ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350ਵੇਂ ਸ਼ਹੀਦੀ ਦਿਹਾੜੇ ਸਬੰਧੀ ਗੁਰਦੁਆਰਾ ਮੋਤੀ ਬਾਗ ਪਟਿਆਲਾ ਵਿਖੇ ਵਿਸ਼ਾਲ ਸਮਾਗਮ
- ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦਾ ਇਤਿਹਾਸ ਤੇ ਸੰਕਲਪ ਸਰਬ-ਵਿਆਪੀ- ਐਡਵੋਕੇਟ ਧਾਮੀ
- ਗੁਰੂ ਸਾਹਿਬ ਕਿਸੇ ਮਜ਼੍ਹਬ ਵਿਸ਼ੇਸ਼ ਦੇ ਵਿਰੋਧੀ ਨਹੀਂ ਸਗੋਂ ਮਜ਼ਲੂਮਾਂ ਦੇ ਮਸੀਹਾ ਸਨ- ਜਥੇਦਾਰ ਗੜਗੱਜ
ਪਟਿਆਲਾ/ਅੰਮ੍ਰਿਤਸਰ, 6 ਜੁਲਾਈ 2025 - ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਗੁਰਦੁਆਰਾ ਮੋਤੀ ਬਾਗ ਸਾਹਿਬ, ਪਾਤਸ਼ਾਹੀ ਨੌਵੀਂ ਪਟਿਆਲਾ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਰਵਾਏ ਗਏ ਵਿਸ਼ਾਲ ਗੁਰਮਤਿ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਵੱਖ-ਵੱਖ ਪੰਥਕ ਬੁਲਾਰਿਆਂ ਨੇ ਕਿਹਾ ਕਿ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਦੇ ਸਰਬ-ਵਿਆਪੀ ਅਤੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਦੇ ਸੰਕਲਪ ਦੀ ਅਜੋਕੇ ਵਿਸ਼ਵ ਪ੍ਰਸੰਗ ਵਿਚ ਵਿਆਖਿਆ ਕਰਨ ਦੀ ਵੱਡੀ ਲੋੜ ਹੈ ਤਾਂ ਜੋ ਮਨੁੱਖਤਾ ਨੂੰ ਦਰਪੇਸ਼ ਧਾਰਮਿਕ, ਸੱਭਿਆਚਾਰਕ, ਸਮਾਜਿਕ ਅਤੇ ਰਾਜਨੀਤਕ ਸਮੱਸਿਆਵਾਂ ਦਾ ਢੁੱਕਵਾਂ ਹੱਲ ਮਿਲ ਸਕੇ। ਇਹ ਸਮਾਗਮ ਸੰਗਤ ਦੀ ਭਰਵੀਂ ਹਾਜ਼ਰੀ ਨਾਲ 350 ਸਾਲਾ ਸ਼ਤਾਬਦੀ ਦੀ ਪ੍ਰਭਾਵਸ਼ਾਲੀ ਆਰੰਭਤਾ ਹੋ ਨਿਬੜਿਆ।
ਇਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਮਗਰੋਂ ਜਿੱਥੇ ਵੱਖ-ਵੱਖ ਪੰਥ ਪ੍ਰਸਿੱਧ ਰਾਗੀ ਜਥਿਆਂ ਨੇ ਗੁਰਬਾਣੀ ਦਾ ਕੀਰਤਨ ਕੀਤਾ, ਉੱਥੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗਿਆਨੀ ਪਰਵਿੰਦਰਪਾਲ ਸਿੰਘ ਨੇ ਨੌਵੇਂ ਪਾਤਸ਼ਾਹ ਜੀ ਦੀ ਬਾਣੀ ਦੇ ਸੰਦਰਭ ਵਿਚ ਸੰਗਤ ਨੂੰ ਜੀਵਨ ਜੀਣ ਦੀ ਪ੍ਰੇਰਨਾ ਦਿੱਤੀ।
