ਸੱਜਣ ਕੁਮਾਰ ਦੀ ਸ਼ੋਕ ਸਭਾ ਵਿੱਚ ਬੀਜੇਪੀ ਦੇ ਲੋਕ ਸਭਾ ਮੈਂਬਰਾਂ ਦੀ ਸ਼ਮੂਲੀਅਤ ਦੀ ਕਾਲਕਾ ਤੇ ਕਾਹਲੋ ਵੱਲੋਂ ਨਿਖੇਧੀ
ਭਾਜਪਾ ਹਾਈਕਮਾਂਡ ਸੰਸਦ ਮੈਂਬਰਾਂ ਦੀ ਕਾਰਵਾਈ ਦਾ ਸੰਗਿਆਨ ਲੈ ਕੇ ਸਪੱਸ਼ਟੀਕਰਨ ਮੰਗੇ : ਦਿੱਲੀ ਕਮੇਟੀ
ਨਵੀਂ ਦਿੱਲੀ 29 ਅਗਸਤ 2026 (ਮਨਮੋਹਨ ਸਿੰਘ)
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਅਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਅੱਜ ਇੱਥੇ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ 1984 ਦੇ ਸਿੱਖ ਵਿਰੋਧੀ ਕਤਲੇਆਮ ਦੇ ਮੁੱਖ ਦੋਸ਼ੀ ਰਹੇ ਸੱਜਣ ਕੁਮਾਰ ਦੀ ਸ਼ੋਕ ਸਭਾ ਵਿੱਚ ਭਾਜਪਾ ਦੇ ਤਿੰਨ ਦਿੱਲੀ ਤੋਂ ਸੰਸਦ ਮੈਂਬਰਾਂ ਵੱਲੋਂ ਸ਼ਮੂਲੀਅਤ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਸਰਦਾਰ ਹਰਮੀਤ ਸਿੰਘ ਕਾਲਕਾ ਨੇ ਕਿਹਾ ਕਿ 1984 ਦੇ ਕਤਲੇਆਮ ਦੇ ਜ਼ਖ਼ਮ ਅੱਜ ਵੀ ਸਿੱਖ ਕੌਮ ਦੇ ਦਿਲਾਂ ਵਿੱਚ ਤਾਜ਼ਾ ਹਨ। ਅਜਿਹੇ ਵਿਅਕਤੀ ਦੀ ਸ਼ੋਕ ਸਭਾ ਵਿੱਚ ਜਨ-ਪ੍ਰਤੀਨਿਧੀਆਂ ਵੱਲੋਂ ਸ਼ਾਮਲ ਹੋਣਾ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਉਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਕਮੇਟੀ ਇਸ ਕਾਰਵਾਈ ਨੂੰ ਕਿਸੇ ਵੀ ਕੀਮਤ ’ਤੇ ਸਵੀਕਾਰ ਨਹੀਂ ਕਰ ਸਕਦੀ ਅਤੇ ਇਸ ਦੀ ਪੁਰਜ਼ੋਰ ਨਿਖੇਧੀ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜਦੋਂ ਕਾਂਗਰਸ ਦੇ ਸੰਸਦ ਮੈਂਬਰ ਭੁਪਿੰਦਰ ਸਿੰਘ ਹੁੱਡਾ ਵੱਲੋਂ ਸੱਜਣ ਕੁਮਾਰ ਸਬੰਧੀ ਬਿਆਨ ਦਿੱਤਾ ਗਿਆ ਸੀ ਤਾਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ ਅਤੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁਆਫ਼ੀ ਮੰਗਣੀ ਪਈ ਸੀ। ਜੇਕਰ ਇੱਕ ਗਲਤ ਬਿਆਨ ’ਤੇ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਨਮਾਨ ਕਰਦਿਆਂ ਮੁਆਫ਼ੀ ਮੰਗਣੀ ਪਈ ਸੀ ਤਾਂ 1984 ਦੇ ਮੁੱਖ ਦੋਸ਼ੀ ਦੀ ਸ਼ੋਕ ਸਭਾ ਵਿੱਚ ਸ਼ਾਮਲ ਹੋਣ ਵਾਲੇ ਮੈਂਬਰ ਪਾਰਲੀਮੈਂਟ ਦੀ ਕਾਰਵਾਈ ਦਾ ਵੀ ਸਖ਼ਤ ਨੋਟਿਸ ਲਿਆ ਜਾਣਾ ਚਾਹੀਦਾ ਹੈ।
ਸਰਦਾਰ ਕਾਲਕਾ ਨੇ ਕਿਹਾ ਕਿ ਭਾਜਪਾ ਦੀ ਪੁਰਾਣੀ ਲੀਡਰਸ਼ਿਪ ਵੱਲੋਂ 1984 ਦੇ ਪੀੜਤਾਂ ਦੇ ਇਨਸਾਫ਼ ਲਈ ਕੀਤੇ ਯਤਨਾਂ ਨੂੰ ਸਿੱਖ ਕੌਮ ਅੱਜ ਵੀ ਯਾਦ ਕਰਦੀ ਹੈ। ਉਨ੍ਹਾਂ ਕਿਹਾ ਕਿ ਸਵਰਗੀ ਅਰੁਣ ਜੇਟਲੀ ਅਤੇ ਸ੍ਰੀਮਤੀ ਸੁਸ਼ਮਾ ਸਵਰਾਜ ਵਰਗੇ ਆਗੂਆਂ ਨੇ 1984 ਦੇ ਸਿੱਖ ਪੀੜਤਾਂ ਲਈ ਕੱਢੇ ਜਾਂਦੇ ਮੋਮਬੱਤੀ ਮਾਰਚਾਂ ਵਿੱਚ ਸਿੱਖਾਂ ਦੇ ਨਾਲ ਖੜ੍ਹਦੇ ਰਹੇ। 1984 ਮੈਮੋਰੀਅਲ ਦੇ ਨਿਰਮਾਣ ਸਮੇਂ ਦੇਸ਼ ਦੇ ਮੌਜੂਦਾ ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਵੱਲੋਂ ਵੀ ਇੱਥੇ ਸ਼ਮੂਲੀਅਤ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਕੇਂਦਰ ਵਿੱਚ ਭਾਜਪਾ ਸਰਕਾਰ ਬਣਨ ਤੋਂ ਬਾਅਦ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵੱਲੋਂ 1984 ਦੇ ਮਾਮਲਿਆਂ ਦੀ ਜਾਂਚ ਲਈ ਐਸ.ਆਈ.ਟੀ. ਦਾ ਗਠਨ ਕੀਤਾ ਗਿਆ, ਜਿਸ ਨਾਲ ਬੰਦ ਹੋ ਚੁੱਕੇ ਕਈ ਮਾਮਲੇ ਮੁੜ ਖੁੱਲ੍ਹੇ ਅਤੇ ਸੱਜਣ ਕੁਮਾਰ ਵਰਗੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਂਦਾ ਗਿਆ। ਉਨ੍ਹਾਂ ਕਿਹਾ ਕਿ ਸਿੱਖ ਕੌਮ ਅਜਿਹੇ ਉਪਰਾਲਿਆਂ ਨੂੰ ਕਦੇ ਨਹੀਂ ਭੁੱਲਾ ਸਕਦੀ।
