ਸੁਖਬੀਰ ਸਿੰਘ ਬਾਦਲ ਨੇ ਚੋਣ ਕਮਿਸ਼ਨ ਤੋਂ ਕੀਤੀ ਵੱਡੀ ਮੰਗ
ਕਿਹਾ ਕਿ ਹਿੰਸਾ ਭੜਕਾਉਣ ਲਈ ਸਿਸੋਦੀਆ ਖਿਲਾਫ ਐਫ ਆਈ ਆਰ ਦਰਜ ਕੀਤੀ ਜਾਵੇ, ਉਹਨਾਂ ਦੀ ਜ਼ਮਾਨਤ ਰੱਦ ਕੀਤੀ ਜਾਵੇ ਤੇ ਭਵਿੱਖ ਵਿਚ ਉਹਨਾਂ ਨੂੰ ਚੋਣਾਂ ਲੜਨ ਤੋਂ ਅਯੋਗ ਕਰਾਰ ਦਿੱਤਾ ਜਾਵੇ
ਚੰਡੀਗੜ੍ਹ, 17 ਅਗਸਤ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਆਮ ਆਦਮੀ ਪਾਰਟੀ (ਆਪ) ਦੀ ਮਾਨਤਾ ਰੱਦ ਕੀਤੀ ਜਾਵੇ ਕਿਉਂਕਿ ਪਾਰਟੀ ਪੰਜਾਬ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਭ੍ਰਿਸ਼ਟ, ਗੈਰ ਸੰਵਿਧਾਨਕ ਤੇ ਗੈਰ ਕਾਨੂੰਨੀ ਤਰੀਕੇ ਨਾਲ ਲੜ ਕੇ ਸੂਬੇ ਵਿਚ ਸ਼ਾਂਤੀ ਭੰਗ ਕਰਨਾ ਚਾਹੁੰਦੀ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਮੁੱਖ ਚੋਣ ਕਮਿਸ਼ਨਰ ਨੂੰ ਲਿਖੇ ਪੱਤਰ ਵਿਚ ਕਿਹਾ ਕਿ ਹਾਲ ਹੀ ਵਿਚ ਹੋਈ ਪਾਰਟੀ ਮੀਟਿੰਗ ਜਿਸ ਵਿਚ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਵੀ ਹਾਜ਼ਰ ਸਨ, ਵਿਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਸਿਸੋਦੀਆ ਮਨੀਸ਼ ਸਿਸੋਦੀਆ ਨੇ ਆਪ ਕੇਡਰ ਨੂੰ ਭ੍ਰਿਸ਼ਟ ਤੇ ਹਿੰਸਕ ਤਰੀਕੇ ਵਰਤਣ ਲਈ ਉਕਸਾਇਆ।ਉਹਨਾਂ ਕਿਹਾ ਕਿ ਸਿਸੋਦੀਆ ਨੇ ਇਸ ਮੌਕੇ ਦਿੱਤੇ ਭਾਸ਼ਣ ਵਿਚ ਆਪ ਕੇਡਰ ਨੂੰ ਭੜਕਾਇਆ ਕਿ ਉਹ ਪੰਜਾਬ ਵਿਚ ਚੋਣਾਂ ਜਿੱਤਣ ਵਾਸਤੇ ਝੂਠ ਬੋਲਣ, ਝੂਠੇ ਵਾਅਦੇ ਕਰਨ, ਗੈਰ ਕਾਨੂੰਨੀ ਤਰੀਕੇ ਨਾਲ ਵੋਟਰਾਂ ਨੂੰ ਭਰਮਾਉਣ ਅਤੇ ਹਿੰਸਾ ਵੀ ਵਰਤਣ।
ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਅਜਿਹੇ ਭਾਸ਼ਣ ਲਈ ਤੁਰੰਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸਿਸੋਦੀਆ ਇਸ ਵੇਲੇ ਇਕ ਭ੍ਰਿਸ਼ਟਾਚਾਰ ਕੇਸ ਵਿਚ ਸ਼ਾਮਲ ਹਨ ਅਤੇ ਮੁਕੱਦਮੇ ਦਾ ਸਾਹਮਣਾ ਕਰ ਰਹੇ ਹਨ ਅਤੇ ਇਸ ਵੇਲੇ ਜ਼ਮਾਨਤ ’ਤੇ ਬਾਹਰ ਹਨ। ਉਹਨਾਂ ਕਿਹਾ ਕਿ ਉਹ ਨਿਮਰਤਾ ਸਹਿਤ ਬੇਨਤੀ ਕਰਦੇ ਹਨ ਕਿ ਸਬੰਧਤ ਅਦਾਲਤ ਨੂੰ ਉਹਨਾਂ ਦੀ ਜ਼ਮਾਨਤ ਰੱਦ ਕਰਨ ਦੀ ਸਿਫਾਰਸ਼ ਕੀਤੀ ਜਾਵੇ ਕਿਉਂਕਿ ਅਜਿਹਾ ਜਾਪਦਾ ਹੈ ਕਿ ਜ਼ਮਾਨਤ ਦੀ ਵਰਤੋਂ ਭ੍ਰਿਸ਼ਟ ਗਤੀਵਿਧੀਆਂ ਕਰਨ ਤੇ ਵੋਟਰਾਂ ਨੂੰ ਰਿਸ਼ਵਤ ਦੇਣ ਵਾਸਤੇ ਕੀਤੀ ਜਾ ਰਹੀ ਹੈ।
ਉਹਨਾਂ ਕਿਹਾ ਕਿ ਇਹਨਾਂ ਕਾਰਵਾਈਆਂ ਲਈ ਲੋਕ ਪ੍ਰਤੀਨਿਧ ਐਕਟ 1951 ਦੀ ਧਾਰਾ 123 (1) ਆਰ ਪੀ ਏ, 1951 (ਰਿਸ਼ਵਤਖੋਰੀ), ਧਾਰਾ 123 (2) ਆਰ ਪੀ ਏ, 1951 (ਬੇਲੋੜੇ ਤਰੀਕੇ ਨਾਲ ਪ੍ਰਭਾਵਤ ਕਰਨਾ) ਅਤੇ ਧਾਰਾ 123 (3 ਏ) ਆਰ ਪੀ ਏ 1951 (ਵੈਰ ਭਾਵਨਾ ਉਕਸਾਉਣ) ਤਹਿਤ ਕਾਰਵਾਈ ਕਰਨੀ ਬਣਦੀ ਹੈ।
ਸਰਦਾਰ ਬਾਦਲ ਨੇ ਕਿਹਾ ਕਿ ਅਜਿਹੇ ਰਵੱਈਏ ਨੂੰ ਭ੍ਰਿਸ਼ਟ ਗਤੀਵਿਧੀਆਂ ਵਿਚ ਲੱਗਣਾ ਵੀ ਮੰਨਿਆ ਜਾਣਾ ਚਾਹੀਦਾ ਹੈ ਜਿਸ ਤਹਿਤ ਧਾਰਾ 8 ਆਰ ਪੀ ਏ 1951 ਤਹਿਤ ਉਹਨਾਂ ਨੂੰ ਚੋਣਾਂ ਲੜਨ ਤੋ਼ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਵਾਸਤੇ ਧਾਰਾ 123 (1), 123 (2) ਅਤੇ 123 (3 ਏ)ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਤਹਿਤ ਛੇ ਮਹੀਨੇ ਜਾਂ ਜ਼ਿਆਦਾ ਸਮੇਂ ਦੀ ਪਾਬੰਦੀ ਸ਼ਾਮਲ ਹੈ।
