ਸੋਲਰ ਪਲਾਂਟ ਸਮੇਤ ਇੱਕ ਨਵਾਂ ਗ੍ਰੀਨਫੀਲਡ ਸਟੀਲ ਪਲਾਂਟ ਕੀਤਾ ਜਾ ਰਿਹਾ ਹੈ ਸਥਾਪਤ: ਸੰਜੀਵ ਅਰੋੜਾ
- ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਤੋਂ ਸਚਿਤ ਜੈਨ, ਜਾਪਾਨ ਦੇ ਆਈਚੀ ਸਟੀਲ ਕਾਰਪੋਰੇਸ਼ਨ (ਏ.ਐਸ.ਸੀ.) ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲ੍ਹੇ ਵਿੱਚ ਸਥਾਪਤ ਕਰਨਗੇ ਇਹ ਪਲਾਂਟ
- 1500 ਤੋਂ ਵੱਧ ਲੋਕਾਂ ਲਈ ਸਿੱਧੇ ਰੁਜ਼ਗਾਰ ਦੇ ਨਾਲ-ਨਾਲ ਐਮ.ਐਸ.ਐਮ.ਈ. ਲਈ ਕਾਰੋਬਾਰ ਦੇ ਅਸਿੱਧੇ ਮੌਕੇ ਹੋਣਗੇ ਪੈਦਾ
- ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਇੱਕ ਮੀਲ ਪੱਥਰ ਵਜੋਂ ਕਰੇਗਾ ਕੰਮ
ਚੰਡੀਗੜ੍ਹ, 28 ਅਗਸਤ 2025 - ਪੰਜਾਬ ਨੂੰ ਪ੍ਰਮੁੱਖ ਉਦਯੋਗਿਕ ਹੱਬ ਬਣਾਉਣ ਅਤੇ ਕਾਰੋਬਾਰ ਕਰਨ ਵਿੱਚ ਆਸਾਨੀ ਪ੍ਰਦਾਨ ਕਰਨ ਦੇ ਉਦੇਸ਼ ਨਾਲ, ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੱਜ ਦੱਸਿਆ ਕਿ ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਵੱਲੋਂ ਜਾਪਾਨ ਦੇ ਆਈਚੀ ਸਟੀਲ ਕਾਰਪੋਰੇਸ਼ਨ (ਏ.ਐਸ.ਸੀ.) ਦੇ ਸਾਂਝੇ ਉੱਦਮ ਨਾਲ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਇੱਕ ਨਵਾਂ ਗ੍ਰੀਨਫੀਲਡ ਸਪੈਸ਼ਲ ਐਂਡ ਅਲਾਏ ਸਟੀਲ ਪਲਾਂਟ ਸਥਾਪਤ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਸੂਬੇ ਵਿੱਚ ਟਿਕਾਊ, ਤਕਨੀਕੀ ਤੌਰ 'ਤੇ ਉੱਨਤ ਅਤੇ ਵਿਸ਼ਵ ਪੱਧਰ 'ਤੇ ਮੁਕਾਬਲਾ ਕਰਨ ਵਾਲੀ ਸਟੀਲ ਨਿਰਮਾਣ ਸਹੂਲਤ ਸਥਾਪਤ ਕਰਨ ਪ੍ਰਤੀ ਸਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਪ੍ਰੋਜੈਕਟ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ, ਸ੍ਰੀ ਸੰਜੀਵ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦੀ ਕੁੱਲ ਲਾਗਤ 2500 ਕਰੋੜ ਰੁਪਏ ਹੈ। ਅਲਾਏ ਅਤੇ ਸਪੈਸ਼ਲ ਸਟੀਲ ਦੀ 5 ਲੱਖ ਟਨ ਪ੍ਰਤੀ ਸਾਲ (ਟੀ.ਪੀ.ਏ.) ਦੀ ਸਥਾਪਿਤ ਸਮਰੱਥਾ ਨਾਲ ਹੀ ਪਲਾਂਟ ਸਟੀਲ ਸਬੰਧੀ ਘਰੇਲੂ ਅਤੇ ਵਿਸ਼ਵਵਿਆਪੀ ਆਟੋਮੋਟਿਵ ਜ਼ਰੂਰਤਾਂ ਨੂੰ ਪੂਰਾ ਕਰੇਗੀ। ਇਹ ਪਲਾਂਟ ਇਲੈਕਟ੍ਰਿਕ ਆਰਕ ਫਰਨੇਸ (ਈ.ਏ.ਐਫ) ਰੂਟ ਰਾਹੀਂ ਉਤਪਾਦਨ ਊਰਜਾ ਕੁਸ਼ਲਤਾ, ਕਾਰਬਨ ਨਿਕਾਸ ਨੂੰ ਘਟਾਉਣ ਅਤੇ ਸੁੱਧ ਸਟੀਲ ਉਤਪਾਦਨ ਨੂੰ ਯਕੀਨੀ ਬਣਾਏਗਾ।
ਉਨ੍ਹਾਂ ਅੱਗੇ ਦੱਸਿਆ ਕਿ 500 ਕਰੋੜ ਰੁਪਏ ਦੀ ਲਾਗਤ ਨਾਲ ਸੂਰਜੀ ਊਰਜਾ ਪਲਾਂਟ ਵੀ ਸਥਾਪਤ ਕੀਤਾ ਜਾਵੇਗਾ। ਇਹ ਪਲਾਂਟ ਸਾਡੇ ਸਹਿਯੋਗੀ ਭਾਈਵਾਲ ਦੇ ਸਹਿਯੋਗ ਨਾਲ ਪਲਾਂਟ ਦੇ ਸੰਚਾਲਨ ਲਈ ਨਵਿਆਉਣਯੋਗ ਊਰਜਾ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਸਥਾਪਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ 500 ਕਰੋੜ ਰੁਪਏ ਦਾ ਇਹ ਨਿਵੇਸ਼ ਅਨੁਮਾਨਿਤ 2000 ਕਰੋੜ ਰੁਪਏ ਦੀ ਲਾਗਤ ਵਾਲੇ ਗਰੀਨਫੀਲਡ ਪਲਾਂਟ ਤੋਂ ਵੱਖਰਾ ਹੈ।
