ਸੀ.ਐਮ. ਦੀ ਯੋਗਸ਼ਾਲਾ: ਜ਼ਿਲ੍ਹਾ ਮਾਨਸਾ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ ਯੋਗ ਕਲਾਸਾਂ
ਅਸ਼ੋਕ ਵਰਮਾ
ਮਾਨਸਾ, 20 ਜਨਵਰੀ 2026:ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਜ਼ਿਲ੍ਹਾ ਮਾਨਸਾ ਦੇ ਸੈਂਕੜੇ ਵਾਸੀ ਲਾਹਾ ਲੈ ਰਹੇ ਹਨ। ਇਹ ਕਲਾਸਾਂ ਜ਼ਿਲ੍ਹਾ ਵਾਸੀਆਂ ਲਈ ਵਰਦਾਨ ਸਾਬਿਤ ਹੋ ਰਹੀਆਂ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ ਆਈ.ਏ.ਐੱਸ. ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲਗਾਈਆਂ ਜਾ ਰਹੀਆਂ 196 ਯੋਗ ਕਲਾਸਾਂ ਦਾ 6070 ਵਾਸੀ ਲਾਹਾ ਲੈ ਰਹੇ ਹਨ, ਜਿਸ ਵਿਚ 21 ਟਰੇਨਰਾਂ ਦੁਆਰਾ ਯੋਗ ਸਿਖਲਾਈ ਦਿੱਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬੱਚਿਆਂ, ਨੌਜਵਾਨਾਂ, ਬਜ਼ੁਰਗਾਂ, ਔਰਤਾਂ ਸਮੇਤ ਹਰ ਉਮਰ ਦੇ ਲੋਕਾਂ ਨੂੰ ਸਿਹਤਮੰਤ ਰੱਖਣ ਲਈ ਸੀ.ਐਮ. ਦੀ ਯੋਗਸ਼ਾਲਾ ਮੁਹਿੰਮ ਚਲਾਈ ਗਈ ਹੈ, ਜਿਸ ਦਾ ਹਰੇਕ ਨਾਗਰਿਕ ਨੂੰ ਲਾਹਾ ਲੈਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਯੋਗ ਅਭਿਆਸ ਸਰੀਰਕ ਅਤੇ ਮਾਨਸਿਕ ਸਿਹਤਯਾਬੀ ਲਈ ਬੇਹੱਦ ਲਾਹੇਵੰਦ ਹੈ। ਓਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿਚ ਸ਼ਾਮ ਅਤੇ ਸਵੇਰੇ ਦੀਆਂ ਯੋਗ ਕਲਾਸਾਂ ਲਾਈਆਂ ਜਾ ਰਹੀਆਂ ਹਨ।
ਸੀ.ਐਮ. ਯੋਗਸ਼ਾਲਾ ਦੇ ਮਾਨਸਾ ਜ਼ਿਲ੍ਹੇ ਦੇ ਕੋਆਰਡੀਨੇਟਰ ਰਮਨਦੀਪ ਕੌਰ ਨੇ ਦੱਸਿਆ ਕਿ ਯੋਗ ਕਲਾਸਾਂ ਵਿੱਚ ਧਿਆਨ, ਯੋਗ ਆਸਣ, ਪ੍ਰਾਣਾਯਾਮ ਆਦਿ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ ਜੋ ਮਰੀਜ਼ਾਂ ਨੂੰ ਤਣਾਅ ਘਟਾਉਣ ਅਤੇ ਸਿਹਤਮੰਦ ਬਣਨ ਵਿੱਚ ਮਦਦ ਕਰਦੀਆਂ ਹਨ।
ਜ਼ਿਲ੍ਹਾ ਕੋਆਰਡੀਨੇਟਰ ਨੇ ਕਿਹਾ ਕਿ ਨਸ਼ਾ ਛੱਡਣ ਦੇ ਚਾਹਵਾਨ ਲੋਕ ਇਸ ਪਹਿਲਕਦਮੀ ਵਿੱਚ ਹਿੱਸਾ ਲੈ ਰਹੇ ਹਨ ਅਤੇ ਮੁੱਖ ਧਾਰਾ ਵੱਲ ਵਧ ਰਹੇ ਹਨ। ਉਨ੍ਹਾਂ ਕਿਹਾ ਕਿ ਸੀ.ਐੱਮ. ਦੀ ਯੋਗਸ਼ਾਲਾ ਤਹਿਤ ਕਿਸੇ ਵੀ ਮੁਹੱਲੇ ਵਿਚ ਸਾਂਝੀ ਥਾਂ 'ਤੇ ਯੋਗ ਕਲਾਸ ਲਗਵਾਈ ਜਾ ਸਕਦੀ ਹੈ ਜਿਸ ਦੇ ਘੱਟੋ ਘੱਟ 25 ਮੈਂਬਰ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਜ਼ਿਲ੍ਹਾ ਵਾਸੀ ਆਪਣੇ ਮੁਹੱਲੇ ਵਿਚ ਯੋਗ ਕਲਾਸ ਲਗਵਾਉਣਾ ਚਾਹੁੰਦਾ ਹੈ ਤਾਂ 25 ਮੈਂਬਰਾਂ ਦਾ ਗਰੁੱਪ ਬਣਾ ਕੇ 78888-40130 'ਤੇ ਸੰਪਰਕ ਕਰ ਸਕਦਾ ਹੈ ਜਾਂ https://cmdiyogshala.punjab.gov.in ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।