ਸਰਦਾਰ ਕਾਲਕਾ ਨੇ ਕਿਹਾ ਕਿ ਉਹ ਉਹ ਸਮਾਂ ਵੀ ਨਹੀਂ ਭੁੱਲ ਸਕਦੇ ਜਦੋਂ 1984 ਦੇ ਪੀੜਤ ਪਰਿਵਾਰਾਂ ਵਿੱਚੋਂ ਬੀਬੀ ਜਗਦੀਸ਼ ਕੌਰ ਅਤੇ ਜਗਸ਼ੀਰ ਸਿੰਘ ਸਮੇਤ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਵੱਲੋਂ ਆਪਣੇ ਦਫ਼ਤਰ ਵਿੱਚ ਬੁਲਾਇਆ ਗਿਆ ਸੀ। ਉਸ ਸਮੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਸਰਦਾਰ ਮਨਜਿੰਦਰ ਸਿੰਘ ਸਿਰਸਾ ਵੀ ਮੌਜੂਦ ਸਨ ਅਤੇ ਪ੍ਰਧਾਨ ਮੰਤਰੀ ਵੱਲੋਂ ਪੀੜਤਾਂ ਤੋਂ ਪੁੱਛਿਆ ਗਿਆ ਸੀ ਕਿ ਐਸ.ਆਈ.ਟੀ. ਦੇ ਗਠਨ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਹੋਰ ਕੀ ਕੀਤਾ ਜਾ ਸਕਦਾ ਹੈ।
ਇਸ ਦੇ ਉਲਟ ਅੱਜ ਉਸੇ ਭਾਜਪਾ ਦੇ ਤਿੰਨ ਸੰਸਦ ਮੈਂਬਰਾਂ ਦਾ ਸੱਜਣ ਕੁਮਾਰ ਦੀ ਸ਼ੋਕ ਸਭਾ ਵਿੱਚ ਜਾਣਾ ਬੇਹੱਦ ਦੁਖਦਾਈ ਅਤੇ ਸਿੱਖ ਭਾਵਨਾਵਾਂ ਲਈ ਅਸਵੀਕਾਰਯੋਗ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਇਹ ਸੰਸਦ ਮੈਂਬਰ ਪਾਰਟੀ ਦੀ ਨੀਤੀ ਤਹਿਤ ਉੱਥੇ ਗਏ ਸਨ ਜਾਂ ਇਹ ਉਨ੍ਹਾਂ ਦਾ ਨਿੱਜੀ ਫੈਸਲਾ ਸੀ।
ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਮਾਮਲੇ ’ਤੇ ਤੁਰੰਤ ਆਪਣਾ ਫਰਜ਼ ਨਿਭਾਉਂਦਿਆਂ ਸਮੁੱਚੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਟੀਮ ਦੀ ਮੀਟਿੰਗ ਕੀਤੀ ਅਤੇ ਕਮੇਟੀ ਦੇ ਕਿਸੇ ਵੀ ਮੈਂਬਰ ਨੇ ਇਸ ਕਾਰਵਾਈ ਦੀ ਹਮਾਇਤ ਨਹੀਂ ਕੀਤੀ, ਸਗੋਂ ਸਰਬਸੰਮਤੀ ਨਾਲ ਇਸ ਦੀ ਨਿਖੇਧੀ ਕੀਤੀ।
ਉਨ੍ਹਾਂ ਕਿਹਾ ਕਿ ਸਰਦਾਰ ਮਨਜੀਤ ਸਿੰਘ ਜੀ.ਕੇ. ਵੱਲੋਂ ਸੋਸ਼ਲ ਮੀਡੀਆ ’ਤੇ ਜਾਰੀ ਕੀਤੀ ਵੀਡੀਓ ਵਿੱਚ ਭਾਜਪਾ ਦੇ ਸੰਸਦ ਮੈਂਬਰਾਂ ਦੀ ਕਾਰਵਾਈ ਨਾਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਸਵਾਲ ਕੀਤਾ ਕਿ ਜੋ ਲੋਕ ਕੱਲ੍ਹ ਤੱਕ ਭਾਜਪਾ ਅਤੇ ਇਸ ਦੇ ਆਗੂਆਂ ਨੂੰ ਸਿੱਖ ਕੌਮ ਦੇ ਵਿਰੋਧੀ ਦੱਸਦੇ ਸਨ, ਅੱਜ ਉਨ੍ਹਾਂ ਦਾ ਰੁਖ਼ ਅਚਾਨਕ ਕਿਉਂ ਬਦਲ ਗਿਆ ਹੈ?