ਜ਼ਿਕਰਯੋਗ ਹੈ ਕਿ ਇਹ ਪ੍ਰੋਜੈਕਟ ਪੰਜਾਬ ਵਿੱਚ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ 1500 ਤੋਂ ਵੱਧ ਲੋਕਾਂ ਨੂੰ ਸਿੱਧੇ ਤੌਰ ‘ਤੇ ਰੁਜ਼ਗਾਰ ਮਿਲੇਗਾ ਜਦਕਿ ਪੰਜਾਬ ਭਰ ਦੇ ਐਮ.ਐਸ.ਐਮ.ਈ., ਸਪਲਾਇਰਾਂ ਅਤੇ ਸੇਵਾ ਪ੍ਰਦਾਤਾਵਾਂ ਨੂੰ ਅਸਿੱਧੇ ‘ਤੇ ਰੁਜ਼ਗਾਰ ਅਤੇ ਕਾਰੋਬਾਰ ਦੇ ਮੌਕੇ ਮਿਲਣਗੇ।
ਸੰਜੀਵ ਅਰੋੜਾ ਨੇ ਆਸ ਪ੍ਰਗਟਾਈ ਕਿ ਇਹ ਪ੍ਰੋਜੈਕਟ ਪੰਜਾਬ ਦੇ ਉਦਯੋਗਿਕ ਵਿਕਾਸ ਵਿੱਚ ਇੱਕ ਮੀਲ ਪੱਥਰ ਵਜੋਂ ਕੰਮ ਕਰੇਗਾ, ਜੋ ਉੱਨਤ ਅਤੇ ਟਿਕਾਊ ਸਟੀਲ ਨਿਰਮਾਣ ਵਿੱਚ ਪੰਜਾਬ ਦੀ ਮੋਹਰੀ ਭੂਮਿਕਾ ਨੂੰ ਮਜ਼ਬੂਤ ਕਰੇਗਾ। ਉਨ੍ਹਾਂ ਨੇ ਇਸ ਪਹਿਲਕਦਮੀ ਤਹਿਤ ਪੰਜਾਬ ਦੀ ਆਰਥਿਕਤਾ ਅਤੇ ਉਦਯੋਗ ਨੂੰ ਹੁਲਾਰਾ ਦੇਣ ਲਈ ਉੱਦਮੀਆਂ ਦੇ ਸਹਿਯੋਗ ਅਤੇ ਮਾਰਗਦਰਸ਼ਨ ਦੀ ਵੀ ਮੰਗ ਕੀਤੀ।
ਹੋਰ ਵੇਰਵੇ ਸਾਂਝੇ ਕਰਦਿਆਂ, ਵੀ.ਐਸ.ਐਸ.ਐਲ. ਦੇ ਵਾਈਸ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਸਚਿਤ ਜੈਨ ਨੇ ਕਿਹਾ ਕਿ ਊਰਜਾ ਕੁਸ਼ਲ ਤਕਨਾਲੋਜੀਆਂ ਦੀ ਵਰਤੋਂ ਕਰਦਿਆਂ ਸਟੀਲ ਸਕ੍ਰੈਪ ਨੂੰ ਪਿਘਲਾ ਕੇ ਅਤੇ ਨਵਿਆਉਣਯੋਗ ਊਰਜਾ ਦੀ ਵਰਤੋਂ ਕਰਕੇ ਗਰੀਨ ਸਟੀਲ ਦਾ ਉਤਪਾਦਨ ਕਰਨ 'ਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ ਜੋ ਵਿਸ਼ਵਵਿਆਪੀ ਟਿਕਾਊ ਅਭਿਆਸਾਂ ਅਤੇ ਭਾਰਤ ਦੇ ਸ਼ੁੱਧ ਜ਼ੀਰੋ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਇਸ ਨਾਲ ਜੈਵਿਕ ਬਾਲਣ 'ਤੇ ਨਿਰਭਰਤਾ ਘਟਾਏਗੀ ਅਤੇ ਕਾਰਬਨ ਦੇ ਨਿਕਾਸ ਨੂੰ ਘੱਟ ਕੀਤਾ ਜਾ ਸਕੇਗਾ।
