ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਤਹਿਤ ਥਾਣਿਆਂ ਅਤੇ ਖਾਲੀ ਪਏ ਪਲਾਟਾਂ ‘ਚ ਸਰਵੇਖਣ ਮੁਹਿੰਮ ਚਲਾਈ
ਅਸ਼ੋਕ ਵਰਮਾ
ਨਥਾਣਾ, 18 ਜੁਲਾਈ 2025
‘ਹਰ ਸ਼ੁੱਕਰਵਾਰ ਡੇਂਗੂ ‘ਤੇ ਵਾਰ’ ਡੇਂਗੂ ਵਿਰੋਧੀ ਮੁਹਿੰਮ ਤਹਿਤ ਅੱਜ ਡਰਾਈ ਡੇ ਮੌਕੇ ਸਿਵਲ ਸਰਜਨ ਬਠਿੰਡਾ ਡਾ. ਰਮਨਦੀਪ ਸਿੰਗਲਾ ਅਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਨਥਾਣਾ ਡਾਕਟਰ ਨਵਦੀਪ ਕੌਰ ਸਰਾਂ ਦੀ ਅਗਵਾਈ ਹੇਠ ਸਿਹਤ ਵਿਭਾਗ ਨਥਾਣਾ ਦੀਆਂ ਮਲੇਰੀਆ ਟੀਮਾਂ ਵਲੋਂ ਪੁਲਿਸ ਥਾਣਿਆਂ, ਪੁਲਿਸ ਲਾਈਨਾਂ ਅਤੇ ਖਾਲੀ ਪਏ ਪਲਾਟਾਂ ਵਿਚ ਡੇਂਗੂ ਵਿਰੋਧੀ ਸਰਵੇਖਣ ਤੇ ਜਾਗਰੂਕਤਾ ਪ੍ਰਚਾਰ ਗਤੀਵਿਧੀਆਂ ਕੀਤੀਆਂ। ਇਸ ਮੌਕੇ ਬਾਰਿਸ਼ਾਂ ਕਾਰਨ ਘਰਾਂ ਵਿਚ ਪਾਣੀ ਦੇ ਖੜ੍ਹਨ ਵਾਲੀਆਂ ਥਾਵਾਂ ਜਿਵੇਂ ਘਰ ਦੀਆਂ ਛੱਤਾਂ ਆਦਿ ‘ਤੇ ਪਏ ਫਾਲਤੂ ਸਮਾਨ ਜਾਂ ਚੀਜਾਂ ਵਿਚ ਖੜ੍ਹੇ ਪਾਣੀ ਨੂੰ ਸਾਫ ਕਰਨ ਲਈ ਪ੍ਰੇਰਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਡਾ. ਨਵਦੀਪ ਕੌਰ ਸਰਾਂ ਨੇ ਕਿਹਾ ਕਿ ਡੇਂਗੂ ਇੱਕ ਖ਼ਤਰਨਾਕ ਵਾਇਰਲ ਬਿਮਾਰੀ ਹੈ ਜੋ ਮੱਛਰਾਂ ਰਾਹੀਂ ਫੈਲਦੀ ਹੈ। ਇਹ ਮੱਛਰ ਅਕਸਰ ਸਾਫ਼ ਪਾਣੀ ਵਿੱਚ ਪੈਦਾ ਹੁੰਦੇ ਹਨ।
ਉਹਨਾਂ ਕਿਹਾ ਕਿ ਡੇਂਗੂ ਅਤੇ ਮਲੇਰੀਆ ਵਰਗੀਆਂ ਬਿਮਾਰੀਆਂ ਤੋਂ ਬਚਾਅ ਲਈ ਜਨਤਾ ਦੀ ਸਹਿਯੋਗੀ ਭੂਮਿਕਾ ਬਹੁਤ ਜ਼ਰੂਰੀ ਹੈ। ਆਪਣੇ ਆਲੇ-ਦੁਆਲੇ ਪਾਣੀ ਜਮ੍ਹਾਂ ਨਾ ਹੋਣ ਦਿਓ, ਲਾਰਵਾ ਨਸ਼ਟ ਕਰੋ ਅਤੇ ਘਰ ਤੇ ਆਲੇ-ਦੁਆਲੇ ਸਫ਼ਾਈ ਬਣਾਈ ਰੱਖੋ। ਉਨ੍ਹਾਂ ਲੋਕਾਂ ਨੂੰ ਸਲਾਹ ਦਿੱਤੀ ਕਿ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਘਰ ਦੀ ਜਾਂਚ ਕਰਕੇ ਖੜ੍ਹੇ ਪਾਣੀ ਨੂੰ ਸਾਫ਼ ਕੀਤਾ ਜਾਵੇ। ਨਾਲ ਹੀ ਸਭ ਨੂੰ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਾਉਣ, ਮੱਛਰਦਾਨੀ ਵਰਤਣ ਅਤੇ ਮੱਛਰ ਭਜਾਉਣ ਵਾਲੀਆਂ ਚੀਜ਼ਾਂ ਵਰਤਣ ਦੀ ਸਿਫਾਰਸ਼ ਕੀਤੀ ਗਈ। ਜੇ ਕਿਸੇ ਨੂੰ ਤੇਜ਼਼ ਬੁਖਾਰ, ਸਿਰਦਰਦ, ਮਾਸਪੇਸ਼ੀਆਂ ਵਿੱਚ ਦਰਦ, ਚਮੜੀ ਤੇ ਦਾਣੇ, ਅੱਖਾਂ ਦੇ ਪਿਛਲੇ ਹਿੱਸੇ ਵਿਚ ਦਰਦ, ਮਸੂੜਿਆਂ ਤੇ ਨੱਕ ਵਿਚ ਖੂਨ ਵਗਣਾ ਜਿਹੇ ਲਛਣ ਦਿਖਾਈ ਦੇਣ ਤਾਂ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਤੇ ਦਵਾਈ ਡਾਕਟਰ ਦੀ ਸਲਾਹਨਾਲ ਹੀ ਲਵੋ।
ਉਹਨਾਂ ਕਿਹਾ ਕਿ ਡੇਂਗੂ ਵਿੱਚ ਪਲੇਟਲੈਟਸ ਲਗਾਤਾਰ ਘਟਦੇ ਹਨ ਅਤੇ ਇਹ ਬਿਮਾਰੀ ਖਤਰਨਾਕ ਹੋ ਜਾਂਦੀ ਹੈ। ਡੇਂਗੂ ਦੇ ਲੱਛਣ 2 ਤੋਂ 7 ਦਿਨਾਂ ਤੱਕ ਰਹਿੰਦੇ ਹਨ। ਇਸ ਦੌਰਾਨ ਪਾਣੀ ਜਾਂ ਤਰਲ ਪਦਾਰਥ ਜਿਆਦਾ ਪੀਣੇ ਚਾਹੀਦੇ ਹਨ ਅਤੇ ਆਰਾਮ ਕਰਨਾ ਚਾਹੀਦਾ ਹੈ।
ਬਲਾਕ ਐਜੂਕੇਟਰ ਪਵਨਜੀਤ ਕੌਰ ਨੇ ਕਿਹਾ ਕਿ ਜਿਨ੍ਹਾਂ ਥਾਵਾਂ ਛੱਪੜਾਂ, ਟੋਬਿਆਂ ਆਦਿ ਤੋਂ ਪਾਣੀ ਸਾਫ਼ ਨਹੀਂ ਕੀਤਾ ਜਾ ਸਕਦਾ, ਉਥੇ ਹਰ ਹਫ਼ਤੇ ਕਾਲਾ ਸੜਿਆ ਹੋਇਆ ਤੇਲ ਪਾਉਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸੌਣ ਲੱਗਿਆਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਅਤੇ ਸਰੀਰ ਢੱਕਣੇ ਕੱਪੜੇ ਪਾਓ।ਉਨ੍ਹਾਂ ਦੱਸਿਆ ਕਿ ਸਾਰੇ ਸਿਵਲ ਹਸਪਤਾਲਾਂ ਵਿਚ ਡੇਂਗੂ ਦਾ ਟੈਸਟ ਅਤੇ ਇਲਾਜ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਸੀ.ਐਚ.ਓ ਹਰਮਿੰਦਰ ਕੌਰ, ਏ.ਐਨ.ਐਮ ਸੁਧਾ ਰਾਣੀ ਵਲੋਂ ਬਰਸਾਤੀ ਮੌਸਮ ਦੌਰਾਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਦੇ ਢੰਗ ਤਰੀਕੇ ਦੱਸੇ ਗਏ।