ਸਰਦਾਰ ਕਾਹਲੋਂ ਨੇ ਕਿਹਾ ਕਿ ਜਦੋਂ ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨ ਅੰਦੋਲਨ ਦੌਰਾਨ ਪੰਜਾਬ ਅਤੇ ਦੇਸ਼ ਭਰ ਦੀ ਸਿੱਖ ਸੰਗਤ ਕਿਸਾਨਾਂ ਦੀ ਸੇਵਾ ਵਿੱਚ ਲੱਗੀ ਹੋਈ ਸੀ, ਉਸ ਸਮੇਂ ਵੀ ਕੁਝ ਲੋਕਾਂ ਵੱਲੋਂ ਭਾਜਪਾ ਨਾਲ ਨਜ਼ਦੀਕੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀ ਪਿੱਠ ਪਿੱਛੇ ਖੜ੍ਹ ਕੇ ਸਿਆਸੀ ਸੌਦੇਬਾਜ਼ੀ ਕਰਨ ਵਾਲਿਆਂ ਨੂੰ ਅੱਜ ਸੰਗਤ ਦੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।
ਉਨ੍ਹਾਂ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਸੇ ਸਿਆਸੀ ਪਾਰਟੀ ਦੀ ਨਿੱਜੀ ਜਾਇਦਾਦ ਨਹੀਂ, ਸਗੋਂ ਦਿੱਲੀ ਦੀ ਸੰਗਤ ਦੀ ਸੇਵਾ ਅਤੇ ਸਿੱਖ ਕੌਮ ਦੇ ਮੁੱਦਿਆਂ ਦੀ ਪਹਿਰੇਦਾਰੀ ਲਈ ਬਣੀ ਧਾਰਮਿਕ ਸੰਸਥਾ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਡੀ ਪਹਿਲੀ ਅਤੇ ਆਖਰੀ ਜ਼ਿੰਮੇਵਾਰੀ ਦਿੱਲੀ ਦੀ ਸੰਗਤ ਅਤੇ ਪੰਥ ਪ੍ਰਤੀ ਹੈ।
ਸਰਦਾਰ ਕਾਹਲੋਂ ਨੇ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਵਿਚਕਾਰ ਮੁੜ ਸੰਭਾਵਿਤ ਗਠਜੋੜ ਦੀਆਂ ਚਰਚਾਵਾਂ ’ਤੇ ਵੀ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਇੱਕ ਇਤਿਹਾਸਕ ਅਤੇ ਸਿਰਮੌਰ ਸੰਸਥਾ ਰਹੀ ਹੈ ਅਤੇ ਇਸ ਨੂੰ ਕਿਸੇ ਹੋਰ ਪਾਰਟੀ ਦੇ ਅਧੀਨ ਕਰਕੇ ਜਾਂ ਸਿਆਸੀ ਸਮਝੌਤਿਆਂ ਲਈ ਇਸ ਦੀ ਵਿਚਾਰਧਾਰਕ ਪਛਾਣ ਨੂੰ ਕਮਜ਼ੋਰ ਕਰਨਾ ਪੁਰਾਣੇ ਅਕਾਲੀ ਵਰਕਰਾਂ ਲਈ ਕਦੇ ਵੀ ਕਬੂਲਯੋਗ ਨਹੀਂ ਹੋ ਸਕਦਾ।
ਉਨ੍ਹਾਂ ਕਿਹਾ ਕਿ ਜਿਹੜੇ ਲੋਕ ਕੱਲ੍ਹ ਤੱਕ ਬੰਦੀ ਸਿੰਘਾਂ, 1984 ਦੇ ਪੀੜਤਾਂ ਅਤੇ ਸਿੱਖ ਕੌਮ ਦੇ ਹੱਕਾਂ ਦੀ ਗੱਲ ਕਰਦੇ ਸਨ, ਉਨ੍ਹਾਂ ਨੂੰ ਅੱਜ ਆਪਣੇ ਬਦਲੇ ਹੋਏ ਰੁਖ਼ ਬਾਰੇ ਸਿੱਖ ਸੰਗਤ ਨੂੰ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।
- Download Babushahi App
-
-