ਇਸ ਮੌਕੇ ਪੁੱਜੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸਿਰਫ ਸਿੱਖ ਇਤਿਹਾਸ ਦਾ ਹੀ ਨਹੀਂ, ਸਗੋਂ ਵਿਸ਼ਵ ਦੇ ਧਰਮ ਇਤਿਹਾਸ ਅੰਦਰ ਮਾਨਵੀ ਕਦਰਾਂ-ਕੀਮਤਾਂ ਦੀ ਰਖਵਾਲੀ ਲਈ ਇਕ ਅਦੁੱਤੀ ਘਟਨਾ ਸੀ। ਉਨ੍ਹਾਂ ਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਨੂੰ ਆਗਾਹ ਕੀਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇਤਿਹਾਸ ਦੀ ਖੋਜ ਦੇ ਕਾਰਜ ਕਰਨ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾਵੇ ਕਿ ਗੁਰੂ ਸਾਹਿਬ ਦੀ ਸ਼ਹਾਦਤ ਦੀ ਮੌਲਿਕਤਾ ਤੇ ਪ੍ਰਮਾਣਿਕਤਾ ਬਰਕਰਾਰ ਰਹੇ ਅਤੇ ਗੁਰੂ ਸਾਹਿਬ ਵਲੋਂ ਮਜ਼੍ਹਬਾਂ ਦੀ ਵਲਗਣ ਤੋਂ ਉੱਪਰ ਉੱਠ ਕੇ ਮਨੁੱਖ ਦੀ ਜ਼ਮੀਰ ਦੀ ਆਜ਼ਾਦੀ ਲਈ ਦਿੱਤੀ ਮਹਾਨ ਕੁਰਬਾਨੀ ਦਾ ਸਹੀ ਵਿਖਿਆਨ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਅਜਿਹੀ ਚੇਤਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਦਾ ਇਤਿਹਾਸ ਤੇ ਸੰਕਲਪ ਸਰਬ-ਵਿਆਪੀ ਹੈ ਅਤੇ ਇਸ ਦੀ ਵਿਆਖਿਆ ਵੀ ਇਸੇ ਰੂਪ ਵਿਚ ਸੇਧਿਤ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੀ ਆਪਣੇ ਸਾਧਨਾਂ ਰਾਹੀ ਯਤਨਸ਼ੀਲ ਹੈ ਕਿ ਨੌਵੇਂ ਪਾਤਸ਼ਾਹ ਦੇ ਜੀਵਨ ਤੇ ਸ਼ਹਾਦਤ ਦੇ ਇਤਿਹਾਸ ਨੂੰ ਮੌਲਿਕ ਰੂਪ ਵਿਚ ਸ਼ਤਾਬਦੀ ਮੌਕੇ ਪੇਸ਼ ਕੀਤਾ ਜਾਵੇ।
ਇਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਸੰਕਲਪ ਧਾਰਮਿਕ ਅਜ਼ਾਦੀ ਸੀ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਕਿਸੇ ਮਜ਼੍ਹਬ ਵਿਸ਼ੇਸ਼ ਦੇ ਵਿਰੋਧੀ ਨਹੀਂ ਸਗੋਂ ਮਜ਼ਲੂਮਾਂ ਦੇ ਮਸੀਹਾ ਸਨ। ਜੇਕਰ ਹਿੰਦੂ ਸਮਾਜ ਦੀ ਬਜਾਇ ਕਿਸੇ ਹੋਰ ਮਜ਼੍ਹਬ ਦੇ ਲੋਕਾਂ ਉੱਤੇ ਵੀ ਧਰਮ ਨਿਭਾਉਣ ਨੂੰ ਲੈ ਕੇ ਸੰਕਟ ਬਣਿਆ ਹੁੰਦਾ ਤਾਂ ਗੁਰੂ ਸਾਹਿਬ ਦਾ ਉਸ ਪ੍ਰਤੀ ਵੀ ਇਹੀ ਨਿਰਣਾ ਹੋਣਾ ਸੀ। ਉਨ੍ਹਾਂ ਸਿੱਖ ਸੰਗਤ ਨੂੰ ਪ੍ਰੇਰਨਾ ਦਿੱਤੀ ਕਿ ਬੇਸ਼ੱਕ ਸਾਡੇ ਉੱਤੇ ਕਿੰਨੀਆਂ ਵੀ ਔਕੜਾਂ ਆ ਜਾਣ ਸਾਡਾ ਮੁੱਖ ਹਮੇਸ਼ਾ ਗੁਰੂ ਵੱਲ ਰਹਿਣਾ ਚਾਹੀਦਾ ਹੈ। ਉਨ੍ਹਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜਸਿ ਦੀ ਦ੍ਰਿੜ੍ਹਤਾ ਤੋਂ ਸੇਧ ਲੈਣ ਦੀ ਗੱਲ ਵੀ ਆਖੀ। ਉਨ੍ਹਾਂ ਧਾਰਮਿਕ ਆਜ਼ਾਦੀ ਦੇ ਪ੍ਰਸੰਗ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਵੀ ਕੌਮੀ ਭਾਵਨਾ ਪ੍ਰਗਟਾਈ।
ਇਸੇ ਦੌਰਾਨ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96ਵੇਂ ਕਰੋੜੀ ਨੇ ਸ਼ਤਾਬਦੀ ਦਿਹਾੜੇ ਕੌਮੀ ਇਕਜੁਟਤਾ ਨਾਲ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਸਮੁੱਚੀ ਕੌਮ ਵਲੋਂ ਸਾਂਝੇ ਤੌਰ ਤੇ ਮਨਾਏ ਸ਼ਤਾਬਦੀ ਦਿਹਾੜੇ ਦੇਸ਼ ਦੁਨੀਆ ਵਿੱਚ ਵੱਡਾ ਪ੍ਰਭਾਵ ਦੇਣਗੇ। ਸ਼੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸ. ਬਲਵਿੰਦਰ ਸਿੰਘ ਭੂੰਦੜ ਨੇ ਆਪਣੇ ਸੰਬੋਧਨ ਵਿੱਚ ਕੁਰਬਾਨੀਆਂ ਭਰੇ ਇਤਿਹਾਸ ਦੀ ਅਮੀਰੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਇਨ੍ਹਾਂ ਇਤਿਹਾਸਕ ਦਿਹਾੜਿਆਂ ਮੌਕੇ ਨੌਜਵਾਨੀ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਯਤਨ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਕੌਮ ਦੀ ਸ਼ਕਤੀ ਨੂੰ ਕੰਮਜੋਰ ਕਰਨ ਲਈ ਹਮਲੇ ਹੋ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਸਮਾਗਮ ਦੌਰਾਨ ਪ੍ਰਮੁੱਖ ਸਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ, ਸੀਨੀਅਰ ਅਕਾਲੀ ਆਗੂ ਸ. ਬਲਵਿੰਦਰ ਸਿੰਘ ਭੂੰਦੜ, ਸ. ਦਰਬਾਰਾ ਸਿੰਘ ਗੁਰੂ, ਸ. ਤੇਜਿੰਦਰ ਸਿੰਘ ਮਿੱਡੂਖੇੜਾ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਮੈਂਬਰ ਸ. ਸੁਰਜੀਤ ਸਿੰਘ ਗੜ੍ਹੀ, ਸ. ਰਵਿੰਦਰ ਸਿੰਘ ਖਾਲਸਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸ. ਸੁਰਜੀਤ ਸਿੰਘ ਭਿੱਟੇਵੱਡ, ਸ. ਗੁਰਮੀਤ ਸਿੰਘ ਬੂਹ, ਸ. ਜਸਮੇਰ ਸਿੰਘ ਲਾਛੜੂ, ਸ. ਹਰਪਾਲ ਸਿੰਘ ਜੱਲਾ, ਭਾਈ ਅਜਾਇਬ ਸਿੰਘ ਅਭਿਆਸੀ, ਸ. ਸੁਖਵਰਸ ਸਿੰਘ ਪੰਨੂ, ਜਥੇਦਾਰ ਰਘਬੀਰ ਸਿੰਘ ਸਹਾਰਨਮਾਜਰਾ, ਬੀਬੀ ਕੁਲਦੀਪ ਕੌਰ ਟੌਹੜਾ, ਸ. ਸਤਵਿੰਦਰ ਸਿੰਘ ਟੌਹੜਾ, ਸ. ਸੁਖਦੇਵ ਸਿੰਘ, ਸ. ਜਰਨੈਲ ਸਿੰਘ ਕਰਤਾਰਪੁਰ, ਸ. ਗੁਰਪ੍ਰੀਤ ਸਿੰਘ ਰਾਜੂ ਖੰਨਾ, ਸ. ਇੰਦਰਮੋਹਨ ਸਿੰਘ ਬਜਾਜ, ਸਾਬਕਾ ਮੈਂਬਰ ਪਾਰਲੀਮੈਂਟ ਮਹਾਰਾਣੀ ਪ੍ਰਨੀਤ ਕੌਰ, ਸ. ਅੰਮ੍ਰਿਤਪਾਲ ਸਿੰਘ ਕੁਲਾਰ, ਸਕੱਤਰ ਸ. ਪ੍ਰਤਾਪ ਸਿੰਘ, ਇੰਜੀ ਸੁਖਮਿੰਦਰ ਸਿੰਘ, ਮੈਨੇਜਰ ਸ. ਭਗਵੰਤ ਸਿੰਘ ਧੰਗੇੜਾ, ਮੀਤ ਸਕੱਤਰ ਪ੍ਰੋ. ਸੁਖਦੇਵ ਸਿੰਘ, ਸ. ਹਰਭਜਨ ਸਿੰਘ ਵਕਤਾ, ਸਾਬਕਾ ਸਕੱਤਰ ਸ. ਪਰਮਜੀਤ ਸਿੰਘ ਸਰੋਆ, ਹੈੱਡ ਗ੍ਰੰਥੀ ਗਿਆਨੀ ਪ੍ਰਣਾਮ ਸਿੰਘ, ਗਿਆਨੀ ਪ੍ਰਿਤਪਾਲ ਸਿੰਘ, ਗਿਆਨੀ ਫੂਲਾ ਸਿੰਘ, ਮੈਨੇਜਰ ਸ. ਭਾਗ ਸਿੰਘ, ਬਾਬਾ ਮਨਮੋਹਨ ਸਿੰਘ ਬਾਰਨਵਾਲੇ, ਬਾਬਾ ਭੁਪਿੰਦਰ ਸਿੰਘ ਪਟਿਆਲਾ, ਗਿਆਨੀ ਸ਼ੇਰ ਸਿੰਘ, ਬਾਬਾ ਨਛੱਤਰ ਸਿੰਘ ਕੱਲਰਭੈਣੀ, ਸ. ਤਲਵਿੰਦਰ ਸਿੰਘ ਬੁੱਟਰ, ਬਾਬਾ ਕਰਮਵੀਰ ਸਿੰਘ ਬੇਦੀ, ਬਾਬਾ ਦਵਿੰਦਰ ਸਿੰਘ ਸਰਾਨਾ, ਬਾਬਾ ਸਰਬਜੀਤ ਸਿੰਘ ਭੱਲਾ, ਬਾਬਾ ਅਰਜਨ ਸਿੰਘ ਆਲਮਪੁਰ, ਸ. ਜਗਜੀਤ ਸਿੰਘ ਦਰਦੀ, ਡਾ ਧਰਮਿੰਦਰ ਸਿੰਘ ਉੱਭਾ, ਇੰਚਾਰਜ ਸ. ਬਲਦੇਵ ਸਿੰਘ, ਸ.ਅਮਰਿੰਦਰ ਸਿੰਘ ਬਜਾਜ, ਸ. ਜਸਪਾਲ ਸਿੰਘ ਬਿੱਟੂ ਚੱਠਾ, ਸ.ਸੁਰਜੀਤ ਸਿੰਘ ਬਘੌਰਾ, ਸ. ਕ੍ਰਿਸ਼ਨ ਸਿੰਘ ਸਨੋਰ, ਬੀਬੀ ਹਰਪ੍ਰੀਤ ਕੋਰ ਮੁਖਮੈਲਪੁਰ, ਬੰਦੀ ਸਿੰਘ ਭਾਈ ਨੰਦ ਸਿੰਘ, ਸ. ਸੁਰਜੀਤ ਸਿੰਘ ਰੱਖੜਾ, ਸ. ਹਰਿੰਦਰਪਾਲ ਸਿੰਘ ਚੰਦੂਮਾਜਰਾ, ਸ. ਅਮਿਤ ਸਿੰਘ ਰਾਠੀ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।