ਉਹਨਾਂ ਕਿਹਾ ਕਿ ਇਹ ਰਵੱਈਆ ਚੋਣ ਕਮਿਸ਼ਨ ਵੱਲੋਂ ਸੰਵਿਧਾਨ ਦੀ ਧਾਰਾ 324 ਤਹਿਤ ਸਿਆਸੀ ਪਾਰਟੀਆਂ ਦੀ ਰਜਿਸਟਰੇਸ਼ਨ ਵਾਸਤੇ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਵੀ ਉਲੰਘਣਾ ਹੈ ਕਿਉਂਕਿ ਨਿਯਮ ਕਹਿੰਦੇ ਹਨ ਕਿ ਪਾਰਟੀ ਕਿਸੇ ਵੀ ਤਰੀਕੇ ਹਿੰਸਾ ਨੂੰ ਭੜਕਾ ਨਹੀਂ ਸਕਦੀ, ਹਿੰਸਾ ਵਿਚ ਸ਼ਾਮਲ ਨਹੀਂ ਹੋ ਸਕਦੀ।
ਅਕਾਲੀ ਦਲ ਦੇ ਪ੍ਰਧਾਨ ਨੇ ਇਹ ਵੀ ਕਿਹਾ ਕਿ ਪੰਜਾਬ ਨੇ ਇਕ ਦਹਾਕੇ ਤੱਕ ਅਤਿਵਾਦ ਦਾ ਸੰਤਾਪ ਹੰਢਾਇਆ ਜਿਸ ਵਿਚੋਂ ਉਹ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੇ ਆਗੂਆਂ ਵੱਲੋਂ ਕੀਤੇ ਯਤਨਾਂ ਨਾਲ ਉਭਰਿਆ ਹੈ ਕਿਉਂਕਿ ਇਹਨਾਂ ਆਗੂਆਂ ਨੇ ਲੋਕਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਉਤਸ਼ਾਹਿਤ ਕੀਤਾ।
ਉਹਨਾਂ ਕਿਹਾ ਕਿ ਮਨੀਸ਼ ਸਿਸੋਦੀਆ ਵਰਗੇ ਬਾਹਰੀ ਤੱਤ ਹੁਣ ਸੂਬੇ ਨੂੰ ਅਰਾਜਕਤਾ ਤੇ ਫਿਰਕੂ ਕੁੜਤਣ ਵੱਲ ਧੱਕਣਾ ਚਾਹੁੰਦੇ ਹਨ ਜਿਸ ਵਾਸਤੇ ਉਹ ਆਪ ਕੇਡਰ ਨੂੰ ਆਉਂਦੀਆਂ ਚੋਣਾਂ ਵਿਚ ਹਿੰਸਕ ਤਰੀਕੇ ਵਰਤਣ ਵਾਸਤੇ ਭੜਕਾ ਰਹੇ ਹਨ।
ਸਰਦਾਰ ਬਾਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਉਹ ਸ਼ਿਕਾਇਤ ਦਾ ਤੁਰੰਤ ਨੋਟਿਸ ਲੈਣ ਅਤੇ ਸਿਸੋਦੀਆ ਤੇ ਆਮ ਆਦਮੀ ਪਾਰਟੀ ਦੇ ਖਿਲਾਫ ਸਖ਼ਤ ਸਜ਼ਾ ਤੇ ਕਾਨੂੰਨੀ ਕਾਰਵਾਈ ਦੀ ਪ੍ਰਕਿਰਿਆ ਆਰੰਭਣ। ਉਹਨਾਂ ਕਿਹਾ ਕਿ ਸਿਸੋਦੀਆ ਦੇ ਖਿਲਾਫ ਲੋਕ ਪ੍ਰਤੀਨਿਧ ਐਕਟ ਤਹਿਤ ਐਫ ਆਈ ਆਰ ਦਰਜ ਕੀਤੀ ਜਾਵੇ। ਸਰਦਾਰ ਬਾਦਲ ਨੇ ਮੁੱਖ ਚੋਣ ਕਮਿਸ਼ਨਰ ਨੂੰ ਅਪੀਲ ਕੀਤੀ ਕਿ ਸਿਸੋਦੀਆ ਦੇ ਜਨਤਕ ਇਕੱਠਾਂ ਨੂੰ ਸੰਬੋਧਨ ਕਰਨ ਜਾਂ ਸਿਆਸੀ ਭਾਸ਼ਣ ਦੇਣ ’ਤੇ ਪਾਬੰਦੀ ਲਗਾਈ ਜਾਵੇ ਕਿਉਂਕਿ ਉਹਨਾਂ ਦੀਆਂ ਕਾਰਵਾਈਆਂ ਚੋਣਾਂ ਦੀ ਪਵਿੱਤਰਤਾ, ਸਮਾਜਿਕ ਏਕਤਾ ਤੇ ਲੋਕਤੰਤਰੀ ਪ੍ਰਕਿਰਿਆ ਲਈ ਗੰਭੀਰ ਖ਼ਤਰਾ ਹੈ।