ਸਚਿਤ ਜੈਨ ਨੇ ਕਿਹਾ ਕਿ ਇਹ ਸਾਂਝੇ ਉੱਦਮ ਅਤੇ ਤਕਨਾਲੋਜੀ ਦੇ ਅਦਾਨ-ਪ੍ਰਦਾਨ ਵਾਲਾ ਪ੍ਰੋਜੈਕਟ ਹੈ। ਇਹ ਪਲਾਂਟ ਆਟੋਮੋਟਿਵ ਐਪਲੀਕੇਸ਼ਨਾਂ ਲਈ ਵਿਸ਼ੇਸ਼ ਸਟੀਲ ਵਿੱਚ ਵਿਸ਼ਵ ਪੱਧਰ ‘ਤੇ ਮੋਹਰੀ ਆਈਚੀ ਸਟੀਲ ਕਾਰਪੋਰੇਸ਼ਨ, ਜਾਪਾਨ ਦੇ ਸਹਿਯੋਗ ਨਾਲ ਸਥਾਪਤ ਕੀਤਾ ਜਾਵੇਗਾ। ਏ.ਐਸ.ਸੀ. ਵੱਲੋਂ ਨਿਰੰਤਰ ਸਹਾਇਤਾ ਅਤੇ ਤਕਨੀਕੀ ਮੁਹਾਰਤ ਪ੍ਰਦਾਨ ਕੀਤੀ ਜਾਵੇਗੀ ਜੋ ਵਿਸ਼ਵ ਪੱਧਰੀ ਸੁੱਧ ਸਟੀਲ ਦੇ ਉਤਪਾਦਨ ਵਿੱਚ ਮਦਦ ਕਰੇਗਾ। ਇਹ ਪਲਾਂਟ ਟੋਇਟਾ ਵੇਅ ਲੇਆਉਟ 'ਤੇ ਵਿਕਸਤ ਕੀਤਾ ਜਾਵੇਗਾ ਜੋ ਕਿ ਕਾਰਜਸ਼ੀਲ ਉੱਤਮਤਾ, ਸੁਰੱਖਿਆ, ਕੁਸ਼ਲਤਾ ਅਤੇ ਵਿਸ਼ਵ ਪੱਧਰੀ ਪਲਾਂਟ ਲੇਆਉਟ ਨੂੰ ਯਕੀਨੀ ਬਣਾਉਂਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਪ੍ਰੋਜੈਕਟ ਵਿੱਚ ਅਤਿ-ਆਧੁਨਿਕ ਤਕਨਾਲੋਜੀ ਦੀ ਵਰਤੋਂ ਕੀਤੀ ਜਾਵੇਗੀ। ਇਹ ਪ੍ਰੋਜੈਕਟ ਵਾਤਾਵਰਣ ਦੇ ਪ੍ਰਭਾਵ ਨੂੰ ਘੱਟ ਕਰਦਿਆਂ ਮੁਕਾਬਲੇਬਾਜ਼ੀ ਨੂੰ ਵਧਾਉਣ ਲਈ ਨਵੀਨਤਮ ਊਰਜਾ-ਕੁਸ਼ਲ ਅਤੇ ਉਤਪਾਦਕ ਤਕਨਾਲੋਜੀਆਂ ਦੀ ਵਰਤੋਂ ਕਰੇਗਾ। ਇਹ ਸਹੂਲਤ ਸਖ਼ਤ ਗਲੋਬਲ ਓ.ਈ.ਐਮ. ਮਾਪਦੰਡਾਂ ‘ਤੇ ਖਰੀ ਉਤਰੇਗੀ, ਜਿਸ ਨਾਲ ਪੰਜਾਬ ਵਿਸ਼ੇਸ਼ ਸਟੀਲ ਨਿਰਯਾਤ ਲਈ ਇੱਕ ਹੱਬ ਵਜੋਂ ਉੱਭਰੇਗਾ ਜਿਸ ਨਾਲ ਨਿਰਯਾਤ ਮੁਕਾਬਲੇਬਾਜ਼ੀ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਇਹ ਪ੍ਰੋਜੈਕਟ ਸਹਾਇਕ ਉਦਯੋਗਾਂ, ਫੋਰਜਿੰਗ ਯੂਨਿਟਾਂ, ਲੌਜਿਸਟਿਕਸ, ਸੇਵਾ ਖੇਤਰਾਂ ਲਈ ਵੀ ਲਾਹੇਵੰਦ ਹੋਵੇਗਾ ਅਤੇ ਉਦਯੋਗਿਕ ਈਕੋਸਿਸਟਮ ਨੂੰ ਹੁਲਾਰਾ ਦੇਵੇਗਾ।
ਇਸ ਪ੍ਰੈਸ ਕਾਨਫਰੰਸ ਦੌਰਾਨ ਉਦਯੋਗ ਅਤੇ ਵਣਜ ਵਿਭਾਗ ਦੇ ਸਕੱਤਰ ਕਮਲ ਕਿਸ਼ੋਰ ਯਾਦਵ ਵੀ ਮੌਜੂਦ ਸਨ।