੱਟ ਜਾਂਦਾ ਹੈ ਤਾਂ ਆਪਣੇ ਅਧਿਆਪਕ ਜਾਂ ਮਾਤਾ ਪਿਤਾ ਨੂੰ ਇਸ ਦੀ ਜਾਣਕਾਰੀ ਦਿਓ। ਉਹਨਾਂ ਕਿਹਾ ਕਿ ਉਹ ਪਰਿਵਾਰ ਜਿਨ੍ਹਾਂ ਨੇ ਕੁੱਤੇ ਜਾਂ ਕੋਈ ਹੋਰ ਜਾਨਵਰ ਘਰ ਵਿੱਚ ਰੱਖੇ ਹਨ, ਉਹਨਾਂ ਦੇ ਹਰੇਕ ਸਾਲ ਟੀਕਾਕਰਣ ਕਰਵਾਇਆ ਜਾਵੇ ਤਾਂ ਜ਼ੋ ਹਲਕਾਅ ਦੀ ਬਿਮਾਰੀ ਨੂੰ ਰੋਕਿਆ ਜਾ ਸਕੇ।